ਵੱਡੀ ਖ਼ਬਰ: ਹਰਜੋਤ ਬੈਂਸ ਤਨਖਾਹੀਆ ਕਰਾਰ, ਅਕਾਲ ਤਖਤ ਸਾਹਿਬ ਨੇ ਸਜ਼ਾ ਵੀ ਲਾਈ
ਚੰਡੀਗੜ੍ਹ, 06 ਅਗਸਤ 2025- ਕੈਬਨਿਟ ਮੰਤਰੀ ਹਰਜੋਤ ਸਿੰਘ ਅੱਜ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਉਨ੍ਹਾਂ ਨੇ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ। ਇਸ ਉਪਰੰਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹਰਜੋਤ ਬੈਂਸ ਨੂੰ ਤਨਖਾਹੀਆ ਕਰਾਰ ਐਲਾਨਿਆ ਅਤੇ ਸਜ਼ਾ ਵੀ ਸੁਣਾਈ। ਜਥੇਦਾਰ ਨੇ ਹਰਜੋਤ ਬੈਂਸ ਨੂੰ ਸਜ਼ਾ ਲਾਉਂਦੇ ਹੋਏ ਕਿਹਾ ਕਿ ਉਹ (ਹਰਜੋਤ ਬੈਂਸ) ਅੱਜ ਹੀ ਹੁਣੇ ਹੀ, 9ਵੇਂ ਪਾਤਸ਼ਾਹ ਤੋਂ ਗੁਰੂ ਕੇ ਮਹਿਲ ਤੱਕ ਤੁਰ ਕੇ ਜਾਣਗੇ।
ਇਸ ਤੋਂ ਇਲਾਵਾ ਗੁਰਦੁਆਰਾ ਕੋਠਾ ਸਾਹਿਬ ਵਿਖੇ 100 ਮੀਟਰ ਤੁਰ ਕੇ ਜਾਣਗੇ ਅਤੇ ਗੁਰੂਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਵੀ 100 ਮੀਟਰ ਤੁਰਕੇ ਜਾਣਗੇ ਅਤੇ ਲੋੜੀਂਦੇ ਕਾਰਜਾਂ ਦਾ ਪ੍ਰਬੰਧ ਕਰਨਗੇ। ਇਸ ਦੇ ਨਾਲ ਹੀ ਇਨ੍ਹਾਂ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਰਸਤਿਆਂ ਨੂੰ ਠੀਕ ਕਰਵਾਉਣਗੇ। ਹਰਜੋਤ ਬੈਂਸ ਨੂੰ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਵਿਖੇ ਵੀ ਜਾਣ ਲਈ ਜਥੇਦਾਰ ਵੱਲੋਂ ਕਿਹਾ ਗਿਆ ਹੈ। ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹਰਜੋਤ ਬੈਂਸ ਦੋ ਦਿਨ ਜੋੜਾਘਰ ਵਿੱਚ ਸੇਵਾ ਕਰਨਗੇ ਅਤੇ 1100 ਰੁਪਏ ਦੀ ਦੇਗ ਕਰਵਾਉਣਗੇ।
ਦੱਸ ਦਈਏ ਕਿ 24 ਜੁਲਾਈ ਨੂੰ ਪੰਜਾਬ ਭਾਸ਼ਾ ਵਿਭਾਗ ਵੱਲੋਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦਾ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ‘ਚ ਪੰਜਾਬੀ ਸਿੰਗਰ ਬੀਰ ਸਿੰਘ ਨੇ ਪਰਫੋਰਮ ਕੀਤਾ ਸੀ ਤੇ ਪ੍ਰੋਗਰਾਮ ਦੀਆਂ ਨੱਚਣ-ਟੱਪਣ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ, ਇਸ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ।
ਕਾਬਿਲੇਗੌਰ ਹੈ ਕਿ 1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੂੰ ਪੰਜ ਸਿੰਘ ਸਾਹਿਬਾਨ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਉਸ ਦਿਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਦੋਵਾਂ ਨੂੰ 6 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਹ ਮੀਟਿੰਗ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਪ੍ਰਧਾਨਗੀ ਹੇਠ ਹੋਵੇਗੀ।
ਹਾਲਾਂਕਿ, ਜ਼ਫ਼ਰ ਵਿਦੇਸ਼ ਵਿੱਚ ਹੋਣ ਕਰਕੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੱਸਿਆ ਹੈ ਕਿ ਪਰਿਵਾਰਕ ਸਮਾਗਮ ਕਾਰਨ ਉਹ ਬਾਅਦ ਵਿੱਚ ਨਿੱਜੀ ਤੌਰ 'ਤੇ ਪੇਸ਼ ਹੋਣਗੇ। ਉਨ੍ਹਾਂ ਦੀ ਮੰਗ ਮੰਨ ਲਈ ਗਈ ਹੈ।
---------.
ਪੜ੍ਹੋ ਅਕਾਲ ਤਖਤ ਸਾਹਿਬ ਵੱਲੋਂ ਪਾਸ ਮਤਾ
ਅੱਜ ਮਿਤੀ 22 ਸਾਵਣ ਨਾਨਕਸ਼ਾਹੀ ਸੰਮਤ 557 ਮੁਤਾਬਿਕ ੦੬ ਅਗਸਤ ੨੦੨੫ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਿਸ ਵਿੱਚ ਮਿਤੀ ੨੪ ਜੁਲਾਈ ੨੦੨੫ ਨੂੰ ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਤੇ ਹੋਰ ਸੰਸਥਾਵਾਂ ਵੱਲੋਂ ਸਾਂਝੇ ਤੌਰ ਉੱਤੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ ੩੫੦ ਸਾਲਾ ਸ਼ਹੀਦੀ ਦਿਹਾੜੇ ਸਬੰਧੀ ਇੱਕ ਪ੍ਰੋਗਰਾਮ ਟੈਗੋਰ ਹਾਲ ਵਿਖੇ ਕੀਤਾ, ਜਿਸ ਵਿੱਚ ਨਾਚ-ਗਾਣੇ ਤੇ ਮਨੋਰੰਜਨ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ।
ਦੇਸ਼ ਵਿਦੇਸ਼ ਤੋਂ ਸਿੱਖ ਸੰਗਤ ਨੇ ਇਸ ਸਬੰਧੀ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਪੰਜਾਬੀ ਗਾਇਕ ਬੀਰ ਸਿੰਘ ਵਿਰੁੱਧ ਲਿਖਤੀ ਸ਼ਿਕਾਇਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀਆਂ ਜਿਨ੍ਹਾਂ ਉੱਤੇ ਵਿਚਾਰ ਕਰਦਿਆਂ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਰਕਾਰਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆ ਉੱਤੇ ਸੈਮੀਨਾਰ, ਗੋਸ਼ਟੀਆਂ ਤੇ ਲੈਕਚਰ ਕਰਵਾਉਣੇ ਚਾਹੀਦੇ ਹਨ ਪਰ ਉਨ੍ਹਾਂ ਵਿੱਚ ਵੀ ਸਿੱਖ ਧਾਰਮਿਕ ਮਰਯਾਦਾ ਦਾ ਪੂਰਨ ਧਿਆਨ ਰੱਖਿਆ ਜਾਵੇ। ਇਨ੍ਹਾਂ ਸਮਾਗਮਾਂ ਨੂੰ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਸਹਿਯੋਗ ਲਿਆ ਜਾਵੇ।
ਧਾਰਮਿਕ ਤੇ ਗੁਰਮਤਿ ਸਮਾਗਮ ਕਰਨੇ ਅਤੇ ਨਗਰ ਕੀਰਤਨ ਕੱਢਣੇ ਖ਼ਾਲਸਾ ਪੰਥ ਦੀਆਂ ਸਿੱਖ ਸੰਸਥਾਵਾਂ ਦੇ ਕਾਰਜ ਹਨ ਅਤੇ ਪੰਥ ਇਨ੍ਹਾਂ ਨੂੰ ਕਰਨ ਲਈ ਪੂਰਨ ਸਮਰੱਥ ਹੈ, ਇਸ ਲਈ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਉੱਤੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸਹਿਯੋਗ ਕਰੇ, ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਬਿਹਾਰ ਸਰਕਾਰ ਨੇ ਕੀਤਾ ਸੀ।
ਸਿੱਖ ਸੰਸਥਾਵਾਂ ਵੀ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਦਾ ਇਨ੍ਹਾਂ ਸਮਾਗਮਾਂ ਵਿੱਚ ਬਣਦਾ ਸਤਿਕਾਰ ਕਰੇ।ਕਿਉਂਕਿ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੌਵੇਂ ਪਾਤਸ਼ਾਹ ਨਾਲ ਸਬੰਧਤ ਹੋਰ ਗੁਰਧਾਮਾਂ ਉੱਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚਣਗੀਆਂ, ਇਸ ਲਈ ਪੰਜਾਬ ਸਰਕਾਰ ਇਨ੍ਹਾਂ ਥਾਵਾਂ ਨੂੰ ਆਉਂਦੇ ਰਸਤੇ, ਸੜਕਾਂ ਠੀਕ ਕਰੇ, ਲੋੜੀਂਦੇ ਵਿਕਾਸ ਕਾਰਜ ਕਰੇ ਅਤੇ ਸੰਗਤ ਦੀ ਸਹੂਲਤ ਵਾਲੇ ਹੋਰ ਪ੍ਰਬੰਧ ਯਕੀਨੀ ਬਣਾਵੇ। ਜਿਵੇਂ ਬੀਤੇ ਸਮੇਂ ਮਨਾਈਆਂ ਸ਼ਤਾਬਦੀਆਂ ਮੌਕੇ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੁੰਦਿਆਂ ਕਾਲਜ, ਹਸਪਤਾਲ, ਯੂਨੀਵਰਸਿਟੀਆਂ ਸਥਾਪਤ ਕੀਤੀਆਂ ਹਨ, ਪੰਜਾਬ ਸਰਕਾਰ ਉਸੇ ਤਰਜ ਉੱਤੇ ਕਾਰਜ ਕਰਦਿਆਂ ਨੌਵੇਂ ਪਾਤਸ਼ਾਹ ਦੀ ਯਾਦਗਾਰ ਵਜੋਂ ਲੋਕ ਭਲਾਈ ਲਈ ਅਜਿਹੇ ਸੰਸਥਾਨ ਕਾਇਮ ਕਰੇ।ਸਾਹਮਣੇ ਆਏ ਤੱਥਾਂ ਤੋਂ ਸਪੱਸ਼ਟ ਹੋਇਆ ਹੈ ਕਿ ਸ਼੍ਰੀਨਗਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਿੱਖ ਮਰਯਾਦਾ ਦੀ ਵੱਡੀ ਉਲੰਘਣਾ ਹੋਈ ਹੈ, ਜਿਸ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ।
ਹਰਜੋਤ ਸਿੰਘ ਅੱਜ ਹੀ ਨੌਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ, ਸ੍ਰੀ ਅੰਮ੍ਰਿਤਸਰ ਵਿਖੇ ਤੁਰ ਕੇ ਜਾਣਗੇ ਅਤੇ ਇਸ ਅਸਥਾਨ ਨੂੰ ਜਾਂਦੇ ਰਸਤਿਆਂ ਅਤੇ ਗਲੀਆਂ ਨੂੰ ਠੀਕ ਕਰਵਾਉਣਗੇ ਅਤੇ ਚੰਗੀ ਸਾਫ਼-ਸਫਾਈ ਯਕੀਨੀ ਬਣਾਉਣਗੇ, ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ, ਵੱਲਾ, ਸ੍ਰੀ ਅੰਮ੍ਰਿਤਸਰ ਵਿਖੇ ੧੦੦ ਮੀਟਰ ਤੁਰ ਕੇ ਜਾਣ ਅਤੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨ, ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਲੋੜੀਂਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ, ਇਹ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਨਤਮਸਤਕ ਹੋਣ ਲਈ ਜਾਣਗੇ ਅਤੇ ਉਪਰੰਤ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ੦੨ ਦਿਨ ਜੋੜਾ ਘਰ ਵਿੱਚ ਸੇਵਾ ਕਰਨ ਉਪਰੰਤ ੧੧੦੦ ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ।