ਤਰਨ ਤਾਰਨ ਦਾ ਇਹ ਸਰਹੱਦੀ ਪਿੰਡ ਹੋਣ ਲੱਗਾ ਖਾਲੀ, ਲੋਕ ਘਰ ਛੱਡ ਕੇ ਜਾਣ ਲਈ ਮਜਬੂਰ
ਬਲਜੀਤ ਸਿੰਘ
ਪੱਟੀ (ਤਰਨਤਾਰਨ), 9 ਮਈ 2025
ਭਾਰਤ-ਪਾਕਿਸਤਾਨ ਸਰਹੱਦ 'ਤੇ ਵਧਦੇ ਤਣਾਅ ਅਤੇ ਜੰਗ ਵਰਗੀ ਸਥਿਤੀ ਕਾਰਨ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਗਿੱਲਪਨ ਦੇ ਲੋਕਾਂ ਨੇ ਆਪਣਾ ਪਿੰਡ ਛੱਡਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਵਾਸੀ ਘਰੇਲੂ ਸਮਾਨ, ਮਾਲ-ਡੰਗਰ ਅਤੇ ਪਰਿਵਾਰ ਸਮੇਤ ਟਰੈਕਟਰ-ਟਰਾਲੀਆਂ, ਗੱਡੀਆਂ ਅਤੇ ਹੋਰ ਵਾਹਨਾਂ 'ਚ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹ 1965, 1971 ਦੀ ਜੰਗ ਅਤੇ 2016 ਦੀ ਸਰਜੀਕਲ ਸਟਰਾਈਕ ਸਮੇਂ ਵੀ ਆਪਣਾ ਪਿੰਡ ਛੱਡਣ ਲਈ ਮਜਬੂਰ ਹੋਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰੀ ਜੰਗ ਜਾਂ ਤਣਾਅ ਦੌਰਾਨ ਆਮ ਲੋਕਾਂ ਨੂੰ ਹੀ ਘਰ-ਵਾਰ ਛੱਡਣਾ ਪੈਂਦਾ ਹੈ, ਪਰ ਨਾ ਤਾਂ ਕਿਸੇ ਸਰਕਾਰ ਨੇ ਅਤੇ ਨਾ ਹੀ ਪ੍ਰਸ਼ਾਸਨ ਨੇ ਕਦੇ ਵੀ ਆਰਥਿਕ ਨੁਕਸਾਨ ਦੀ ਭਰਪਾਈ ਕੀਤੀ ਜਾਂ ਉਨ੍ਹਾਂ ਦੀ ਹਾਲਤ ਪੁੱਛੀ।
ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ। ਭਾਰਤ ਵੱਲੋਂ ਚਲਾਏ ਜਾ ਰਹੇ "ਆਪਰੇਸ਼ਨ ਸਿੰਦੂਰ" ਅਤੇ ਪਾਕਿਸਤਾਨ ਵਲੋਂ ਜਵਾਬੀ ਹਮਲਿਆਂ ਕਾਰਨ ਸਰਹੱਦੀ ਇਲਾਕਿਆਂ ਵਿੱਚ ਡਰ ਦਾ ਮਾਹੌਲ ਹੈ। ਲੋਕ ਆਪਣੀ ਜਾਨ-ਮਾਲ ਦੀ ਰੱਖਿਆ ਲਈ ਪਹਿਲਾਂ ਹੀ ਪਿੰਡ ਖਾਲੀ ਕਰ ਰਹੇ ਹਨ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਅਤੇ ਆਰਥਿਕ ਨੁਕਸਾਨ ਦੀ ਭਰਪਾਈ ਲਈ ਤੁਰੰਤ ਕਦਮ ਚੁੱਕੇ ਜਾਣ।