← ਪਿਛੇ ਪਰਤੋ
Babushahi Special: ਬਠਿੰਡਾ: ਬਜ਼ਾਰ ਚੋਂ ਕਾਰ ਚੁੱਕੀ ਤਾਂ ਕਰਿੰਦੇ ਦੀ ਭੁਗਤ ਸੁਆਰਨ ਲਈ ਲੋਕਾਂ ਨੇ ਘੂਰੀ ਵੱਟੀ
ਅਸ਼ੋਕ ਵਰਮਾ
ਬਠਿੰਡਾ,9ਮਈ2025: ਮਲਟੀ ਸਟੋਰੀ ਪਾਰਕਿੰਗ ਦੇ ਠੇਕੇਦਾਰ ਦੇ ਕਰਿੰਦੇ ਵੱਲੋਂ ਬਠਿੰਡਾ ਦੇ ਬੈਂਕ ਬਜ਼ਾਰ ਚੋਂ ਸੜਕ ਤੇ ਖਲੋਤੀ ਇੱਕ ਕਾਰ ਚੁੱਕਕੇ ਲਿਜਾਣ ਦਾ ਮਾਮਲਾ ਐਨਾ ਵਧ ਗਿਆ ਕਿ ਭੜਕੇ ਲੋਕਾਂ ਨੇ ਇਹ ਕਰਿੰਦਾ ਕਰੇਨ ਚੋਂ ਧੂਹਕੇ ਬਾਹਰ ਕੱਢ ਲਿਆ ਅਤੇ ਚੰਗੀ ਭੁਗਤ ਸੁਆਰੀ। ਲੋਕਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਇਹ ਬੰਦਾ ਧੱਕੇ ਨਾਲ ਕਾਰ ਟੋਅ ਕਰਕੇ ਲਿਜਾ ਰਿਹਾ ਸੀ ਤੇ ਦੂਜੇ ਪਾਸੇ ਇਸ ਦੀ ਬੋਲਬਾਣੀ ਬੇਹੱਦ ਭੱਦੀ ਸੀ ਜਿਸ ਕਰਕੇ ਅੱਜ ਇਹ ਸਬਕ ਸਿਖਾਉਣਾ ਪਿਆ ਹੈ। ਇਸ ਮੌਕੇ ਮਾਮਲਾ ਐਨਾ ਜਿਆਦਾ ਵਧ ਗਿਆ ਕਿ ਟੋਅ ਵੈਨ ਦਾ ਮੁਲਾਜਮ ਅਤੇ ਆਮ ਲੋਕ ਵੱਡੀ ਪੱਧਰ ਤੇ ਥੱਪੜੋ ਥੱਪੜੀ ਹੋ ਗਏ। ਦਿਲਚਸਪ ਪਹਿਲੂ ਇਹ ਵੀ ਹੈ ਕਿ ਜਦੋਂ ਦੋਵੇਂ ਧਿਰਾਂ ਆਪਸ ਵਿੱਚ ਝਾਟਮਝੀਟੀ ਹੋ ਰਹੀਆਂ ਸਨ ਤਾਂ ਉਸ ਵਕਤ ਇੱਕ ਪੁਲਿਸ ਮੁਲਾਜਮ ਕਰੇਨ ਦੇ ਅੰਦਰ ਤਮਾਸ਼ਬੀਨ ਬਣਕੇ ਬੈਠਾ ਰਿਹਾ ਅਤੇ ਉਸ ਨੇ ਲੜਾਈ ਵਿੱਚ ਪੂਰੀ ਤਰਾਂ ਪਾਸਾ ਵੱਟੀ ਰੱਖਿਆ। ਇਸ ਲੜਾਈ ਸਬੰਧੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਦੋਵੇਂ ਪੱਖ ਆਪਸ ’ਚ ਜੰਮ ਕੇ ਉਲਝਦੇ ਨਜ਼ਰ ਆ ਰਹੇ ਹਨ। ਕਾਰ ਦਾ ਮਾਲਕ ਕੌਣ ਹੈ ਇਸ ਸਬੰਧੀ ਤਾਂ ਨਹੀਂ ਪਤਾ ਲੱਗ ਸਕਿਆ ਪਰ ਟੋਅ ਵੈਨ ਦੀ ਕਥਿਤ ਧੱਕੇਸ਼ਾਹੀ ਨੂੰ ਦੇਖਦਿਆਂ ਆਮ ਲੋਕਾਂ ਨੇ ਟੋਅ ਵੈਨ ਸਟਾਫ ਦੇ ਮੈਂਬਰ ਨੂੰ ਰੱਜਕੇ ਕੁਟਾਪਾ ਚਾੜ੍ਹਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਿਸੇ ਲਾਗਲੇ ਪਿੰਡ ਤੋਂ ਇੱਕ ਵਿਅਕਤੀ ਆਪਣੀ ਪਤਨੀ ਅਤੇ ਪ੍ਰੀਵਾਰ ਸਮੇਤ ਬਠਿੰਡਾ ਦੇ ਬੈਂਕ ਬਜ਼ਾਰ ਵਿੱਚ ਕੋਈ ਖਰੀਦੋ ਫਰੋਖਤ ਕਰਨ ਲਈ ਆਇਆ ਸੀ। ਮੌਕੇ ਤੇ ਹਾਜ਼ਰ ਕੁੱਝ ਲੋਕਾਂ ਨੇ ਦੱਸਿਆ ਕਿ ਇਹ ਵਿਅਕਤੀ ਅਤੇ ਉਸ ਦੀ ਪਤਨੀ ਕਾਰ ਵਿੱਚੋਂ ਉੱਤਰਕੇ ਅਜੇ ਸੜਕ ਤੇ ਖਲੋਤੇ ਹੀ ਸਨ ਕਿ ਅਚਾਨਕ ਤੇਜੀ ਨਾਲ ਟੋਅ ਵੈਨ ਆਈ ਅਤੇ ਉਸ ਵਿੱਚ ਸਵਾਰ ਮੁਲਾਜਮ ਨੇ ਕਾਰ ਨੂੰ ਝੱਟ ਲਾਕ ਕਰ ਦਿੱਤਾ । ਇਸ ਮੌਕੇ ਜਦੋਂ ਕਾਰ ਦੇ ਮਾਲਕ ਨੇ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ 800 ਰੁਪੈ ਜੁਰਮਾਨਾ ਅਦਾ ਕਰਨ ਲਈ ਕਿਹਾ। ਕਾਰ ਮਾਲਕ ਨੇ ਵਿਰੋਧ ਜਤਾਇਆ ਅਤੇ ਕਿਹਾ ਕਿ ਉਹ ਤਾਂ ਅਜੇ ਆਪਣੀ ਕਾਰ ਚੋਂ ਉੱਤਰੇ ਹੀ ਸਨ ਤੇ ਉਨ੍ਹਾਂ ਨੂੰ ਇਸ ਗੱਲ ਬਾਰੇ ਪਤਾ ਵੀ ਨਹੀਂ ਸੀ ਇਸ ਲਈ ਕਾਰ ਚੁੱਕੀ ਜਾਣੀ ਪੂਰੀ ਤਰਾਂ ਗੈਰਵਾਜਬ ਹੈ। ਦੂਜੇ ਪਾਸੇ ਟੋਅ ਵੈਨ ਸਟਾਫ ਨੇ ਪੈਸੇ ਅਦਾ ਕਰਨ ਤੋਂ ਬਗੈਰ ਕਾਰ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਨੂੰ ਲੈਕੇ ਦੋਵਾਂ ਧਿਰਾਂ ਵਿੱਚ ਤਕਰਾਰ ਸ਼ੁਰੂ ਹੋ ਗਈ। ਇਸ ਦੌਰਾਨ ਮੌਕੇ ਤੇ ਵੱਡਾ ਇਕੱਠ ਹੋ ਗਿਆ ਅਤੇ ਲੋਕਾਂ ਨੇ ਕਾਰ ਚਾਲਕ ਦੀ ਹਮਾਇਤ ਸ਼ੁਰੂ ਕਰ ਦਿੱਤੀ। ਇਸ ਮੌਕੇ ਆਪਸੀ ਬੋਲ ਬੁਲਾਰਾ ਐਨੀ ਵਧ ਗਿਆ ਅਤੇ ਕੁੱਝ ਬੋਲਣ ਤੋਂ ਬਾਅਦ ਲੋਕਾਂ ਨੇ ਪਾਰਕਿੰਗ ਦੇ ਮੁਲਾਜਮ ਨੂੰ ਕਰੇਨ ਚੋਂ ਬਾਹਰ ਘੜੀਸ ਲਿਆ। ਇਸ ਦੌਰਾਨ ਦੋਵੇਂ ਧਿਰਾਂ ਆਪਸ ਵਿੱਚ ਉਲਝ ਗਈਆਂ ਅਤੇ ਇੱਕ ਦੂਜੇ ਤੇ ਥੱਪੜਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ। ਇੱਕ ਦੁਕਾਨਦਾਰ ਨੇ ਕਿਹਾ ਕਿ ਅਸਲ ’ਚ ਇਹ ਟੋਅ ਵੈਨ ਵਾਲਿਆਂ ਵੱਲੋਂ ਰੋਜਾਨਾ ਕੀਤੇ ਜਾਂਦੇ ਧੱਕੇ ਦਾ ਨਤੀਜ਼ਾ ਹੈ ਜੋ ਇਸ ਰੂਪ ’ਚ ਸਾਹਮਣੇ ਨਿਕਲਿਆ ਹੈ। ਲੋਕਾਂ ਨੇ ਦੱਸਿਆ ਕਿ ਟੋਅ ਵੈਨ ਦੇ ਮੁਲਾਜਮਾਂ ਨੇ ਧੱਕੇ ਨਾਲ ਕਾਰ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਰੋਧ ਕਰਨ ਵਾਲਿਆਂ ਨੂੰ ਗਾਹਲਾਂ ਵੀ ਕੱਢੀਆਂ ਜੋ ਝਗੜੇ ਦਾ ਕਾਰਨ ਬਣੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸ਼ਨ ਮੁਲਾਜਮ ਖਿਲਾਫ ਬਣਦੀ ਕਾਰਵਾਈ ਕਰੇ। ਧੱਕੇ ਕਾਰਨ ਭੜਕਿਆ ਗੁੱਸਾ ਮੌਕੇ ਤੇ ਪੁੱਜੇ ਸੋੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਇਸ ਤਰਾਂ ਕਾਰਾਂ ਚੁੱਕਣਾ ਅਤੇ ਧੱਕਾ ਕਰਨਾ ਰੋਜ ਦੀ ਗੱਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਾਂ ਕਾਰ ਧੱਕੇ ਨਾਲ ਚੁੱਕੀ ਤਾਂ ਹੀ ਲੋਕਾਂ ਨੇ ਵਿਰੋਧ ਜਤਾਇਆ ਹੈ। ਉਨ੍ਹਾਂ ਕਿਹਾ ਕਿ ਟੋਅ ਵੈਨ ਦੇ ਸਟਾਫ ਵੱਲੋਂ ਨਿੱਤ ਰੋਜ ਕੀਤੀ ਜਾਂਦੀ ਧੱਕੇਸਾਹੀ ਹੀ ਲੋਕਾਂ ਦੇ ਭੜਕਣ ਦਾ ਕਾਰਨ ਬਣੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਵੀਡੀਓ ਡਿਪਟੀ ਕਮਿਸ਼ਨਰ ਨੂੂੰ ਵੀ ਭੇਜੀ ਹੈ ਤਾਂ ਜੋ ਉਨ੍ਹਾਂ ਨੂੰ ਵੀ ਹਕੀਕਤ ਦਾ ਪਤਾ ਲੱਗ ਸਕੇ। ਟੋਅ ਵੈਨ ਕੁੱਝ ਦਿਨ ਬੰਦ ਹੋਵੇ ਵਪਾਰ ਮੰਡਲ ਦੇ ਪ੍ਰਧਾਨ ਜੀਵਨ ਬਾਂਸਲ ਦਾ ਕਹਿਣਾ ਸੀ ਕਿ ਜਿਸ ਤਰਾਂ ਦਾ ਮਹੌਲ ਚੱਲ ਰਿਹਾ ਹੈ ਉਸ ਨੂੰ ਦੇਖਦਿਆਂ ਕੁੱਝ ਦਿਨ ਲਈ ਟੋਅ ਵੈਨ ਬੰਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਟੋਅ ਵੈਨ ਸਟਾਫ ਇਸ ਝਗੜੇ ਦੀ ਆੜ ਵਿੱਚ ਦੁਕਾਨਦਾਰਾਂ ਨੂੰ ਉਲਝਾਉਣ ਦੇ ਰੌਂਅ ਵਿੱਚ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਦੁਕਾਨਦਾਰ ਨਾਲ ਧੱਕਾ ਕੀਤਾ ਗਿਆ ਤਾਂ ਵਪਾਰ ਮੰਡਲ ਸੜਕਾਂ ਤੇ ਉੱਤਰਨ ਤੋਂ ਪਿੱਛੇ ਨਹੀਂ ਹਟੇਗਾ। ਜਾਂਚ ਮਗਰੋਂ ਕਾਰਵਾਈ:ਐਸਐਚਓ ਓਧਰ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਪਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਇਸ ਸਬੰਧ ’ਚ ਸ਼ਕਾਇਤ ਆਈ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰ ਦੀ ਸ਼ਿਨਾਖਤ ਕਰ ਲਈ ਹੈ ਅਤੇ ਇਸ ਸਬੰਧੀ ’ਚ ਉਨ੍ਹਾਂ ਕੋਲ ਪੁੱਜੀ ਵੀਡਓ ਦੀ ਵੀ ਜਾਂਚ ਉਹ ਜਾਂਚ ਕਰ ਰਹੇ ਹਨ ਜਿਸ ਦੇ ਮੁਕੰਮਲ ਹੋਣ ਤੇ ਬਣਦੀ ਕਾਰਵਾਈ ਕੀਤੀ ਜਾਏਗੀ।
Total Responses : 1007