ਅੱਜ 17 ਮਈ ਤੋਂ ਰਾਜਸਥਾਨ ਲਈ ਛੱਡਿਆ ਜਾਵੇਗਾ ਸਿੰਜਾਈ ਲਈ ਵਾਧੂ ਪਾਣੀ
ਚੰਡੀਗੜ੍ਹ, 17 ਮਈ, 2022: ਰਾਜਸਥਾਨ ਦੀ ਮੰਗ ’ਤੇ ਪੰਜਾਬ ਵੱਲੋਂ ਅੱਜ 17 ਮਈ ਤੋਂ ਸਵੇਰੇ 6 ਵਜੇ ਤੋਂ ਵਾਧੂ ਪਾਣੀ ਫ਼ਿਰੋਜ਼ਪੁਰ ਫੀਡਰ ਰਾਹੀਂ ਛੱਡਿਆ ਜਾਵੇਗਾ ਜੋ ਸਿੰਜਾਈ ਵਾਸਤੇ ਵਰਤਿਆ ਜਾਵੇਗਾ। ਇਹ ਖ਼ੁਲਾਸਾ ਪੰਜਾਬ ਦੇ ਮੁੱਖ ਇੰਜੀਨੀਅਰ ਨਹਿਰਾਂ ਜਲ ਸਰੋਤ ਵਿਭਾਗ ਵੱਲੋਂ ਨਿਗਰਾਨ ਇੰਜੀਨੀਅਰ ਫ਼ਿਰੋਜ਼ਪੁਰ ਸਰਕਲ ਨੂੰ ਲਿਖੇ ਪੱਤਰ ਰਾਹੀਂ ਹੋਇਆ ਹੈ। ਪੱਤਰ ਵਿਚ ਦੱਸਿਆ ਗਿਆ ਕਿ 16 ਮਈ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਮੀਟਿੰਗ ਵਿਚ ਰਾਜਸਥਾਨ ਨੇ ਸਿੰਜਾਈ ਲਈ ਵਾਧੂ ਪਾਣੀ ਦੇਣ ਦੀ ਮੰਗ ਵਾਰ ਵਾਰ ਕੀਤੀ ਜਿਸ ’ਤੇ ਇਹ ਫ਼ੈਸਲਾ ਲਿਆ ਗਿਆ ਕਿ 17 ਮਈ ਸਵੇਰੇ 6 ਵਜੇ ਤੋਂ ਇਹ ਪਾਣੀ ਛੱਡਿਆ ਜਾਵੇਗਾ ਜੋ ਸਿਰਫ਼ ਸਿੰਜਾਈ ਵਾਸਤੇ ਹੀ ਵਰਤਿਆ ਜਾਵੇਗਾ ਤੇ ਇਹ ਪੀਣ ਯੋਗ ਪਾਣੀ ਨਹੀਂ ਹੈ ਜਿਸ ਲਈ ਸੰਬੰਧਿਤ ਦਫ਼ਤਰਾਂ ਵੱਲੋਂ ਸਲਾਹਕਾਰੀ ਜਾਰੀ ਕੀਤੀ ਜਾ ਰਹੀ ਹੈ।