ਪੰਜਾਬ ਪੁਲਿਸ ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਹੈਂਡ ਗ੍ਰੇਨੇਡ ਅਤੇ ਪਿਸਤੌਲ ਸਮੇਤ ਬੀਕੇਆਈ ਦੇ ਪੰਜ ਕਾਰਕੁੰਨ ਕਾਬੂ
— ਸੁਤੰਤਰਤਾ ਦਿਵਸ ਤੋਂ ਪਹਿਲਾਂ ਇਸ ਮਾਡਿਊਲ ਵੱਲੋਂ ਕੀਤੇ ਜਾਣ ਵਾਲੇ ਯੋਜਨਾਬੱਧ ਅੱਤਵਾਦੀ ਹਮਲਿਆਂ ਨੂੰ ਕੀਤਾ ਨਾਕਾਮ
— ਇਹ ਮਾਡਿਊਲ ਹਰਵਿੰਦਰ ਰਿੰਦਾ ਦੇ ਨਿਰਦੇਸ਼ਾਂ 'ਤੇ ਵਿਦੇਸ਼-ਅਧਾਰਤ ਮੰਨੂ ਅਗਵਾਨ, ਗੋਪੀ ਨਵਾਂਸ਼ਹਿਰੀਆ ਅਤੇ ਜ਼ੀਸ਼ਾਨ ਅਖ਼ਤਰ ਵੱਲੋਂ ਚਲਾਇਆ ਜਾ ਰਿਹਾ ਸੀ
— ਮਾਡਿਊਲ ਨੇ ਹਾਲ ਹੀ ਵਿੱਚ ਐਸਬੀਐਸ ਨਗਰ ਵਿੱਚ ਹੋਏ ਸ਼ਰਾਬ ਦੇ ਠੇਕੇ ‘ਤੇ ਹਮਲੇ ਦੀ ਬਣਾਈ ਸੀ ਯੋਜਨਾ; ਅਜਿਹੀਆਂ ਹੋਰ ਵਾਰਦਾਤਾਂ ਨੂੰ ਅੰਜ਼ਾਮ ਦੇਣ ਦਾ ਸੌਂਪਿਆ ਗਿਆ ਸੀ ਕੰਮ: ਡੀਜੀਪੀ ਗੌਰਵ ਯਾਦਵ
— ਫਾਲੋ-ਅੱਪ ਰਿਕਵਰੀ ਦੌਰਾਨ ਹੋਈ ਗੋਲੀਬਾਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਇੱਕ ਵਿਅਕਤੀ ਹੋਇਆ ਜ਼ਖਮੀ: ਏਆਈਜੀ ਸੀਆਈ ਨਵਜੋਤ ਮਾਹਲ
ਚੰਡੀਗੜ੍ਹ/ਜਲੰਧਰ, 12 ਅਗਸਤ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਪਾਕਿਸਤਾਨ ਦੇ ਆਈਐਸਆਈ-ਸਮਰਥਿਤ ਅੱਤਵਾਦੀ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ, ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਨੇ ਐਸਬੀਐਸ ਨਗਰ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ, ਰਾਜਸਥਾਨ ਦੇ ਟੋਂਕ ਅਤੇ ਜੈਪੁਰ ਜ਼ਿਲ੍ਹਿਆਂ ਤੋਂ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਮਾਡਿਊਲ ਦੇ ਤਿੰਨ ਨਾਬਾਲਗਾਂ ਸਮੇਤ ਪੰਜ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਇਹ ਮਾਡਿਊਲ ਪਾਕਿਸਤਾਨ ਸਥਿਤ ਬੀਕੇਆਈ ਸੰਚਾਲਕ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਿਰਦੇਸ਼ਾਂ 'ਤੇ ਵਿਦੇਸ਼ੀ ਹੈਂਡਲਰ ਮੰਨੂ ਅਗਵਾਨ, ਗੋਪੀ ਨਵਾਂਸ਼ਹਿਰੀਆ ਅਤੇ ਜ਼ੀਸ਼ਾਨ ਅਖਤਰ ਵੱਲੋਂ ਚਲਾਇਆ ਜਾ ਰਿਹਾ ਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਿਤਿਕ ਨਰੋਲੀਆ ਵਾਸੀ ਪਿੰਡ ਦਿਦਾਵਾਟਾ, ਜੈਪੁਰ, ਰਾਜਸਥਾਨ; ਸੋਨੂੰ ਕੁਮਾਰ ਉਰਫ਼ ਕਾਲੀ ਵਾਸੀ ਪਿੰਡ ਕਾਲਾ ਸੰਘੀਆਂ, ਕਪੂਰਥਲਾ ਅਤੇ ਤਿੰਨ ਨਾਬਾਲਗਾਂ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਇੱਕ 86ਪੀ ਹੈਂਡ-ਗ੍ਰੇਨੇਡ ਅਤੇ ਇੱਕ .30 ਬੋਰ ਪਿਸਤੌਲ ਸਮੇਤ ਦੋ ਜ਼ਿੰਦਾ ਕਾਰਤੂਸ ਅਤੇ ਦੋ ਖਾਲੀ ਖੋਲ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਡਿਊਲ ਨੇ ਹਾਲ ਹੀ ਵਿੱਚ ਐਸਬੀਐਸ ਨਗਰ ਵਿੱਚ ਹੋਏ ਇੱਕ ਸ਼ਰਾਬ ਦੇ ਠੇਕੇ ‘ਤੇ ਹਮਲੇ ਦੀ ਯੋਜਨਾ ਬਣਾਈ ਸੀ।
ਜ਼ਿਕਰਯੋਗ ਹੈ ਕਿ ਇਸ ਮਾਡਿਊਲ ਨੇ 7 ਅਗਸਤ, 2025 ਨੂੰ ਐਸਬੀਐਸ ਨਗਰ ਵਿੱਚ ਸ਼ਰਾਬ ਦੇ ਠੇਕੇ 'ਤੇ ਗ੍ਰਨੇਡ ਹਮਲਾ ਕੀਤਾ ਸੀ।
ਡੀਜੀਪੀ ਨੇ ਕਿਹਾ ਕਿ ਇਨ੍ਹਾਂ ਕਾਰਕੁਨਾਂ ਨੂੰ ਸੁਤੰਤਰਤਾ ਦਿਵਸ ਤੋਂ ਪਹਿਲਾਂ ਅਜਿਹੇ ਹਮਲੇ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ-ਅਧਾਰਤ ਜ਼ੀਸ਼ਾਨ ਅਖਤਰ ਅਤੇ ਬੀਕੇਆਈ ਦੇ ਮਾਸਟਰਮਾਈਂਡ ਮੰਨੂ ਅਗਵਾਨ ਜੋ ਕਿ ਪਾਕਿਸਤਾਨ-ਅਧਾਰਤ ਬੀਕੇਆਈ ਸੰਚਾਲਕ ਹਰਵਿੰਦਰ ਰਿੰਦਾ ਦੇ ਨਜ਼ਦੀਕੀ ਤਾਲਮੇਲ ਨਾਲ ਕੰਮ ਕਰ ਰਿਹਾ ਹੈ, ਦੇ ਸਿੱਧੇ ਸੰਪਰਕ ਵਿੱਚ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ, “ਅਸੀਂ ਇਸ ਅੱਤਵਾਦੀ ਮਾਡਿਊਲ ਵੱਲੋਂ ਕੀਤੇ ਜਾਣ ਵਾਲੇ ਹੋਰ ਯੋਜਨਾਬੱਧ ਹਮਲਿਆਂ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ।” ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ, ਏਆਈਜੀ ਸੀਆਈ ਜਲੰਧਰ ਨਵਜੋਤ ਮਾਹਲ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਆਧਾਰਤ ਇਸ ਕਾਰਵਾਈ ਦੌਰਾਨ, ਇਹ ਪੰਜੇ ਦੋਸ਼ੀ ਰਾਜਸਥਾਨ ਦੇ ਟੋਂਕ ਅਤੇ ਜੈਪੁਰ ਜ਼ਿਲ੍ਹਿਆਂ ਤੋਂ ਕਾਬੂ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਫਾਲੋ-ਅੱਪ ਰਿਕਵਰੀ ਆਪ੍ਰੇਸ਼ਨ ਦੌਰਾਨ, ਗ੍ਰਿਫ਼ਤਾਰ ਮੁਲਜ਼ਮ ਸੋਨੂੰ ਉਰਫ਼ ਕਾਲੀ ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਸਵੈ-ਰੱਖਿਆ ਵਿੱਚ, ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਮੁਲਜ਼ਮ ਸੋਨੂੰ ਉਰਫ਼ ਕਾਲੀ ਨੂੰ ਗੋਲੀ ਲੱਗ ਗਈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਖਮੀ ਮੁਲਜ਼ਮ ਨੂੰ ਤੁਰੰਤ ਐਸਬੀਐਸ ਨਗਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ।
ਇਸ ਸਬੰਧੀ, ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 109, 324(5) ਅਤੇ 61(2) ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਤਹਿਤ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।