ਪਿੰਡ ਜਲਵਾਣਾ, ਮਾਨਕੀ ਅਤੇ ਕੁਠਾਲਾ ਵਿੱਚ ਪਹੁੰਚੀ ਨਸ਼ਾ ਮੁਕਤੀ ਯਾਤਰਾ, ਲੋਕਾਂ ਨੇ ਮੁਹਿੰਮ ਚ ਲਿਆ ਵੱਧ ਚੜ ਕੇ ਹਿੱਸਾ
• ਨੌਜਵਾਨ ਪੀੜ੍ਹੀ ਮਾੜੀਆਂ ਕੁਰੀਤੀਆਂ ਛੱਡ ਖੇਡਾਂ ਵੱਲ ਦੇਵੇ ਧਿਆਨ
ਮਾਲੇਰਕੋਟਲਾ, 29 ਮਈ 2025 - ਨਸ਼ੇ ਦੇ ਖਿਲਾਫ ਜੰਗ ਨੂੰ ਹੋਰ ਜੋਰਦਾਰ ਬਣਾਉਂਦੇ ਹੋਏ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੀ ਅਗਵਾਈ ਵਿੱਚ ਨਸ਼ਾ ਮੁਕਤੀ ਯਾਤਰਾ ਅਧੀਨ ਪਿੰਡ ਜਲਵਾਣਾ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ ਗਿਆ।
ਉਹਨਾਂ ਕਿਹਾ ਕਿ ਇਹ ਯਾਤਰਾ ਸਿਰਫ ਨਸ਼ਿਆਂ ਦੇ ਵਿਰੁੱਧ ਸੂਚਨਾ ਮੁਹਿੰਮ ਨਹੀਂ, ਬਲਿਕ ਇਹ ਇੱਕ ਸਮਾਜਿਕ ਜਿੰਮੇਵਾਰੀ ਹੈ, ਜਿਸਦਾ ਮੂਲ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ ਅਤੇ ਨਸ਼ਾ ਕਰ ਕਰੇ ਵਿਅਕਤੀਆਂ ਨੂੰ ਮੁੜ ਤੋਂ ਸਧਾਰਨ ਜੀਵਨ ਵੱਲ ਵਾਪਸ ਲਿਆਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ ਤਾਂ ਜ਼ੋ ਨਸ਼ੇ ਦੀ ਚੇਨ ਤੋੜੀ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਵੀ ਮਾੜੀਆਂ ਕੁਰੀਤੀਆਂ ਵੱਲ ਜਾਣ ਦੀ ਬਜਾਏ ਖੇਡਾਂ ਵੱਲ ਧਿਆਨ ਦੇਵੇ । ਜਿਸ ਨਾਲ ਉਹ ਆਪਣੀ ਸਿਹਤ ਠੀਕ ਰੱਖਣ ਤੇ ਆਪਣੇ ਭਵਿਖ ਨੂੰ ਉਜਵਲ ਬਣਾ ਸਕੇ ।
ਉਹਨਾਂ ਪਿੰਡਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਵਿਰੁੱਧ ਤਕੜੇ ਹੋ ਕੇ ਲੜਨ ਸਰਕਾਰ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਉਹਨਾਂ ਨਾਲ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਸਰਪੰਚ ਅਤੇ ਵਾਰਡਾਂ ਦੇ ਕੌਂਸਲਰ ਆਪਣੇ ਖੇਤਰਾਂ ਦੇ ਲੋਕਾਂ ਨਾਲ ਮਿਲ ਕੇ ਇਸਨੂੰ ਮਿਸ਼ਨ ਮੋਡ ਵਿੱਚ ਲੈ ਕੇ ਕੰਮ ਕਰਨ। ਉਹਨਾਂ ਡਿਫੈਂਸ ਕਮੇਟੀਆਂ ਨੂੰ ਵੀ ਬਿਨ੍ਹਾਂ ਕਿਸੇ ਡਰ ਤੋਂ ਨਸ਼ਿਆਂ ਖਿਲਾਫ ਆਵਾਜ ਬੁਲੰਦ ਕਰਨ ਲਈ ਪ੍ਰੇਰਿਆ ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨਸ਼ਾ ਮੁਕਤੀ ਲਈ ਗੰਭੀਰ ਹੈ ਅਤੇ ਸਮਾਜਿਕ ਤੰਦਰੁਸਤੀ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜਰੂਰੀ ਹੈ। ਅਸੀਂ ਘਰ ਘਰ ਜਾ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਰਹੇ ਹਾਂ। ਉਹਨਾਂ ਦੀਆਂ ਪਰੇਸ਼ਾਨੀਆਂ ਸੁਣ ਰਹੇ ਹਾਂ ਅਤੇ ਉਹਨਾਂ ਨੂੰ ਮੱਦਦ ਦੇ ਰਾਹ ਵਿਖਾ ਰਹੇ ਹਾਂ। ਜਾਗਰੂਕਤਾ ਮੁਹਿੰਮ ਦੌਰਾਨ ਪਿੰਡਾਂ ਦੇ ਨੌਜਵਾਨਾਂ, ਪੁਰਸ਼ਾਂ ਅਤੇ ਮਹਿਲਾਵਾਂ ਨੇ ਭਰਪੂਰ ਸਹਿਯੋਗ ਦਿੱਤਾ।
ਇਸ ਮੌਕੇ ਵਿਧਾਇਕ ਰਹਿਮਾਨ ਦੀ ਪਤਨੀ ਫਰਿਆਲ ਰਹਿਮਾਨ, ਸਰਪੰਚ ਰਾਜਿੰਦਰ ਕੌਰ ਮਾਣਕੀ, ਸਰਪੰਚ ਕਮਲਜੀਤ ਕੌਰ ਜਲਵਾਣਾ, ਸਤਵਿੰਦਰ ਸਿੰਘ, ਹਰਦੀਪ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ, ਹਰੀਪਾਲ ਸਿੰਘ ਕਸਬਾ ਭੁਰਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।