ਲੁਧਿਆਣਾ ਦਿਹਾਤੀ ਪੁਲਿਸ ਨੇ ਚਲਾਇਆ ਕਾਸੋ ਆਪਰੇਸ਼ਨ
- ਸੱਤ ਮੁਕਦਮੇ ਦਰਜ ਕਰਕੇ 11 ਦੋਸ਼ੀਆਂ ਨੂੰ ਕੀਤਾ ਕਾਬੂ
- 18 ਗ੍ਰਾਮ ਹੈਰੋਇਨ 169 ਨਸ਼ੇ ਵਾਲੀਆਂ ਗੋਲੀਆਂ 35 ਕੈਪਸੂਲ ਅਤੇ ਇੱਕ ਮੋਟਰਸਾਈਕਲ ਬਰਾਮਦ
ਦੀਪਕ ਜੈਨ
ਜਗਰਾਉਂ, 13 ਮਈ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਵੱਲੋਂ ਅੱਜ ਵੱਡੇ ਪੱਧਰ ਤੇ ਪੂਰੇ ਜ਼ਿਲ੍ਹੇ ਅੰਦਰ ਕਾਸੋ ਆਪਰੇਸ਼ਨ ਚਲਾ ਕੇ ਵੱਡੀ ਮਾਤਰਾ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ। ਪੂਰੇ ਮਾਮਲੇ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਵੇਚਣ, ਸਪਲਾਈ ਕਰਨ ਵਾਲੇ ਸਮਗਲਰਾਂ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮੈਡਮ ਅਨੀਤਾ ਪੁੰਜ ਆਈਪੀਐਸ ਵਧੀਕ ਡਾਇਰੈਕਟਰ ਜਨਰਲ ਪੁਲਿਸ ਕੰਮ ਡਾਇਰੈਕਟਰ ਪੀਪੀਏ ਫਲੋਰ ਦੀ ਯੋਗ ਅਗਵਾਈ ਹੇਠ ਅੱਜ ਇੱਕ ਕਾਸੋ ਆਪਰੇਸ਼ਨ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਜਿਲਾ ਲੁਧਿਆਣਾ ਦਿਹਾਤੀ ਦੇ ਅਧੀਨ ਪੈਂਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਚਲਾਇਆ ਗਿਆ। ਜਿਸ ਵਿੱਚ ਇੱਕ ਐਸਪੀ ਰੈਂਕ ਦਾ ਅਫਸਰ ਤਿੰਨ ਡੀਐਸਪੀ ਰੈਂਕ ਅਤੇ 106 ਐਨਜੀਓ ਅਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਇਸ ਅਪਰੇਸ਼ਨ ਬਾਰੇ ਐਸਐਸਪੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅਪਰੇਸ਼ਨ ਦੇ ਤਹਿਤ ਅੱਜ ਥਾਣਾ ਸਿਟੀ ਜਗਰਾਉਂ ਦੇ ਮਹੱਲਾ ਮਾਈ ਜੀਨਾ, ਥਾਣਾ ਸਦਰ ਜਗਰਾਉਂ ਦੇ ਪਿੰਡ ਰਾਮਗੜ੍ਹ ਭੁੱਲਰ, ਥਾਣਾ ਦਾਖਾ ਦੇ ਪਿੰਡ ਮੰਡਿਆਣੀ, ਥਾਣਾ ਸੁਧਾਰ ਦੇ ਪਿੰਡ ਅਕਾਲਗੜ੍ਹ, ਥਾਣਾ ਸਿਟੀ ਰਾਏਕੋਟ ਦੇ ਬਾਜੀਗਰ ਬਸਤੀ ਅਤੇ ਥਾਣਾ ਜੋਧਾਂ ਦੇ ਪਿੰਡ ਜੋਧਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਆਪਰੇਸ਼ਨ ਦੌਰਾਨ ਭੈੜੇ ਕਿਰਦਾਰ ਵਾਲੇ ਦੋਸ਼ੀਆਂ ਦੇ ਘਰਾਂ ਦੀ ਵੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ ਹੈ। ਜਿਸ ਦੌਰਾਨ ਕੁੱਲ ਸੱਤ ਮੁਕਦਮੇ ਦਰਜ ਕੀਤੇ ਗਏ ਹਨ ਅਤੇ 11 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਪਾਸੋਂ 18 ਗ੍ਰਾਮ ਹੈਰੋਇਨ, 169 ਨਸ਼ੇ ਵਾਲੀਆਂ ਗੋਲੀਆਂ, 35 ਕੈਪਸੂਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। 25 ਦੇ ਕਰੀਬ ਟਰੈਫਿਕ ਚਲਾਨ ਵੀ ਕੀਤੇ ਗਏ ਹਨ ਅਤੇ 47 ਸ਼ੱਕੀ ਵਿਅਕਤੀਆਂ ਦੀ ਪੂਰੀ ਸੰਜੀਦਗੀ ਨਾਲ ਚੈਕਿੰਗ ਕੀਤੀ ਗਈ ਹੈ।