ਕਾਲਾ ਸੰਘਿਆ ਡਰੇਨ ’ਚ ਡੇਅਰੀਆਂ ਤੇ ਸੀਵਰੇਜ ਵੇਸਟ ਦੇ ਸਿੱਧੇ ਪ੍ਰਵਾਹ ਨੂੰ ਰੋਕਣ ’ਤੇ ਦਿੱਤਾ ਜ਼ੋਰ
ਜਲੰਧਰ, 1 ਜੁਲਾਈ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਨੇ ਜ਼ਿਲ੍ਹਾ ਵਾਤਾਵਰਣ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਵਾਤਾਵਰਣ ਪੱਖੀ ਸਰਗਰਮੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਥੇ ਜ਼ਿਲ੍ਹਾ ਪ੍ਰਬਧਕੀ ਕੰਪਲੈਕਸ ਵਿਖੇ ਕਮਿਸ਼ਨਰ ਜਲੰਧਰ ਨਗਰ ਨਿਗਮ ਗੌਤਮ ਜੈਨ ਸਮੇਤ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੇ ਕਾਲਾ ਸੰਘਿਆ ਡਰੇਨ ਵਿੱਚ ਡੇਅਰੀਆਂ ਅਤੇ ਸੀਵਰੇਜ ਵੇਸਟ ਦੇ ਸਿੱਧੇ ਪ੍ਰਵਾਹ ਨੂੰ ਰੋਕਣ ’ਤੇ ਜ਼ੋਰ ਦਿੱਤਾ। ਉਨ੍ਹਾਂ ਜਲੰਧਰ ਨਗਰ ਨਿਗਮ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਡਰੇਨ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ’ਤੇ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਅਜਿਹੇ ਪਿੰਡਾਂ, ਜਿਨ੍ਹਾਂ ਦਾ ਪਾਣੀ ਸਿੱਧਾ ਡਰੇਨ ਵਿੱਚ ਪੈਂਦਾ ਹੈ, ਦੇ ਨਿਕਾਸੀ ਪੁਆਇੰਟਾਂ ਦੀ ਨਿਗਰਾਨੀ ਕਰਨ ਦੀ ਵੀ ਹਦਾਇਤ ਕੀਤੀ ਤਾਂ ਜੋ ਪ੍ਰਦੂਸ਼ਣ ਕੰਟਰੋਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਠੋਸ ਰਹਿੰਦ-ਖੂਹੰਦ ਪ੍ਰਬੰਧਨ, ਲੈਗੇਸੀ ਰਹਿੰਦ-ਖੂਹੰਦ ਪ੍ਰਬੰਧਨ, ਸੈਨੇਟਰੀ ਲੈਂਡਫਿੱਲ ਦੇ ਚੱਲ ਰਹੇ ਪ੍ਰਾਜੈਕਟਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਂਦਿਆਂ ਇਨ੍ਹਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ 'ਤੇ ਪਾਬੰਦੀ ਦੀ ਪਾਲਣਾ ਦਾ ਜਾਇਜ਼ਾ ਲੈਂਦਿਆਂ ਨਗਰ ਨਿਗਮ/ਕੌਂਸਲ ਅਧਿਕਾਰੀਆਂ ਨੂੰ ਪਾਬੰਦੀ ਸਬੰਧੀ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਉਣ ਅਤੇ ਇਸ ਸਬੰਧੀ ਜਾਗਰੂਕਤਾ ਫੈਲਾਉਣ ’ਤੇ ਵੀ ਜ਼ੋਰ ਦਿੱਤਾ।
ਮੀਟਿੰਗ ਦੌਰਾਨ ਨਵੇਂ ਐਸ.ਟੀ.ਪੀਜ਼ ਲਗਾਉਣ ਅਤੇ ਮੌਜੂਦਾ ਐਸ.ਟੀ.ਪੀਜ਼ ਦੀ ਕਾਰਗੁਜ਼ਾਰੀ ਦਾ ਵੀ ਮੁਲਾਂਕਣ ਕੀਤਾ ਗਿਆ। ਇਸ ਤੋਂ ਇਲਾਵਾ ਵਰਿਆਣਾ ਬਾਇਓ ਮਾਈਨਿੰਗ ਪ੍ਰਾਜੈਕਟ ਅਤੇ ਨਗਰ ਨਿਗਮ ਵੱਲੋਂ ਜੋਤੀ ਨਗਰ, ਘਾਹ ਮੰਡੀ ਅਤੇ ਬਲਰਟਨ ਪਾਰਕ ਵਿੱਚ ਸਥਾਪਤ ਕੀਤੇ ਜਾ ਰਹੇ ਐਮ.ਆਰ.ਐਫ. ਪ੍ਰਾਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਖੇਤੀਬਾੜੀ ਸਮੇਤ ਹੋਰ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਤਿਆਰੀ ਦੀ ਸਮੀਖਿਆ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਸਹਿਕਾਰਤਾ ਵਿਭਾਗ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਜਾਗਰੂਕਤਾ ਸਰਗਰਮੀਆਂ ਕਰਵਾਉਣ ਦੀ ਹਦਾਇਤ ਕੀਤੀ ਤਾਂ ਜੋ ਜ਼ੀਰੋ ਬਰਨਿੰਗ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਭੋਗਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਸੰਦੀਪ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਰਣਧੀਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।