Canada: ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਪਾਲ ਢਿੱਲੋਂ ਦੀ ਪੁਸਤਕ ‘ਅਗਲਾ ਵਰਕਾ ਖੋਲ੍ਹ’ ਲੋਕ ਅਰਪਣ
ਹਰਦਮ ਮਾਨ
ਸਰੀ, 2 ਜੁਲਾਈ 2025-ਗ਼ਜ਼ਲ ਮੰਚ ਸਰੀ ਵੱਲੋਂ ਕੈਨੇਡੀਅਨ ਪੰਜਾਬੀ ਸ਼ਾਇਰ ਪਾਲ ਢਿੱਲੋਂ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਅਗਲਾ ਵਰਕਾ ਖੋਲ੍ਹ’ ਲੋਕ ਅਰਪਣ ਕਰਨ ਲਈ ਸਟਰਾਅਬੇਰੀ ਹਿੱਲ ਲਾਇਬਰੇਰੀ ਸਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ, ਬਹੁਪੱਖੀ ਮਾਣਮੱਤੀ ਸ਼ਖ਼ਸੀਅਤ ਡਾ. ਸਾਧੂ ਸਿੰਘ, ਸ਼ਾਇਰ ਪਾਲ ਢਿੱਲੋਂ ਅਤੇ ਪੰਜਾਬ ਤੋਂ ਆਈ ਮਹਿਮਾਨ ਕਵਿੱਤਰੀ ਸਿਮਰਨ ਅਕਸ ਨੇ ਕੀਤੀ।
ਸਮਾਰੋਹ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਸਭਨਾਂ ਦਾ ਸਵਾਗਤ ਕੀਤਾ ਅਤੇ ਸ਼ਾਇਰ ਪਾਲ ਢਿੱਲੋਂ ਤੇ ਉਸ ਦੇ ਰਚਨਾਤਮਿਕ ਕਾਰਜ ਬਾਰੇ ਸੰਖੇਪ ਜਾਣਕਾਰੀ ਦਿੱਤੀ। ‘ਅਗਲਾ ਵਰਕਾ ਖੋਲ੍ਹ’ ਪੁਸਤਕ ਉਪਰ ਤਿੰਨ ਪਰਚੇ ਪੜ੍ਹੇ ਗਏ। ਪਹਿਲੇ ਪਰਚੇ ਵਿਚ ਰਾਜਵੰਤ ਰਾਜ ਨੇ ਕਿਹਾ ਕਿ ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਵਿਚ ਪੰਜਾਬ ਦੀ ਮਿੱਟੀ ਦੀ ਮਹਿਕ ਹੈ, ਇਨ੍ਹਾਂ ਵਿਚ ਪਰਵਾਸੀ ਜੀਵਨ ਦੀ ਝਲਕ ਸਾਫ ਦਿਸਦੀ ਹੈ, ਪਰਵਾਸੀਆਂ ਦਾ ਦੁਖਾਂਤ ਵੀ ਛਲਕਦਾ ਹੈ ਅਤੇ ਬਿਰਹਾ, ਖ਼ੁਦ ਦੀ ਪਛਾਣ, ਪਹਾੜ, ਜੰਗਲ, ਨਦੀਆਂ, ਫੁੱਲ ਬੂਟਿਆਂ ਅਤੇ ਰਿਸ਼ਤਿਆਂ ਦਾ ਤਾਣਾ ਬਾਣਾ ਵੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਸਮੁੱਚੀ ਸ਼ਾਇਰੀ ਪਾਲ ਢਿੱਲੋਂ ਦੇ ਜੀਵਨ ਪ੍ਰਤੀ ਆਸ਼ਾਵਾਦ ਨੂੰ ਬਾਖੂਬੀ ਨਾਲ ਪ੍ਰਗਟਾਉਂਦੀ ਹੈ।
ਸ਼ਾਇਰ ਮੋਹਨ ਗਿੱਲ ਨੇ ਆਪਣੇ ਸੰਖੇਪ ਪਰਚੇ ਵਿਚ ਪਾਲ ਢਿੱਲੋਂ ਦੀਆਂ ਹੁਣ ਤੱਕ ਛਪੀਆਂ 12 ਕਿਤਾਬਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪਾਲ ਢਿੱਲੋਂ ਦੀ ਭਾਸ਼ਾ ਬਹੁਤ ਪ੍ਰਭਾਵਸ਼ਾਲੀ ਹੈ। ਉਹ ਕਿਸੇ ਵੀ ਵਾਦ ਨਾਲ ਨਹੀਂ ਜੁੜਿਆ, ਹਰ ਖ਼ਿਆਲ ਉਸ ਦਾ ਆਪਣਾ ਹੈ, ਉਸ ਦੀ ਸੋਚ ਦਾ ਦਾਇਰਾ ਵਿਸ਼ਾਲ ਹੈ ਅਤੇ ਸ਼ਿਅਰਾਂ ਵਿਚ ਵੱਖ ਵੱਖ ਖ਼ਿਆਲਾਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਨ ਦਾ ਉਹ ਹੁਨਰ ਜਾਣਦਾ ਹੈ।
ਸ਼ਾਇਰ ਜਸਵਿੰਦਰ ਨੇ ਆਪਣੇ ਪਰਚੇ ਰਾਹੀਂ ਕਿਹਾ ਕਿ ਪਾਲ ਢਿੱਲੋਂ ਨੇ ਆਪਣੀ ਸ਼ਾਇਰੀ ਰਾਹੀਂ ਸਾਡੇ ਸਮਾਜਿਕ ਸੰਦਰਭਾਂ, ਸਰੋਕਾਰਾਂ ਦੀ ਵਿਸਥਾਰਤ ਵਿਆਖਿਆ ਕੀਤੀ ਹੋਈ ਹੈ। ਬਹੁ-ਅਰਥੀ, ਸੋਚ ਨੂੰ ਟੁੰਬਣ ਵਾਲੀ ਅਜਿਹੀ ਸ਼ਾਇਰੀ ਪਾਠਕ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਕਿਤਾਬ ਦਾ ਨਾਂ ‘ਅਗਲਾ ਵਰਕਾ ਖੋਲ੍ਹ’ ਨੂੰ ਜ਼ਿੰਦਗੀ ਦੇ ਨਾਲ ਜੋੜ ਕੇ ਦੇਖਦੇ ਹਾਂ ਕਿ ਜੋ ਜ਼ਿੰਦਗੀ ਅਸੀਂ ਹੁਣ ਜਿਉਂ ਰਹੇ ਹਾਂ ਤੇ ਜਿਸ ਤਰ੍ਹਾਂ ਦਾ ਸਾਡੇ ਆਲੇ ਦੁਆਲੇ ਮਾਹੌਲ ਸਿਰਜਿਆ ਜਾ ਚੁੱਕਾ ਹੈ, ਉਹ ਮਨੁੱਖਤਾ ਦੇ ਖੁੱਲ੍ਹ ਕੇ ਜੀਣ ਦੇ ਯੋਗ ਨਹੀਂ ਹੈ। ਇਸ ਕਰ ਕੇ ਸਾਨੂੰ ਕੁਝ ਹੋਰ ਤਰੀਕੇ ਨਾਲ ਸੋਚਣਾ ਚਾਹੀਦਾ ਹੈ, ਕੁਝ ਹੋਰ ਤਰ੍ਹਾਂ ਦਾ ਪੜ੍ਹਨਾ ਚਾਹੀਦਾ ਹੈ। ਮਤਲਬ ਕਿ ਲਗਾਤਾਰਤਾ ਵਾਲੀ ਜ਼ਿੰਦਗੀ ਵਿੱਚ ਹੀ ਸਾਡੀਆਂ ਸਮੱਸਿਆਵਾਂ ਦਾ ਹੱਲ ਕਿਤੇ ਨਾ ਕਿਤੇ ਪਿਆ, ਉਸ ਨੂੰ ਤਲਾਸ਼ਣਾ ਬੜਾ ਜ਼ਰੂਰੀ ਹੈ। ਜ਼ਿੰਦਗੀ ਦੇ ਅਗਲੇ ਵਰਕੇ ‘ਤੇ ਸ਼ਾਇਦ ਉਲਫਤ ਦਾ ਉਹ ਗੀਤ ਲਿਖਿਆ ਹੋਵੇ ਜੋ ਸਾਨੂੰ ਜ਼ਿੰਦਗੀ ਜਿਉਣ ਦੀ ਜਾਚ ਸਿਖਾ ਦੇਵੇ।
ਉਨ੍ਹਾਂ ਕਿਹਾ ਕਿ ਅਸਲੀ ਸਾਹਿਤਿਕ ਕਿਰਤ ਉਹ ਹੀ ਹੁੰਦੀ ਹੈ ਜੋ ਸਾਡੇ ਜਜ਼ਬਾਤ ਨੂੰ ਟੁੰਬਦੀ ਹੈ, ਸਾਨੂੰ ਜ਼ਿੰਦਗੀ ਦੇ ਹੋਰ ਨੇੜੇ ਤੇ ਸੱਚ ਨੇ ਕਰੀਬ ਲਿਆਉਂਦੀ ਹੈ। ਪਾਲ ਢਿੱਲੋਂ ਵਧਾਈ ਦਾ ਹੱਕਦਾਰ ਹੈ ਕਿ ਉਸ ਨੇ ਆਪਣੀ ਸ਼ਾਇਰੀ ਰਾਹੀਂ ਜ਼ਿੰਦਗੀ ਨੂੰ ਸਮਝਣ, ਸੋਚਣ, ਕੁਝ ਕਰਨ ਦਾ ਉਸਾਰੂ ਸੁਨੇਹਾ ਦਿੱਤਾ ਹੈ।
ਡਾ. ਸਾਧੂ ਸਿੰਘ ਨੇ ਕਿਹਾ ਕਿ ਪਾਲ ਢਿੱਲੋਂ ਦੀ ਸ਼ਾਇਰੀ ਬੰਦੇ ਨੂੰ ਉਦਾਸੀ ‘ਚੋਂ ਉਭਾਰਦੀ ਹੈ। ਸ਼ਾਇਰ ਉਸਾਰੂ ਖ਼ਿਆਲਾਂ ਰਾਹੀਂ ਸੰਦੇਸ਼ ਦਿੰਦਾ ਹੈ ਕਿ ਸਾਨੂੰ ਬੀਤੇ ਸਮੇਂ ‘ਤੇ ਬਹੁਤਾ ਝੂਰਣਾ ਨਹੀਂ ਚਾਹੀਦਾ ਕਿਉਂਕਿ ਅਸੀਂ ਵਰਤਮਾਨ ਵਿਚ ਰਹਿਣਾ ਹੈ ਅਤੇ ਵਰਤਮਾਨ ਨੇ ਹੀ ਇਹ ਸੰਕੇਤ ਦੇਣਾ ਹੈ ਕਿ ਅਸੀਂ ਆਪਣੇ ਭਵਿੱਖ ਨੂੰ ਸਕਾਰਥ ਕਿਸ ਤਰ੍ਹਾਂ ਬਣਾਉਣਾ ਹੈ। ਪਾਲ ਢਿੱਲੋਂ ਦੀ ਸਮੁੱਚੀ ਸ਼ਾਇਰੀ ਦੀ ਕੁੰਜੀ ਇਹੋ ਹੈ ਕਿ ਜ਼ਿੰਦਗੀ ਦਾ ਅਗਲਾ ਵਰਕਾ ਖੋਲ੍ਹਿਆ ਜਾਵੇ।
ਪੁਸਤਕ ਲੋਕ ਅਰਪਣ ਕਰਨ ਉਪਰੰਤ ਸਮਾਗਮ ਵਿਚ ਹਾਜਰ ਲੇਖਕਾਂ, ਮਿੱਤਰਾਂ ਵੱਲੋਂ ਪਾਲ ਢਿੱਲੋਂ ਨੂੰ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਪ੍ਰੀਤ ਮਨਪ੍ਰੀਤ, ਹਰਦਮ ਮਾਨ, ਸਤੀਸ਼ ਗੁਲਾਟੀ, ਇੰਦਰਜੀਤ ਧਾਮੀ, ਕਵਿੰਦਰ ਚਾਂਦ, ਸਿਮਰਨ ਅਕਸ, ਕੁਲਵਿੰਦਰ ਖਹਿਰਾ, ਅਸ਼ੋਕ ਭਾਰਗਵ, ਅਮਰੀਕ ਪਲਾਹੀ, ਭੁਪਿੰਦਰ ਮੱਲ੍ਹੀ, ਸੁਖਜੀਤ ਕੌਰ ਹੁੰਦਲ, ਪ੍ਰੀਤ ਅਟਵਾਲ ਪੂਨੀ, ਵੀਤ ਬਾਦਸ਼ਾਹਪੁਰੀ, ਪਰਮਿੰਦਰ ਕੌਰ ਸਵੈਚ ਅਤੇ ਮਹਿੰਦਰਪਾਲ ਸਿੰਘ ਪਾਲ ਸ਼ਾਮਲ ਸਨ।
ਪਾਲ ਢਿੱਲੋਂ ਨੇ ਇਸ ਮੌਕੇ ਆਪਣੇ ਰਚਨਾਤਮਿਕ ਕਾਰਜ ਅਤੇ ਸ਼ਾਇਰੀ ਬਾਰੇ ਗੱਲ ਕਰਦਿਆਂ ਮਰਹੂਮ ਉਸਤਾਦ ਸ਼ਾਇਰ ਨਦੀਮ ਪਰਮਾਰ ਅਤੇ ਕ੍ਰਿਸ਼ਨ ਭਨੋਟ ਨੂੰ ਯਾਦ ਕੀਤਾ। ਉਨ੍ਹਾਂ ਆਪਣੀਆਂ ਕੁਝ ਗ਼ਜ਼ਲਾਂ ਸਾਂਝੀਆਂ ਕੀਤੀਆਂ ਅਤੇ ਸਮਾਗਮ ਰਚਾਉਣ ਲਈ ਗ਼ਜ਼ਲ ਮੰਚ ਸਰੀ ਦੀ ਟੀਮ ਦਾ ਧੰਨਵਾਦ ਕੀਤਾ। ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਮਾਗਮ ਵਿਚ ਪੁੱਜੀਆਂ ਸਭਨਾਂ ਸ਼ਖ਼ਸੀਅਤਾਂ ਦਾ ਮੰਚ ਵੱਲੋਂ ਧੰਨਵਾਦ ਕੀਤਾ।