ਨਗਰ ਨਿਗਮ ਬਠਿੰਡਾ ਦੇ ਕੌਂਸਲਰ ਸ਼ਾਮ ਲਾਲ ਜੈਨ, ਮੇਅਰ ਪਦਮਜੀਤ ਮਹਿਤਾ ਦੇ ਸਲਾਹਕਾਰ ਨਿਯੁਕਤ
ਅਸ਼ੋਕ ਵਰਮਾ
ਬਠਿੰਡਾ, 1 ਜੁਲਾਈ 2025 ਬਠਿੰਡਾ ਨੂੰ ਇੱਕ ਆਦਰਸ਼ ਸ਼ਹਿਰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਬਠਿੰਡਾ ਸ਼ਹਿਰ ਨੂੰ ਨਵੀਂ ਦਿਸ਼ਾ ਦੇਣ ਲਈ ਤਿੰਨ ਵਾਰ ਦੇ ਕੌਂਸਲਰ ਸ੍ਰੀ ਸ਼ਾਮ ਲਾਲ ਜੈਨ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕਰਦਿਆਂ ਮੇਅਰ ਸਾਹਿਬ ਨੇ ਕਿਹਾ ਕਿ ਕੌਂਸਲਰ ਸ਼ਾਮ ਲਾਲ ਜੈਨ ਲਗਾਤਾਰ ਤੀਜੀ ਵਾਰ ਕੌਂਸਲਰ ਹਨ, ਜਿਨ੍ਹਾਂ ਕੋਲ ਬਹੁਤ ਤਜਰਬਾ ਹੈ, ਜੋ ਸ਼ਹਿਰ ਦੇ ਵਿਕਾਸ ਲਈ ਨਵੇਂ ਵਿਚਾਰ ਦੇਣ ਵਿੱਚ ਵੀ ਮਾਹਰ ਹਨ, ਜਿਸ ਕਾਰਨ ਉਨ੍ਹਾਂ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਬਠਿੰਡਾ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਅਤੇ ਹੋਰ ਕੰਮਾਂ ਲਈ ਉਨ੍ਹਾਂ ਦਾ ਸਹਿਯੋਗ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਇਹ ਨਵਾਂ ਅਹੁਦਾ ਮੇਅਰ ਦੇ ਸਲਾਹਕਾਰ ਵਜੋਂ ਬਣਾਇਆ ਗਿਆ ਹੈ, ਜਿਸ ਨਾਲ ਨਗਰ ਨਿਗਮ 'ਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੀ ਸ਼ਾਮ ਲਾਲ ਜੈਨ ਨਗਰ ਨਿਗਮ ਤੋਂ ਕੌਂਸਲਰ ਵਜੋਂ ਤਨਖਾਹ ਲੈ ਰਹੇ ਹਨ ਅਤੇ ਉਸੇ ਤਨਖਾਹ 'ਤੇ ਬਠਿੰਡਾ ਦੇ ਵਿਕਾਸ ਵਿੱਚ ਆਪਣੀਆਂ ਸੇਵਾਵਾਂ ਵੀ ਦੇਣਗੇ। ਮੇਅਰ ਨੇ ਕਿਹਾ ਕਿ ਸ਼੍ਰੀ ਸ਼ਾਮ ਲਾਲ ਜੈਨ ਬਹੁਤ ਸੀਨੀਅਰ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ। ਸ਼੍ਰੀ ਮਹਿਤਾ ਨੇ ਕਿਹਾ ਕਿ ਸਲਾਹਕਾਰ ਦੀ ਉਕਤ ਜ਼ਿੰਮੇਵਾਰੀ ਸਾਰੇ ਸਾਥੀ ਕੌਂਸਲਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਦਿੱਤੀ ਗਈ ਹੈ। ਮੇਅਰ ਸ਼੍ਰੀ ਮਹਿਤਾ ਨੇ ਕਿਹਾ ਕਿ ਭਾਗੂ ਰੋਡ 'ਤੇ ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਨੂੰ ਜੋਗਰ ਪਾਰਕ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਉਕਤ ਸਲਾਹ ਖੁਦ ਸ਼੍ਰੀ ਸ਼ਾਮ ਲਾਲ ਜੈਨ ਨੇ ਦਿੱਤੀ ਸੀ, ਤਾਂ ਜੋ ਬਠਿੰਡਾ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸੈਰਗਾਹ ਵੱਲ ਵੀ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਦੌਰਾਨ ਕੌਂਸਲਰ ਸ੍ਰੀ ਰਤਨ ਰਾਹੀ, ਸ੍ਰੀ ਉਮੇਸ਼ ਗੋਗੀ, ਸ੍ਰੀ ਸੁਰੇਸ਼ ਚੌਹਾਨ, ਸ੍ਰੀ ਵਿਕਰਮ ਕ੍ਰਾਂਤੀ, ਸ੍ਰੀ ਚਰਨਜੀਤ ਸਿੰਘ ਭੋਲਾ, ਸ੍ਰੀ ਵਿਨੋਦ ਸੈਣੀ, ਸ੍ਰੀ ਜਗਪਾਲ ਸਿੰਘ ਗੋਰਾ ਸਿੱਧੂ, ਸ੍ਰੀ ਗੋਵਿੰਦ ਮਸੀਹ, ਸ੍ਰੀ ਰਾਜ ਮਹਿਰਾ, ਸ੍ਰੀ ਪਰਵਿੰਦਰ ਸਿੰਘ ਸਿੱਧੂ ਨੰਬਰਦਾਰ, ਸ੍ਰੀ ਬੇਅੰਤ ਸਿੰਘ ਰੰਧਾਵਾ, ਸ਼੍ਰੀ ਅਸ਼ਵਨੀ ਬੰਟੀ, ਸ਼੍ਰੀ ਸੋਨੂੰ ਸੈਣੀ, ਸ੍ਰੀ ਸਤਵੀਰ ਸਿੰਘ, ਸ੍ਰੀ ਗੁਰਜੰਟ ਸਿੰਘ, ਸ੍ਰੀ ਇਕਬਾਲ ਸਿੰਘ, ਸ੍ਰੀ ਰਾਮ ਸਿੰਘ, ਸ੍ਰੀ ਰਾਜਵੀਰ ਸਿੰਘ, ਸ੍ਰੀ ਬੱਬੂ ਮਾਨ, ਸ੍ਰੀ ਬਿੱਟੂ ਸ਼ਰਮਾ, ਸ੍ਰੀ ਕ੍ਰਿਸ਼ਨ ਕੁਮਾਰ, ਸ੍ਰੀ ਨਰੇਸ਼ ਕੁਮਾਰ ਵਿੱਕੀ, ਸ੍ਰੀ ਸ਼ੁਭਮ, ਸ੍ਰੀ ਭੋਲਾ ਸੇਠ, ਸ੍ਰੀ ਵਿਕਰਮਜੀਤ, ਸ੍ਰੀ ਸੁਖਜੀਤ ਸਿੰਘ ਪ੍ਰਧਾਨ, ਸ੍ਰੀ ਦਰਸ਼ਨ ਸਿੰਘ, ਸ਼੍ਰੀ ਮੰਨੀ, ਸ਼੍ਰੀ ਅਜੇ ਸਿੰਘ ਅਤੇ ਸ੍ਰੀ ਜੈਨ ਦੇ ਸ਼ੁਭਚਿੰਤਕ ਮੌਜੂਦ ਸਨ। ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਸਾਥੀ ਕੌਂਸਲਰਾਂ ਨੇ ਸ੍ਰੀ ਸ਼ਾਮ ਲਾਲ ਜੈਨ ਦਾ ਮੁੰਹ ਮਿੱਠਾ ਕਰਵਾਕੇ ਉਨ੍ਹਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਸ੍ਰੀ ਸ਼ਾਮ ਲਾਲ ਜੈਨ ਦੇ ਸ਼ੁਭਚਿੰਤਕਾਂ ਨੇ ਉਨ੍ਹਾਂ ਨੂੰ ਹਾਰ ਪਹਿਨਾ ਕੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਨਵ-ਨਿਯੁਕਤ ਸਲਾਹਕਾਰ ਸ੍ਰੀ ਸ਼ਾਮ ਲਾਲ ਜੈਨ ਨੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਅਤੇ ਸਾਰੇ ਸਾਥੀ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਲਾਹਕਾਰ ਵਜੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਬਠਿੰਡਾ ਨੂੰ ਸੁਪਨਿਆਂ ਦਾ ਸ਼ਹਿਰ ਬਣਾਉਣ ਅਤੇ ਬਠਿੰਡਾ ਦੇ ਲੋਕਾਂ ਨੂੰ ਸਮੱਸਿਆਵਾਂ ਤੋਂ ਮੁਕਤ ਕਰਨ ਲਈ ਯਤਨਸ਼ੀਲ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।