ਪਾਕਿਸਤਾਨ ਨੇ 3 ਘੰਟਿਆਂ ਵਿੱਚ ਜੰਗਬੰਦੀ ਤੋੜੀ, ਡਰੋਨ ਹਮਲੇ ਕੀਤੇ
ਨਵੀਂ ਦਿੱਲੀ : ਪਾਕਿਸਤਾਨ ਨੇ ਲਗਾਤਾਰ ਚੌਥੇ ਦਿਨ ਭਾਰਤ 'ਤੇ ਡਰੋਨ ਹਮਲਾ ਅਤੇ ਗੋਲੀਬਾਰੀ ਕੀਤੀ। ਸ਼ਨੀਵਾਰ ਸ਼ਾਮ 5 ਵਜੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਲਾਗੂ ਕੀਤੀ ਗਈ ਸੀ, ਜਿਸ ਨੂੰ ਪਾਕਿਸਤਾਨ ਨੇ ਸਿਰਫ਼ 3 ਘੰਟਿਆਂ ਬਾਅਦ ਹੀ ਤੋੜ ਦਿੱਤਾ।
ਜੰਮੂ-ਕਸ਼ਮੀਰ, ਰਾਜਸਥਾਨ ਅਤੇ ਪੰਜਾਬ ਵਿੱਚ 15 ਥਾਵਾਂ 'ਤੇ ਡਰੋਨ ਹਮਲੇ ਕੀਤੇ ਗਏ, ਜਿਨ੍ਹਾਂ ਨੂੰ ਭਾਰਤੀ ਹਵਾਈ ਰੱਖਿਆ ਨੇ ਨਾਕਾਮ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਸ਼ਾਮ ਨੂੰ ਦਾਅਵਾ ਕੀਤਾ ਸੀ ਕਿ ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਨੇ ਵੀ ਜੰਗਬੰਦੀ ਦੀ ਪੁਸ਼ਟੀ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ 'ਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ, ਐਨਐਸਏ ਅਜੀਤ ਡੋਵਾਲ, ਸੀਡੀਐਸ ਅਤੇ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ।
ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਅਨਿਲ ਚੌਹਾਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਸੀਡੀਐਸ ਨੇ ਉਨ੍ਹਾਂ ਨੂੰ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਨਾਲ ਗੱਲ ਕੀਤੀ।
ਕੇਂਦਰ ਸਰਕਾਰ ਨੇ ਕਿਹਾ, 'ਜੇਕਰ ਭਵਿੱਖ ਵਿੱਚ ਭਾਰਤ 'ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਇਸਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ।'