Babushahi Special: ਬਠਿੰਡਾ ਦੇ ਬੱਸ ਅੱਡੇ ਦੀ ਦੁਖਦਾਈ ਵੰਡ ਸ਼ਹਿਰ ਵਾਸੀਆਂ ਦੇ ਸਿਰ ਟਿਕਾਏਗੀ ਦੁੱਖਾਂ ਦੀ ਪੰਡ
ਅਸ਼ੋਕ ਵਰਮਾ
ਬਠਿੰਡਾ, 13 ਮਈ 2025: ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਅੱਜ ਬਠਿੰਡਾ ਦੇ ਅੰਬੇਦਕਰ ਪਾਰਕ ਵਿੱਚ ਚੱਲ ਰਹੇ ਪੱਕੇ ਮੋਰਚੇ ਦੇ ਇਕੱਠ ਵਿੱਚ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਉਹ ਹੁਣ ਖਾਲੀ ਹੱਥ ਘਰਾਂ ਨੂੰ ਨਹੀਂ ਪਰਤਣਗੇ। ਜਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਨੂੰ ਇਹੋ ਧਰਵਾਸ ਸੀ ਕਿ ਕੁੱਝ ਦਿਨਾਂ ਮਗਰੋਂ ਧਰਨੇ ’ਚ ਸ਼ਾਮਲ ਹੋਣ ਵਾਲੇ ਦੁਕਾਨਦਾਰ ਤੇ ਹੋਰ ਲੋਕ ਥੱਕ ਹਾਰ ਕੇ ਘਰੋ-ਘਰੀ ਚਲੇ ਜਾਣਗੇ ਪਰ ਹੁਣ ਜਦੋਂ ਸੰਘਰਸ਼ੀ ਧਿਰਾਂ ਨੇ ਖਾਲੀ ਹੱਥ ਘਰਾਂ ਨੂੰ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਬਠਿੰਡਾ ਪ੍ਰਸ਼ਾਸ਼ਨ ਦੀ ਨੀਤੀ ਅਸਫਲ ਹੁੰਦੀ ਨਜ਼ਰ ਆ ਰਹੀ ਹੈ। ਜੰਗ ਦੇ ਮਹੌਲ ਦੌਰਾਨ ਕੁੱਝ ਦਿਨ ਦੀ ਚੁੱਪ ਮਗਰੋਂ ਅੱਜ ਸੰਘਰਸ਼ ਕਮੇਟੀ ਨੇ ਸਰਗਰਮੀਆਂ ’ਚ ਫਿਰ ਤੇਜੀ ਲਿਆਂਦੀ ਅਤੇ ਆਪਣੇ ਅੰਦੋਲਨ ਨੂੰ ਨਵੀਂ ਦਿਸ਼ਾ ਦੇਣ ਲਈ ਦੇਰ ਸ਼ਾਮ ਨੂੰ ਮਸ਼ਾਲ ਮਾਰਚ ਕੱਢਣ ਦਾ ਐਲਾਨ ਕੀਤਾ ਹੈ।
ਸੰਘਰਸ਼ ਕਮੇਟੀ ਨੇ ਸ਼ਹਿਰ ਦੀਆਂ ਦੁਕਾਨਾਂ ਅੱਗੇ ਨਵਾਂ ਬੱਸ ਅੱਡਾ ਬਣਨ ਤੋਂ ਰੋਕਣ ਦੇ ਪ੍ਰੋਗਰਾਮ ਤਹਿਤ ਫਲੈਕਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਫਲੈਕਸਾਂ ਰਾਹੀਂ ਸੰਘਰਸ਼ ਕਮੇਟੀ ਇਹ ਸੰਦੇਸ਼ ਦੇਣ ਦੇ ਰੌਂਅ ’ਚ ਨਜ਼ਰ ਆ ਰਹੀ ਹੈ ਕਿ ਮਲੋਟ ਰੋਡ ਬੱਸ ਅੱਡਾ ਮੁੱਠੀ ਭਰ ਲੋਕਾਂ ਦੀ ਜਰੂਰਤ ਹੋ ਸਕਦਾ ਹੈ ਬਹੁਸੰਮਤੀ ਸ਼ਹਿਰ ਵਾਸੀਆਂ ਜਾਂ ਆਲੇ ਦੁਆਲੇ ਦੇ ਸਮੁੱਚੇ ਇਲਾਕੇ ਦੀ ਨਹੀਂ। ਧਰਨੇ ’ਚ ਸ਼ਾਮਲ ਹੋਣ ਵਾਲੇ ਦੁਕਾਨਦਾਰਾਂ ਤੋਂ ਇਲਾਵਾ ਆਮ ਲੋਕਾਂ ਵਿੱਚ ਇਹ ਸੋਚ ਤੇਜੀ ਨਾਲ ਉੱਭਰੀ ਹੈ ਕਿ ਨਵਾਂ ਬੱਸ ਅੱਡਾ ਬਨਾਉਣ ਦਾ ਮਕਸਦ ਭੂਮਾਫੀਆ ਅਤੇ ਨਵੀਆਂ ਕਲੋਨੀਆਂ ਫਾਇਦਾ ਦਿਵਾਉਣਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਥਰਮਲ ਦੀ ਜਮੀਨ ਮਹਿੰਗੇ ਭਾਅ ਵੇਚਣ ਲਈ ਵੀ ਬੱਸ ਅੱਡਾ ਸ਼ਹਿਰ ਤੋਂ ਬਾਹਰ ਲਿਜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋਕਿ ਸ਼ਹਿਰ ਵਾਸੀਆਂ ਵੱਲੋਂ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਹੈ।
ਦੂਸਰੀ ਤਰਫ ਭਾਵੇਂ ਪ੍ਰਸ਼ਾਸ਼ਨ ਕਹਿ ਰਿਹਾ ਹੈ ਕਿ ਪੁਰਾਣਾ ਬੱਸ ਅੱਡਾ ਪਹਿਲਾਂ ਵਾਂਗ ਹੀ ਚਾਲੂ ਰੱਖਿਆ ਜਾਏਗਾ ਪਰ ਆਮ ਲੋਕਾਂ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਨੂੰਮਾਨ ਚੌਂਕ ਤੋਂ ਜਿਲ੍ਹਾ ਕਚਹਿਰੀਆਂ ਤੱਕ ਆਟੋ ਰਿਕਸ਼ਿਆਂ ਕਾਰਨ ਹਮੇਸ਼ਾ ਅਵਾਜਾਈ ਜਾਮ ਰਹਿੰਦੀ ਹੈ ਜਿਸ ਦਾ ਕੋਈ ਢੁੱਕਵਾਂ ਹੱਲ ਕੱਢਣ ਦੀ ਥਾਂ ਸਰਕਾਰ ਨੇ ਬੱਸ ਅੱਡੇ ਤੇ ਅੱਖ ਰੱਖ ਲਈ ਹੈ ਜੋ ਸਹੀ ਨਹੀਂ ਹੈ। ਮਹੱਤਵਪੂਰਨ ਇਹ ਵੀ ਹੈ ਕਿ ਜਿਸ ਢੰਗ ਨਾਲ ਸਥਾਨਕ ਵਿਧਾਇਕ ਵੱਲੋਂ ਨਵੇਂ ਪ੍ਰਜੈਕਟ ਦੀ ਪੈਰਵਾਈ ਕੀਤੀ ਜਾ ਰਹੀ ਹੈ ਜਿਸ ਦਾ ਆਪਣੀ ਹੀ ਪਾਰਟੀ ਦੇ ਕੁੱਝ ਆਗੂਆਂ ਵੱਲੋਂ ਅੰਦਰੋ ਅੰਦਰੀ ਵਿਰੋਧ ਕੀਤਾ ਜਾ ਰਿਹਾ ਹੈ ਉਸ ਕਰਕੇ ਪੰਜਾਬ ਸਰਕਾਰ ਵੀ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਅੱਜ ਵੀ ਕਈ ਲੋਕਾਂ ਨੇ ਆਖਿਆ ਕਿ ਸਰਕਾਰ ਵੱਲੋਂ ਲਿਆ ਜਾ ਰਿਹਾ ਇਹ ਫੈਸਲਾ ਨਿਰਾ ਪਾਖੰਡ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਿਰਫ ਇੱਕ ਗਲਤ ਨੀਤੀ ਕਾਰਨ ਹਜ਼ਾਰਾਂ ਦੁਕਾਨਦਾਰਾਂ, ਦੁਕਾਨਾਂ ਤੇ ਕੰਮ ਕਰਦੇ ਮੁਲਾਜਮਾਂ ਅਤੇ ਸੈਂਕੜੇ ਮਜ਼ਦੂਰਾਂ ਦੇ ਸੜਕਾਂ ਤੇ ਰੁਲਣ ਦਾ ਖਤਰਾ ਬਣ ਜਾਣਾ ਹੈ। ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਤੇ ਸੰਦੀਪ ਬੌਬੀ ਨੇ ਕਿਹਾ ਕਿ ਪਹਿਲਾਂ ਕੀਤੀ ਅਪੀਲ ਦੇ ਬਾਵਜੂਦ ਸਰਕਾਰ ਨੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ, ਜਿਸ ਕਰਕੇ ਉਨ੍ਹਾਂ ਨੂੰ ਧਰਨਾ ਪ੍ਰਦਰਸ਼ਨ ਅਣਮਿਥੇ ਸਮੇਂ ਵਿੱਚ ਤਬਦੀਲ ਕਰਨ ਲਈ ਮਜਬੂਰ ਹੋਣਾ ਪਿਆ ਹੈ। ਆਗੂ ਸੰਦੀਪ ਅਗਰਵਾਲ ਨੇ ਆਖਿਆ ਕਿ ਸਰਕਾਰ ਦੇ ਇਸ ਬੇਰੁਖ਼ੀ ਵਾਲੇ ਰਵੱਈਏ ਨੇ ਸਰਕਾਰ ਦਾ ਵਪਾਰੀਆਂ ਅਤੇ ਕਿਰਤੀਆਂ ਪ੍ਰਤੀ ਨਕਲੀ ਹੇਜ ਹੋਣ ਦੀ ਗਵਾਹੀ ਭਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਖ਼ਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੀ ਭਾਰੀ ਕੀਮਤ ਭਰਨੀ ਪਵੇਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੌਰੀ ਮਲੋਟ ਰੋਡ ਪ੍ਰਜੈਕਟ ਰੱਦ ਕਰੇ।
ਸੰਘਰਸ਼ ਕਮੇਟੀ ਨੇ ਮੰਗਿਆ ਸਹਿਯੋਗ
ਸੰਘਰਸ਼ ਕਮੇਟੀ ਨੇ ਬਠਿੰਡਾ ਦੇ ਸਮੂਹ ਵਿਦਿਆਰਥੀਆਂ ਅਤੇ ਨਾਗਰਿਕਾਂ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦੇ ਫੈਸਲੇ ਵਿਰੁੱਧ ਸਾਥ ਦੇਣ ਦੀ ਅਪੀਲ ਕੀਤੀ ਹੈ। ਆਗੂਆਂ ਮੁਤਾਬਕ ਕਾਲਜ, ਸਕੂਲ ਤੇ ਕੋਚਿੰਗ ਸੈਂਟਰ ਮੌਜੂਦਾ ਬੱਸ ਅੱਡੇ ਦੇ ਨੇੜੇ ਹਨ । ਨਵਾਂ ਬੱਸ ਅੱਡਾ ਆਵਾਜਾਈ ਮੁਸ਼ਕਲਾਂ ਵਧਣਗੀਆਂ, ਖ਼ਰਚ ਵਧੇਗਾ, ਸਮੇਂ ਸਿਰ ਕਾਲਜਾਂ ਜਾਂ ਸਕੂਲਾਂ ਪਹੁੰਚਣਾ ਮੁਸ਼ਕਿਲ ਹੋਵੇਗਾ । ਖ਼ਾਸ ਤੌਰ ਤੇ ਪ੍ਰੀਖਿਆ ਸਮੇਂ ਰੁਕਾਵਟ ਆਵੇਗੀ। ਵੱਡੀ ਗਿਣਤੀ ਵਿਦਿਆਰਥੀ ਆਰਥਿਕ ਤੰਗੀ ਦੌਰਾਨ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਹਨ ਜਿੰਨ੍ਹਾਂ ਲਈ ਇਹ ਤਬਦੀਲੀ ਸਮੱਸਿਆ ਬਣੇਗੀ। ਸੰਘਰਸ਼ ਕਮੇਟੀ ਆਗੂ ਬਿਸ਼ਨਦੀਪ ਕੌਰ ਦਾ ਕਹਿਣਾ ਸੀ ਕਿ ਲੋਕ ਸੰਘਰਸ਼ ਕਮੇਟੀ ਦੀ ਅਵਾਜ਼ ਬਣਨ ਕਿਉਂਕਿ ਤੁਹਾਡਾ ਸਾਥ ਹੀ ਤਾਕਤ ਹੈ।
ਬਠਿੰਡਾ ਪ੍ਰਸ਼ਾਸ਼ਨ ਨੇ ਕਮੇਟੀ ਬਣਾਈ
ਡਿਪਟੀ ਕਮਿਸ਼ਨਰ ਅਤੇ ਸੰਘਰਸ਼ ਕਮੇਟੀ ਵਿਚਕਾਰ ਬਣੀ ਸਹਿਮਤੀ ਦੇ ਮਗਰੋਂ ਪ੍ਰਸ਼ਾਸ਼ਨ ਨੇ ਬੱਸ ਅੱਡੇ ਸਬੰਧੀ ਇਤਰਾਜ ਸੁਣਨ ਲਈ ਕਮੇਟੀ ਬਣਾ ਦਿੱਤੀ ਹੈ। ਏਡੀਸੀ ਪੇਂਡੂ ਵਿਕਾਸ ਨੂੰ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ ਹੈ ਜਦੋਂਕਿ ਐਕਸੀਅਨ ਇੰਪਰੂਵਮੈਂਟ ਟਰੱਸਟ ,ਐਕਸੀਅਨ ਨਗਰ ਨਿਗਮ ਬਠਿੰਡਾ, ਜਰਨਲ ਮੈਨੇਜਰ ਪੀਆਰਟੀਸੀ ਬਠਿੰਡਾ ਅਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਹਾਈਵੇਅ ਸਬੰਧੀ ਤਕਨੀਕੀ ਮੈਂਬਰ ਕਮੇਟੀ ਦੇ ਮੈਂਬਰ ਹੋਣਗੇ। ਡਿਪਟੀ ਕਮਿਸ਼ਨਰ ਨੇ ਕਮੇਟੀ ਨੂੰ ਆਪਣੀ ਰਿਪੋਰਟ ਦੇਣ ਲਈ ਤਿੰਨ ਹਫਤਿਆਂ ਦੇ ਅੰਦਰ ਅੰਦਰ ਦੇਣ ਦੀ ਹਦਾਇਤ ਕੀਤੀ ਹੈ।