ਕੈਨੇਡੀਅਨ ਮੂਲ ਨਿਵਾਸੀਆਂ ਦੇ ਭਲੇ ਲਈ ਟਰੂਡੋ ਸਰਕਾਰ ਫੇਲ੍ਹ ਸਾਬਤ ਹੋ ਰਹੀ : ਜਗਮੀਤ
ਕਮਲਜੀਤ ਬੁੱਟਰ
- ਨੈਸ਼ਨਲ ਇੰਡਿਜਿਨਸ ਪੀਪਲਜ਼ ਡੇਅ ਮੌਕੇ ਹੋਈ ਚਰਚਾ
ਕੈਲਗਰੀ, 22 ਜੂਨ 2021 - ਫੈਡਰਲ ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਲਿਬਰਲ ਸਰਕਾਰ ‘ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਹੈ ਕਿ ਮੂਲ ਨਿਵਾਸੀਆਂ ਪ੍ਰਤੀ ਕੀਤੇ ਗਏ ਪਿਛਲੇ ਜੁਰਮਾਂ ਅਤੇ ਪਾਪਾਂ ਤੋਂ ਸਬਕ ਸਿੱਖਦਿਆਂ, ਉਹਨਾਂ ਨਾਲ ਰਿਸ਼ਤਿਆਂ ਨੂੰ ਵਧੀਆ ਬਣਾਉਣ, ਉਹਨਾਂ ਨਾਲ ਸਹੀ ਸਲੂਕ ਕਰਨ ਆਦਿ ਦੇ ਮਾਮਲੇ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਤੇ ਉਸ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਵੱਡਾ ਫ਼ਰਕ ਹੈ।
ਜਗਮੀਤ ਸਿੰਘ ਨੇ ਕਿਹਾ ਕਿ ਬੀਤੇ ਦਿਨ ਨੈਸ਼ਨਲ ਇੰਡਿਜਿਨਸ ਪੀਪਲਜ਼ ਡੇਅ ਮੌਕੇ ਸਰਕਾਰ ਦਾ ਰੈਕਰਡ ਖੋਲ੍ਹ ਕੇ ਵਿਖਾਉਣਾ ਚਾਹੀਦਾ ਹੈ ਤੇ ਸਰਕਾਰ ਪਖੰਡ ਰਚ ਰਹੀ ਕਿ ਉਸ ਨੇ ਇਹਨਾਂ ਲਈ ਬਹੁਤ ਕੁਝ ਕੀਤਾ ਹੈ। ਨੁਨਾਵਟ ਤੋਂ ਐਨਡੀਪੀ ਐਮਪੀ ਮੁਮਿਲਾਕ ਕੇਕਾਕ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ 6 ਸਾਲ ਸਰਕਾਰ ਵਿੱਚ ਰਹਿਣ ਦੇ ਬਾਵਜੂਦ ਮੂਲ ਨਿਵਾਸੀਆਂ ਲਈ ਸਿਰਫ਼ ਲਿਪ ਸਰਵਿਸ ਹੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੂਲ ਨਿਵਾਸੀਆਂ ਲਈ ਉਹਨਾਂ ਦਾ ਆਪਣਾ ਦਿਨ ਹੀ ਉਹਨਾਂ ਨੂੰ ਉਦਾਸ ਕਰ ਗਿਆ ਹੈ।