ਲੰਘੀ 22 ਅਪ੍ਰੈਲ ਨੂੰ ਪਹਿਲਗਾਮ ਵਿੱਚ 25 ਸੈਲਾਨੀ ਅਤੇ ਇੱਕ ਕਸ਼ਮੀਰੀ ਨੌਜਵਾਨ ਦਹਿਸ਼ਤੀ ਕਤਲੇਆਮ ਦੀ ਭੇਂਟ ਚੜ੍ਹ ਗਿਆ ਸੀ। ਨਿਹੱਕੇ ਸੈਲਾਨੀਆਂ ਦੇ ਇਸ ਦਹਿਸ਼ਤੀ ਕਾਰਨਾਮੇ ਦੀ ਹਰ ਪਾਸਿਓਂ ਖਾਸ ਕਰ ਕਸ਼ਮੀਰੀ ਮੁਸਲਮਾਨਾਂ ਵੱਲੋਂ ਸਖ਼ਤ ਅਲੋਚਨਾ ਕੀਤੀ ਗਈ ਸੀ। ਸਮੁੱਚੇ ਮੁਲਕ ਅੰਦਰ ਭਾਰਤੀ ਹਾਕਮਾਂ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪਾਸੇ ਅਰਬ ਮੁਲਕਾਂ ਦਾ ਦੌਰਾ ਵਿਚਕਾਰ ਛੱਡ ਕੇ ਵਾਪਸ ਪਰਤ ਆਇਆ ਸੀ। ਪਰ ਸਾਰੇ ਘਟਨਾ ਕ੍ਰਮ ਤੇ ਸਰਕਾਰ ਦਾ ਪੱਖ ਲੋਕਾਂ ਸਾਹਮਣੇ ਰੱਖਣ ਲਈ ਪ੍ਰੈੱਸ ਕਾਨਫਰੰਸ ਕਰਨ ਦੀ ਥਾਂ ਬਿਹਾਰ ਜਾਕੇ ਵੋਟਾਂ ਦੀ ਫ਼ਸਲ ਮੁੰਨਣ ਲਈ ਤਹੂ ਰਿਹਾ ਸੀ। ਕੇਰਲ ਵਿੱਚ ਜਾਕੇ ਅਡਾਨੀ ਦੀ ਬੰਦਰਗਾਹ ਦੇ ਉਦਘਾਟਨ ਮੌਕੇ ਸ਼ਸ਼ੀ ਥਰੂਰ ਵਰਗੇ ਕਾਂਗਰਸੀਆਂ ਨੂੰ ਸ਼ਾਮਿਲ ਕਰਵਾਕੇ ਸ਼ਰੀਕ ਸਿਆਸੀ ਪਾਰਟੀਆਂ ਨੂੰ ਧੋਬੀ ਪਟੜਾ ਦੇਣ ਦਾ ਪ੍ਰਪੰਚ ਰਚਦਾ ਰਿਹਾ। ਆਪਣੀਆਂ ਫ਼ਿਰਕੂ ਫਾਸ਼ੀ ਜ਼ੰਗੀ ਲੋੜਾਂ ਵਿੱਚੋਂ ਜ਼ੰਗੀ ਮਹੌਲ ਸਿਰਜਿਆ ਗਿਆ। ਇਸੇ ਕੜੀ ਵਜੋਂ ਅੱਜ ਸਵੇਰੇ 1 ਵੱਜ ਕੇ 05 ਮਿੰਟ ਤੇ ਕੀਤਾ ਗਿਆ।
ਅਪਰੇਸ਼ਨ 'ਸੰਧੂਰ' ਅਣਗਿਣਤ ਮਾਵਾਂ-ਭੈਣਾਂ ਦਾ ਸੰਧੂਰ ਉਜਾੜੇਗਾ। ਖੁਰ ਰਹੀ ਆਰਥਿਕਤਾ, ਬੁਨਿਆਦੀ ਮਸਲੇ ਹੱਲ ਕਰਨ ਦੀ ਅਸਮਰੱਥਤਾ, ਦੋਹੇਂ ਹੱਥੀ ਦੇਸ਼ ਦੀ ਸੰਪਤੀ ਸਾਮਰਾਜੀ ਮਹਾਂਸ਼ਕਤੀਆਂ ਦੇ ਹਵਾਲੇ ਕਰਨ ਦੀ ਚਾਹਤ 'ਚੋਂ ਤਬਾਹਕੁੰਨ ਜ਼ੰਗ ਲੋਕਾਂ 'ਤੇ ਠੋਸੀ ਜਾ ਰਹੀ ਹੈ। ਫਾਸ਼ੀਵਾਦੀ ਸੱਤਾ ਦੀ ਉਮਰ ਵਧਾਉਣ ਲਈ ਇਸ ਸੱਤਾ ਦੀ ਆੜ 'ਚ ਲੋਕਪੱਖੀ ਸ਼ਕਤੀਆਂ ਦਾ, ਜ਼ੰਗ ਵਿਰੋਧੀ ਲੋਕਾਂ ਦਾ ਮੂੰਹ ਬੰਦ ਕਰਨ ਦਾ ਭਰਮ ਪਾਲਿਆ ਜਾ ਰਿਹਾ ਹੈ। ਇਸ ਇੱਕ ਪਾਸੜ ਜੰਗ 'ਚ ਲਾਸ਼ਾਂ ਇਧਰ ਵੀ ਡਿੱਗਣੀਆਂ ਤੇ ਲਾਸ਼ਾਂ ਉਧਰ ਵੀ ਡਿੱਗਣਗੀਆਂ। 1971 'ਚ ਕਿੰਨੇ ਘਰ ਉੱਜੜੇ, ਬੱਚੇ ਯਤੀਮ ਹੋਏ, ਭੈਣਾਂ ਵਿਧਵਾ ਹੋਈਆਂ, ਬੁੱਢੇ ਮਾਂ-ਬਾਪ ਦੀ ਬੁਢੇਪੇ ਦੀ ਡੰਗੋਰੀ ਲੁੱਟੀ ਗਈ, ਸਭ ਦੇ ਸਾਹਮਣੇ ਹੈ। ਲੋਕ ਦੋਖੀ ਸੱਤਾ ਦੀ ਉਮਰ ਵਧਾਉਣ ਲਈ ਜੇਕਰ ਪੰਜ ਦਸ ਹਜ਼ਾਰ ਲੋਕਾਂ(ਫੌਜੀਆਂ) ਦੀ ਬਲੀ ਲੈ ਵੀ ਲਈ ਜਾਵੇ ਤਾਂ ਵੀ ਇਨ੍ਹਾਂ ਨੂੰ ਕੋਈ ਫ਼ਰਕ ਨਹੀ ਪੈਣਾ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਜ਼ੰਗ ਵਿੱਚ ਪੇਟ ਦੀ ਅੱਗ ਬੁਝਾਉਣ ਲਈ ਭਰਤੀ ਹੋਏ ਭਾਰਤ ਅਤੇ ਪਾਕਿਸਤਾਨ ਦੇ ਫ਼ੌਜੀ ਮੌਤ ਦਾ ਖਾਜਾ ਬਨਣਗੇ। ਬੱਚੇ ਅਨਾਥ ਹੋਣਗੇ, ਜਵਾਨ ਧੀਆਂ ਵਿਧਵਾ ਹੋਣ ਲਈ ਸਰਾਪੀਆਂ ਜਾਣਗੀਆਂ, ਬੁੱਢੇ ਮਾਂ ਬਾਪ ਦੇ ਬੁਢਾਪੇ ਦੀ ਡੰਗੋਰੀ ਜੰਗ ਦੀ ਭੇਂਟ ਚੜ੍ਹ ਜਾਵੇਗੀ। ਸਰਹੱਦ ਤੋਂ ਤਿਰੰਗੇ ਵਿੱਚ ਭਾਰਤੀ ਫੌਜੀਆਂ ਦੀ ਲਾਸ਼ਾਂ ਨੂੰ ਲਪੇਟ ਕੇ ਲਿਆਂਦਾ ਜਾਵੇਗਾ। ਫ਼ੌਜ ਦੇ ਇਨ੍ਹਾਂ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਜਾਵੇਗਾ। ਲੱਖਾਂ-ਕਰੋੜਾਂ ਰੁਪਏ ਦੀ ਨਗਦ ਰਾਸ਼ੀ ਦਾ ਐਲਾਨ ਕਰਕੇ ਫ਼ੌਜੀ ਵੀਰਾਂ ਦੀ ਮੌਤ ਦਾ ਮੁੱਲ ਵੱਟ ਲਿਆ ਜਾਵੇਗਾ।
ਸਵਾਲ ਇਹ ਹੈ ਕਿ ਅਜਿਹਾ ਸਾਰਾ ਕੁੱਝ ਕੀ
ਭਰ ਜਵਾਨ ਅਵਸਥਾ ਵਿੱਚ ਵਿਧਵਾ ਹੋਣ ਲਈ ਧੱਕ ਦਿੱਤੀਆਂ ਗਈਆਂ ਔਰਤਾਂ ਲਈ ਕਾਫ਼ੀ ਹੋਵੇਗਾ। ਇਨ੍ਹਾਂ ਜ਼ਬਰੀ ਥੋਪੀ ਜੰਗ ਵਿੱਚ ਨਰਿੰਦਰ ਮੋਦੀ-ਅਮਿਤ ਸ਼ਾਹ -ਰਾਜਨਾਥ ਵਰਗਿਆਂ ਅਤੇ ਅੰਬਾਨੀਆਂ- ਅਡਾਨੀਆਂ ਅਤੇ ਗੋਦੀ ਮੀਡੀਆ ਦੇ ਜੰਗ ਜੰਗ ਦਾ ਚੀਕ ਚਿਹਾੜਾ ਪਾ ਰਹੇ ਐਂਕਰਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਮਰਨਾ ਤਾਂ ਅਸੀਂ ਤੁਸੀਂ ਹੈ।
ਹਾਕਮ ਇਸ ਜ਼ੰਗ ਦੇ ਪਰਦੇ ਓਹਲੇ ਲੋਕ ਹਿੱਤਾਂ ਨਾਲ ਨੇੜਿਓਂ ਸਰੋਕਾਰ ਰੱਖਣ ਮਸਲਿਆਂ ਤੇ ਅਮਰੀਕਾ, ਇੰਗਲੈਂਡ ਵਰਗੇ ਸਾਮਰਾਜੀ ਮੁਲਕਾਂ ਨਾਲ ਸ਼ਰਮਨਾਕ ਸਮਝੌਤੇ ਕਰਨਗੇ। ਸਾਮਰਾਜੀ ਮੁਲਕ ਅਰਬਾਂ ਖਰਬਾਂ ਰੁਪਏ ਦੀ ਜ਼ੰਗੀ ਮਸ਼ੀਨਰੀ ਵੇਚਕੇ ਖ਼ੂਬ ਹੱਥ ਰੰਗਣਗੇ। ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ - ਮਜ਼ਦੂਰਾਂ ਦੀ ਮੰਦਹਾਲੀ , ਗ਼ਰੀਬੀ, ਭੁੱਖਮਰੀ ਲੋਕਾਂ ਦੇ ਬੁਨਿਆਦੀ ਮਸਲੇ ਜੰਗੀ ਜਾਨੂੰਨ ਦੇ ਬੋਝ ਥੱਲੇ ਦਬਕੇ ਰਹਿ ਜਾਣਗੇ। ਇਨਕਲਾਬੀ ਕੇਂਦਰ ਪੰਜਾਬ ਸਮਝਦਾ ਹੈ ਕਿ ਜ਼ੰਗ ਕਿਸੇ ਮਸਲੇ ਦਾ ਹੱਲ ਨਹੀਂ, ਨਾਂ ਹੀ ਲੋਕਾਂ ਦੀ ਲੋੜ ਹੁੰਦੀ ਹੈ। ਜੰਗ ਹਾਕਮਾਂ ਦੀਆਂ ਲੋੜਾਂ ਦੀ ਪੂਰਤੀ ਕਰਦੀ ਹੈ। ਆਓ, ਹਾਕਮ ਜਮਾਤੀ ਪਾਰਟੀਆਂ ਦੇ ਹਿੱਤਾਂ ਦੀ ਪੂਰਤੀ ਲਈ ਭੜਕਾਈ ਭਾਰਤ-ਪਾਕਿ ਨਿਹੱਕੀ ਜੰਗ-ਬੰਦ ਕਰਨ, ਪਹਿਲਗਾਮ ਦੀ ਘਟਨਾ ਨੂੰ ਆਧਾਰ ਬਣਾ ਕੇ ਫ਼ਿਰਕੂ ਵੰਡੀਆਂ ਪਾਉਣ ਦੀਆਂ ਕੋਸਿਸ਼ਾਂ ਬੰਦ ਕਰਨ, ਮੁਸਲਿਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ, ਪਹਿਲਗਾਮ ਘਟਨਾ ਦੀ ਨਿਆਂਇਕ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਜ਼ਾ ਦੇਣ, ਕਸ਼ਮੀਰੀ ਲੋਕਾਂ ਦੇ ਸਵੈ-ਨਿਰਨੇ ਦਾ ਹੱਕ ਪ੍ਰਵਾਨ ਕਰਨ, ਅਫਸਪਾ, ਯੂਏਪੀਏ ਵਰਗੇ ਕਾਲੇ ਕਾਨੂੰਨ ਵਾਪਸ ਲੈਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰੀਏ।

-
ਨਰਾਇਣ ਦੱਤ , ਲੇਖਕ
ndutt2011@gmail.com
8427511770
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.