ਅਕਾਲ ਅਕੈਡਮੀ ਖਿੱਚੀਪੁਰ ਵਿਖੇ ਇਨਵੈਸਟਿਚਰ ਸਮਾਰੋਹ ਉਤਸ਼ਾਹ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 24 ਜੁਲਾਈ 2025 ਕਲਗੀਧਰ ਟਰਸਟ ਬੜੂ ਸਾਹਿਬ ਵਿਦਿਅਕ ਸੰਸਥਾ ਦੀ ਸ਼ਾਖਾ ਅਕਾਲ ਅਕੈਡਮੀ ਖਿੱਚੀਪੁਰ ਵਿਖੇ ਇਨਵੈਸਟਿਚਰ ਸਮਾਰੋਹ ਉਤਸ਼ਾਹ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਗੁਰਬਾਣੀ ਦੀ ਅਵਾਜ਼ ਵਿੱਚ ਕੀਤੀ ਗਈ, ਜਿਸ ਨਾਲ ਪੂਰੇ ਮਾਹੌਲ ਵਿੱਚ ਆਤਮਿਕ ਸ਼ਾਂਤੀ ਅਤੇ ਪਵਿੱਤਰਤਾ ਦਾ ਅਹਿਸਾਸ ਹੋਇਆ। ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਦਰਸਾਉਂਦੇ ਹੋਏ ਡੰਬਲ ਐਕਸਰਸਾਈਜ਼ ਪ੍ਰਸਤੁਤ ਕੀਤੀ ਗਈ। ਸਮਾਰੋਹ ਦਾ ਸਭ ਤੋਂ ਵਿਸ਼ੇਸ਼ ਪਲ ਸੀ ਕੈਪਟਨ, ਵਾਈਸ-ਕੈਪਟਨ, ਹੈੱਡ ਬੋਏ, ਹੈੱਡ ਗਰਲ ਅਤੇ ਕਲਾਸ ਮੋਨੀਟਰਾਂ ਨੂੰ ਬੈਚ ਲਗਾਉਣ ਦੀ ਰਸਮ, ਜੋ ਕਿ ਮੁੱਖ ਅਧਿਆਪਿਕਾ ਸੁਨੀਤਾ ਕਪਿਲ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਕੀਤੀ ਗਈ। ਨਵ-ਚੁਣੇ ਆਗੂ ਵਿਦਿਆਰਥੀਆਂ ਨੇ ਸਹੁੰ ਲੈ ਕੇ ਸਕੂਲ ਦੇ ਅਨੁਸ਼ਾਸਨ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਵਚਨ ਦਿੱਤਾ। ਇਸ ਮੌਕੇ ਮੁੱਖ ਅਧਿਆਪਿਕਾ ਸੁਨੀਤਾ ਕਪਿਲ ਨੇ ਵਿਦਿਆਰਥੀਆਂ ਨੂੰ ਆਗੂਪਨ ਦੀ ਭੂਮਿਕਾ, ਸੇਵਾ-ਭਾਵਨਾ ਅਤੇ ਉੱਚ-ਆਦਰਸ਼ਾਂ ਵੱਲ ਪ੍ਰੇਰਿਤ ਕਰਨ ਵਾਲਾ ਪ੍ਰੇਰਕ ਸੰਦੇਸ਼ ਦਿੱਤਾ। ਅਧਿਆਪਕਾ ਜਤਿੰਦਰ ਕੌਰ ਵੱਲੋਂ ਧੰਨਵਾਦ ਭਾਸ਼ਣ ਰਾਹੀਂ ਸਮਾਰੋਹ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਕਾਦਮਿਕ ਖੇਤਰ ਵਿੱਚ ਵਿਸ਼ੇਸ਼ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਓਲੰਪਿਆਡ ਮੈਡਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ।ਇਸ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਅਕਾਲ ਅਕੈਡਮੀ ਦੇ ਸਾਰੇ ਅਧਿਆਪਕਾਂ ਨੇ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ।