ਮੀਟ ਮਾਰਕੀਟ ਵਿੱਚੋਂ ਮਾਰਦੀ ਗੰਦੀ ਬੋਅ ਕਾਰਨ ਦੁਕਾਨਦਾਰ ਤੇ ਰਾਹਗੀਰ ਹੋਏ ਤੰਗ
- ਖੁੱਲ੍ਹੇ 'ਚ ਸੁੱਟੀ ਜਾ ਰਹੀ ਹੈ ਜਾਨਵਰਾਂ ਦੀ ਰਹਿੰਦ ਖੂਹੰਦ , ਕਾਰੋਬਾਰ ਪ੍ਰਭਾਵਿਤ
ਮਲਕੀਤ ਸਿੰਘ ਮਲਕਪੁਰ
ਲਾਲੜੂ 13 ਮਈ 2025: ਲਾਲੜੂ ਮੰਡੀ ਵਿੱਚ ਬਣੀ ਮੀਟ ਮਾਰਕੀਟ ਵਿੱਚੋਂ ਮਾਰਦੀ ਗੰਦੀ ਬਦਬੂ ਨੇ ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਹਾਲਾਤ ਇਸ ਕਦਰ ਮਾੜੇ ਹਨ ਕਿ ਨਾ ਤਾਂ ਕੋਈ ਮੀਟ ਮਾਰਕੀਟ ਦੇ ਸਾਹਮਣਿਓਂ ਲੰਘ ਸਕਦਾ ਹੈ ਅਤੇ ਨਾ ਹੀ ਕੋਈ ਗ੍ਰਾਹਕ ਸਾਮਾਨ ਵਗੈਰਾ ਖਰੀਦ ਸਕਦਾ ਹੈ। ਮੀਟ ਮਾਰਕੀਟ ਦੀ ਇਹ ਗੰਦੀ ਬਦਬੂ ਨੇੜਲੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਪੂਰਾ ਪ੍ਰਭਾਵਿਤ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਦੁਕਾਨਦਾਰ ਕਾਮਰੇਡ ਕੌਲ ਸਿੰਘ, ਬਲਜੀਤ ਸਿੰਘ, ਦਰਬਾਰਾ ਸਿੰਘ, ਅਵਤਾਰ ਸਿੰਘ ਅਤੇ ਆਮ ਰਾਹਗੀਰ ਨੰਦ ਕਿਸ਼ੋਰ,ਮਨਦੀਪ ਕੁਮਾਰ, ਹਰੀ ਰਾਮ ਅਤੇ ਸੋਮ ਪ੍ਰਕਾਸ਼ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਮਾਰਕੀਟ ਵਿੱਚੋਂ ਬੇਹਿਸਾਬ ਸੜ੍ਹਾਂਦ ਮਾਰ ਰਹੀ ਹੈ, ਜਿਸ ਦੇ ਚਲਦਿਆਂ ਕੋਈ ਵੀ ਗ੍ਰਾਹਕ ਦੁਕਾਨ ਵਿੱਚ ਬਹੁਤੀ ਦੇਰ ਠਹਿਰ ਹੀ ਨਹੀਂ ਸਕਦਾ।
ਇਸ ਤੋਂ ਇਲਾਵਾ ਰਾਹਗੀਰਾਂ ਨੇ ਦੱਸਿਆ ਕਿ ਬਿਲਕੁਲ ਸੜਕ ਉੱਤੇ ਬਣੀ ਮੀਟ ਮਾਰਕੀਟ ਕਾਰਨ ਰਾਹ ਵਿੱਚੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਕਈ ਵਾਰ ਤਾਂ ਰਾਹਗੀਰਾਂ ਸਾਹਮਣੇ ਜਾਨਵਰਾਂ ਦੀ ਸ਼ਰੇਆਮ ਕੱਟ-ਕਟਾਈ ਹੁੰਦੀ ਰਹਿੰਦੀ ਹੈ, ਜੋ ਜਾਨਵਰਾਂ 'ਤੇ ਜ਼ੁਲਮ ਤੇ ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਤੋਂ ਇਲਾਵਾ ਮੱਖੀਆਂ ਅਤੇ ਮੱਛਰਾਂ ਨੂੰ ਵੀ ਜਨਮ ਦਿੰਦੀ ਹੈ। ਉਕਤ ਦੁਕਾਨਦਾਰਾਂ ਨੇ ਕਿਹਾ ਕਿ ਉਹ ਪਹਿਲਾਂ ਕਈ ਵਾਰੀ ਮੀਟ ਮਾਰਕੀਟ ਵਾਲਿਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਹੋਇਆ ਹੈ।
ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਮਾਰਕੀਟ ਵਾਲੇ ਜਾਨਵਰਾਂ ਦੀ ਬਚੀ ਰਹਿੰਦ-ਖੂਹੰਦ ਨੂੰ ਵੀ ਪਿਛਲੇ ਪਾਸੇ ਖੁੱਲ੍ਹੇ ਵਿੱਚ ਸੁੱਟ ਦਿੰਦੇ ਹਨ, ਜਿਸ ਨੂੰ ਅਵਾਰਾ ਕੁੱਤੇ ਆਦਿ ਖਾ ਕੇ ਖੂੰਖਾਰ ਰੂਪ ਧਾਰਨ ਕਰ ਜਾਂਦੇ ਹਨ। ਉਨ੍ਹਾਂ ਮਾਮਲੇ ਵਿੱਚ ਨਗਰ ਕੌਂਸਲ ਤੇ ਵੈਟਰਨਰੀ ਵਿਭਾਗ ਦੀ ਸਰਗਰਮ ਸ਼ਮੂਲੀਅਤ ਦੀ ਮੰਗ ਕੀਤੀ ਹੈ। ਇਸ ਸਬੰਧੀ ਸੰਪਰਕ ਕਰਨ ਤੇ ਵੈਟਰਨਰੀ ਮਾਹਰ ਡਾ. ਕੁਸਮ ਲਾਂਬਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਅੱਜ ਹੀ ਮਿਲੀ ਹੈ ਅਤੇ ਕੱਲ ਉਹ ਆਪਣੇ ਸਟਾਫ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ।ਇਸ ਸਬੰਧੀ ਗੱਲਬਾਤ ਕਰਨ ਉਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਮ੍ਰਿਤ ਲਾਲ ਨੇ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਨੂੰ ਇਸ ਸਬੰਧੀ ਹਦਾਇਤਾਂ ਦੇਣਗੇ ਤੇ ਜੇਕਰ ਫਿਰ ਵੀ ਉਨ੍ਹਾਂ ਨੇ ਸੁਧਾਰ ਨਾ ਕੀਤਾ ਤਾਂ ਇਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ।