ਪਾਕਿ ਹਮਲਿਆਂ ’ਚ 5 ਹਵਾਈ ਅੱਡਿਆਂ ’ਤੇ ਹੋਇਆ ਨੁਕਸਾਨ-ਕਰਨਲ ਕੁਰੈਸ਼ੀ, ਵਿੰਗ ਕਮਾਂਡਰ ਵਿਓਮਿਕਾ ਸਿੰਘ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 10 ਮਈ, 2025: ਪਾਕਿਸਤਾਨ ਵੱਲੋਂ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਜਾ ਰਹੇ ਹਮਲਿਆਂ ਵਿਚ ਊਧਮਪੁਰ, ਪਠਾਨਕੋਟ, ਆਦਮਪੁਰ, ਭੁੱਜ ਤੇ ਬਠਿੰਡਾ ਹਵਾਈ ਅੱਡਿਆਂ ’ਤੇ ਉਪਕਰਣਾਂ ਅਤੇ ਅਮਲੇ ਨੂੰ ਨੁਕਸਾਨ ਹੋਇਆ ਹੈ। ਇਹ ਪ੍ਰਗਟਾਵਾ ਭਾਰਤ ਸਰਕਾਰ ਵੱਲੋਂ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਕੀਤਾ ਹੈ।
ਉਹਨਾਂ ਦੱਸਿਆ ਕਿ ਪਾਕਿਸਤਾਨ ਵੱਲੋਂ ਪੱਛਮੀ ਸਰਹੱਦ ’ਤੇ ਨਿਰੰਤਰ ਹਮਲੇ ਜਾਰੀ ਹਨ ਜਿਹਨਾਂ ਵਿਚ ਫਿਰੋਜ਼ਪੁਰ ਤੇ ਜਲੰਧਰ ਵਿਚ ਕੁਝ ਆਮ ਨਾਗਰਿਕ ਜ਼ਖ਼ਮੀ ਵੀ ਹੋਏ ਹਨ। ਇਸ ਤੋਂ ਇਲਾਵਾ ਰਾਜੌਰੀ ਵਿਚ ਇਕ ਪ੍ਰਸ਼ਾਸਨਿਕ ਅਧਿਕਾਰੀ ਦੀ ਮੌਤ ਵੀ ਹੋਈ ਹੈ। ਉਹਨਾਂ ਦੱਸਿਆ ਕਿ ਸ੍ਰੀਨਗਰ ਤੋਂ ਨਲੀਆ ਤੱਕ 26 ਥਾਵਾਂ ’ਤੇ ਹਮਲੇ ਹੋਏ ਹਨ। ਉਹਨਾਂ ਕਿਹਾ ਕਿ ਭਾਰਤ ਨੇ ਠੋਕਵੀਂ ਜਵਾਬੀ ਕਾਰਵਾਈ ਕੀਤੀ ਹੈ ਤੇ ਪਾਕਿਸਤਾਨ ਵਿਚ ਰਾਵਲਪਿੰਡੀ ਸਮੇਤ ਅਨੇਕਾਂ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।