ਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰ ਤੇ ਗੈਂਗਸਟਰ ਦੀ ਨਾਜਾਇਜ਼ ਉਸਾਰੀ ਢਾਹੀ
- ਮੁਲਜ਼ਮ ਖਿਲਾਫ਼ ਨਸ਼ਾ ਤਸਕਰੀ, ਇਰਾਦਾ ਕਤਲ ਸਮੇਤ ਵੱਖ-ਵੱਖ ਥਾਣਿਆਂ ’ਚ 21 ਮੁਕੱਦਮੇ ਦਰਜ
ਜਲੰਧਰ, 9 ਮਈ 2025: ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਪਹਿਲਕਦਮੀ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਅੱਜ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਅਤੇ ਐਸ.ਪੀ. ਸਰਬਜੀਤ ਰਾਏ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਵੱਲੋਂ ਕੀਤੀ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਨਸ਼ਾ ਤਸਕਰ ਅਤੇ ਗੈਂਗਸਟਰ ਵਿਜੈ ਮਸੀਹ ਵਾਸੀ ਮੁਹੱਲਾ ਉੱਚੀ ਘਾਟੀ ਫਿਲੌਰ, ਜੋ ਕਿ ਥਾਣਾ ਫਿਲੌਰ ਦਾ ਹਿਸਟਰੀ ਸ਼ੀਟਰ ਹੈ, ਖਿਲਾਫ਼ ਨਸ਼ਾ ਤਸਕਰੀ, ਇਰਾਦਾ ਕਤਲ ਆਦਿ ਵੱਖ ਵੱਖ ਧਾਰਾਵਾ ਤਹਿਤ ਵੱਖ-ਵੱਖ ਥਾਣਿਆਂ ਵਿੱਚ ਕੁੱਲ 21 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦਿਆਂ ਮੁਲਜ਼ਮ ਵਿਜੈ ਮਸੀਹ ਦੀ ਦੁਕਾਨ ਨੂੰ ਢਾਹਿਆ ਗਿਆ ਹੈ ਅਤੇ ਈ.ਓ. ਫਿਲੌਰ ਪਾਸੋਂ ਨਾਜਾਇਜ਼ ਕੀਤੀ ਗਈ ਉਸਾਰੀ ਸਬੰਧੀ ਯੋਗ ਆਰਡਰ ਲਏ ਗਏ ਸਨ।
ਜ਼ਿਕਰਯੋਗ ਹੈ ਕਿ ਮੁਲਜ਼ਮ ਵੱਲੋਂ ਫਿਲੌਰ ਸ਼ਹਿਰ ਵਿੱਚ ਨਸ਼ਾ ਵੇਚ ਕੇ ਖ਼ਰੀਦ ਕੀਤੀ ਡੇਢ ਕਿੱਲੇ ਜ਼ਮੀਨ ਪਹਿਲਾਂ ਹੀ ਨਵੀਂ ਦਿੱਲੀ ਦੀ ਕੰਪੀਟੈਂਟ ਅਥਾਰਟੀ ਵੱਲੋਂ ਫਰੀਜ਼ ਕਰਵਾਈ ਜਾ ਚੁੱਕੀ ਹੈ।
ਐਸ.ਐਸ.ਪੀ. ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।
ਉਨ੍ਹਾਂ ਲੋਕਾਂ ਨੂੰ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਦੀ ਜਾਣਕਾਰੀ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 9779-100-200 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।