ਅਮਨ ਕਾਨੂੰਨ ਦੇ ਮੁੱਦੇ ਤੇ ਭਾਜਪਾ ਆਗੂ ਸੰਦੀਪ ਅਗਰਵਾਲ ਨੇ ਘੇਰੀ ਪੰਜਾਬ ਸਰਕਾਰ
ਅਸ਼ੋਕ ਵਰਮਾ
ਬਠਿੰਡਾ, 8 ਜੁਲਾਈ 2025: ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਸਮਾਜਸੇਵੀ ਸ੍ਰੀ ਸੰਦੀਪ ਅਗਰਵਾਲ ਨੇ ਪੰਜਾਬ ’ਚ ਦਿਨੋ ਦਿਨ ਖਰਾਬ ਹੋ ਰਹੀ ਕਾਨੂੰਨ-ਵਿਵਸਥਾ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਰਾਜ ਸਰਕਾਰ ਅਤੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਨੂੰ ਸੁਰੱਖਿਅਤ ਵਾਤਾਵਰਣ ਦੇਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਸੰਦੀਪ ਅਗਰਵਾਲ ਨੇ ਕਿਹਾ ਕਿ ਪੰਜਾਬ ’ਚ ਹਰ ਰੋਜ਼ ਕਤਲ, ਲੁੱਟ, ਤੇ ਗੈਂਗਵਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਪਹਿਲਾਂ ਨਾਲੋਂ ਵੀ ਵੱਧ ਸਰਗਰਮ ਹੋ ਚੁੱਕਾ ਹੈ ਅਤੇ ਨੌਜਵਾਨਾਂ ਨੂੰ ਤੇਜ਼ੀ ਨਾਲ ਆਪਣੇ ਜਾਲ ’ਚ ਫਸਾ ਰਿਹਾ ਹੈ। ਉਨ੍ਹਾਂ ਦੋਸ਼ ਲਾਏ ਕਿ ਸਰਕਾਰ ਸਿਰਫ਼ ਖੋਖਲੇ ਐਲਾਨਾਂ ਅਤੇ ਝੂਠੇ ਅੰਕੜੇ ਪੇਸ਼ ਕਰ ਰਹੀ ਹੈ, ਜਦਕਿ ਜਮੀਨੀ ਹਕੀਕਤ ਡਰਾਉਣੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਕ ਪਾਸੇ ਜਿੱਥੇ ਬੇਰੁਜ਼ਗਾਰੀ ਤੇ ਮਹਿੰਗਾਈ ਕਾਰਨ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਅਪਰਾਧੀਆਂ ਤੇ ਨਸ਼ਾ ਕਾਰੋਬਾਰੀਆਂ ਨੂੰ ਖੁੱਲੀ ਛੁੱਟੀ ਮਿਲੀ ਹੋਈ ਹੈ।
ਭਾਜਪਾ ਆਗੂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਸਫਲ ਹੋ ਕੇ ਰਹਿ ਗਿਆ ਹੈ ਅਤੇ ਆਮ ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਸੰਦੀਪ ਅਗਰਵਾਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕੇਜਰੀਵਾਲ ਦੇ ਪਿੱਛੇ ਘੁੰਮਣ ਦੀ ਥਾਂ ਆਪਣੀ ਜਿੰਮੇਵਾਰੀ ਨਿਭਾਉਣ, ਰਾਜ ਵਿਚ ਸਿੱਧਾ ਦਖਲ ਦੇਣ ਅਤੇ ਕਾਨੂੰਨ-ਵਿਵਸਥਾ ਦੀ ਸਮੀਖਿਆ ਕਰਦਿਆਂ ਦੋਸ਼ੀਆਂ ਉੱਤੇ ਸਖਤ ਕਾਰਵਾਈ ਯਕੀਨੀ ਬਨਾਉਣ। ਉਨ੍ਹਾਂ ਕਿਹਾ ਕਿ ਸਿਰਫ਼ ਚੋਣੀ ਵਾਅਦੇ ਤੇ ਇਸ਼ਤਿਹਾਰਾਂ ਨਾਲ ਨਹੀਂ, ਸਗੋਂ ਜਮੀਨ ’ਤੇ ਠੋਸ ਕਦਮ ਚੁੱਕ ਕੇ ਹੀ ਪੰਜਾਬ ਨੂੰ ਇਸ ਹਨੇਰੇ ਤੋਂ ਬਚਾਇਆ ਜਾ ਸਕਦਾ ਹੈ। ਸੰਦੀਪ ਅਗਰਵਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਭਾਜਪਾ ਲੋਕਾਂ ਦੀ ਅਵਾਜ਼ ਨੂੰ ਬੁਲੰਦ ਕਰੇਗੀ। ਅਗਰਵਾਲ ਨੇ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਚੁੱਪੀ ਤੋੜ ਕੇ ਸੂਬੇ ਦੇ ਹਾਲਾਤਾਂ ਨੂੰ ਲੈ ਕੇ ਰਾਜ ਸਰਕਾਰ ਨੂੰ ਸਵਾਲ ਕਰਨ, ਤਾਂ ਜੋ ਪੰਜਾਬ ਨੂੰ ਫੇਰ ਤੋਂ ਅਮਨ, ਸ਼ਾਂਤੀ ਅਤੇ ਵਿਕਾਸ ਦੀ ਰਾਹ ’ਤੇ ਲਿਆਂਦਾ ਜਾ ਸਕੇ।