← ਪਿਛੇ ਪਰਤੋ
ਪੀਅਰਟੀਸੀ ਦੀ ਚੱਲਦੀ ਬੱਸ ’ਚ ਰੀਲ੍ਹਾਂ ਦੇਖਣ ਵਾਲੇ ਡਰਾਈਵਰ ਦਾ ਚੱਕਾ ਜਾਮ ਕਰਨ ਦੀ ਤਿਆਰੀ
ਅਸ਼ੋਕ ਵਰਮਾ
ਬਠਿੰਡਾ,12ਅਗਸਤ2025: ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਸਰਕਾਰੀ ਬੱਸ ਦੇ ਡਰਾਈਵਰ ਨੂੰ ਚੱਲਦੀ ਬੱਸ ’ਚ ਆਪਣੇ ਮੋਬਾਇਲ ਤੇ ਰੀਲ੍ਹਾਂ ਦੇਖਣ ਦਾ ਸ਼ੌਕ ਮਹਿੰਗਾ ਪੈ ਗਿਆ ਹੈ। ਇਸ ਸਬੰਧ ’ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਸਬੰਧਤ ਡਰਾਈਵਰ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰ ਦੱਸਦੇ ਹਨ ਕਿ ਸਵਾਰੀਆਂ ਨੂੰ ਸਰੱਖਿਅਤ ਸਫਰ ਮੁਹੱਈਆ ਕਰਵਾਉਣ ਦੀ ਅਹਿਦ ਦੇ ਉਲਟ ਮੁਸਾਫਰਾਂ ਦੀ ਜਾਣ ਖਤਰੇ ’ਚ ਪਾਉਣ ਕਾਰਨ ਡਰਾਈਵਰ ਨੂੰ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ। ਜਦੋਂ ਡਰਾਈਵਰ ਰੀਲ੍ਹ ਦੇਖ ਰਿਹਾ ਸੀ ਤਾਂ ਕਿਸੇ ਸਵਾਰੀ ਨੇ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਦਾ ਪ੍ਰਬੰਧਕਾਂ ਨੇ ਤਿੱਖਾ ਨੋਟਿਸ ਲਿਆ ਅਤੇ ਮੁਢਲੀ ਕਾਰਵਾਈ ਤਹਿਤ ਰੂਟ ਤੋਂ ਲਾਂਭੇ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਡਰਾਈਵਰ ਬਲਬੀਰ ਸਿੰਘ ਪੀਆਰਟੀਸੀ ਦੀ ਬੱਸ ਨੰਬਰ ਪੀਬੀ 03ਬੀਐਚ9190 ਸਵੇਰੇ 4 ਵੱਜਕੇ 20 ਮਿੰਟ ਤੇ ਬਠਿੰਡਾ ਤੋਂ ਚੰਡੀਗੜ੍ਹ ਰੂਟ ਤੇ ਚੱਲਦਾ ਆ ਰਿਹਾ ਸੀ। ਰੋਜਾਨਾਂ ਦੀ ਤਰਾਂ ਸੋਮਵਾਰ ਨੂੰ ਵੀ ਉਹ ਆਪਣੀ ਬੱਸ ਲੈਕੇ ਚੰਡੀਗੜ੍ਹ ਨੂੰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਨੇ ਬੱਸ ਚਲਾਉਂਦਿਆਂ ਨਾਲੋ ਨਾਲ ਆਪਣੇ ਮੋਬਾਇਲ ਤੇ ਰੀਲ੍ਹਾਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ। ਡਰਾਈਵਰ ਦੀ ਇਸ ਹਰਕਤ ਕਾਰਨ ਸਵਾਰੀਆਂ ’ਚ ਦਹਿਸ਼ਤ ਦਾ ਮਹੌਲ ਬਣ ਗਿਆ। ਇੱਥੇ ਇਹ ਵੀ ਜਿਕਰ ਕਰਨਾ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ ਕਿ ਡਰਾਈਵਰ ਇਕੱਲੀ ਇੱਕ ਰੀਲ੍ਹ ਨਹੀਂ ਦੇਖੀ ਬਲਕਿ ਵੀਡੀਓ ਵਿੱਚ ਹੱਥ ’ਚ ਫੜ੍ਹੇ ਮੋਬਾਇਲ ਰਾਹੀਂ ਰੀਲ੍ਹਾਂ ਨੂੰ ਉੱਪਰ ਨੀਚੇ ਕਰਦਾ ਵੀ ਨਜ਼ਰ ਆਉਂਦਾ ਹੈ। ਪਤਾ ਲੱਗਿਆ ਹੈ ਕਿ ਬੱਸ ’ਚ ਮੌਜੂਦ ਕੰਡਕਟਰ ਨੇ ਵੀ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਵੀ ਸਵਾਰੀਆਂ ’ਚ ਖੌਫ ਬਣਿਆ ਰਿਹਾ ।ਬੱਸ ਡਰਾਈਵਰ ਦੀ ਇਸ ਲਾਪਰਾਵਾਹੀ ਦੀ ਚੰਡੀਗੜ੍ਹ ਜਾ ਰਹੀ ਕਿਸੇ ਸਵਾਰੀ ਨੇ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਹਰਕਤ ’ਚ ਆਏ ਪੀਆਰਟੀਸੀ ਅਧਿਕਾਰੀਆਂ ਨੇ ਮਾਮਲੇ ਦਾ ਗੰਭੀਰ ਨੋਟਿਸ ਲੈ ਲਿਆ। ਅੱਜ ਵੀ ਡਰਾੲਵਰ ਬਲਬੀਰ ਸਿੰਘ ਚੰਡੀਗੜ੍ਹ ਜਾ ਰਿਹਾ ਸੀ। ਇਸੇ ਦੌਰਾਨ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਹਿਕਮੇ ਖਿਲਾਫ ਸੋਸ਼ਲ ਮੀਡੀਆ ਤੇ ਸ਼ੁਰੂ ਹੋਏ ਭੰਡੀ ਪ੍ਰਚਾਰ ਨੂੰ ਦੇਖਦਿਆਂ ਅਧਿਕਾਰੀਆਂ ਨੇ ਡਰਾਈਵਰ ਨੂੰ ਰਾਹ ’ਚ ਹੀ ਉਤਾਰ ਲਿਆ ਅਤੇ ਬਦਲਵੇਂ ਪ੍ਰਬੰਧਾਂ ਨਾਲ ਬੱਸ ਚੰਡੀਗੜ੍ਹ ਰਵਾਨਾ ਕਰ ਦਿੱਤੀ ਗਈ। ਬਚਾਉਣ ਦੇ ਯਤਨ ਸ਼ੁਰੂ ਪੀਆਰਟੀਸੀ ਵਿਚਲੇ ਸੂਤਰਾਂ ਮੁਤਾਬਕ ਡਰਾਈਵਰ ਨੂੰ ਬਚਾਉਣ ਦੇ ਯਤਨ ਵੀ ਸ਼ੁਰੂ ਹੋ ਗਏ ਹਨ। ਇਸ ਮਾਮਲੇ ਸਬੰਧੀ ਕਈ ਵਾਰ ਪੱਖ ਜਾਨਣ ਲਈ ਸੰਪਰਕ ਕਰਨ ਤੇ ਪੀਆਰਟੀਸੀ ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਪਰਵੀਨ ਸ਼ਰਮਾ ਨੇ ਫੋਨ ਨਹੀਂ ਚੁੱਕਿਆ। ਪੀਆਰਟੀਸੀ ਦੇ ਇੱਕ ਮੁਲਾਜਮ ਨੇ ਆਪਣੀ ਸ਼ਿਨਾਖਤ ਨਾਂ ਜਾਹਰ ਕਰਨ ਦੀ ਸ਼ਰਤ ਤੇ ਦੱਸਿਆ ਕਿ ਡਰਾਈਵਰ ਜਰਨਲ ਮੈਨੇਜਰ ਦੇ ਚਹੇਤਿਆਂ ਚੋਂ ਇੱਕ ਹੈ ਜਿਸ ਕਰਕੇ ਕੋਈ ਵੱਡੀ ਕਾਰਵਾਈ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਦੱਸਿਆ ਕਿ ਸਵਾਰੀਆਂ ਦੀ ਜਾਨ ਨਾਲ ਖੇਡਣ ਦਾ ਗੰਭੀਰ ਮਾਮਲਾ ਹੋਣ ਤੇ ਬਾਵਜੂਦ ਜਿਆਦਾ ਤੋਂ ਜਿਆਦਾ ਵਾਰਨਿੰਗ ਦੇਕੇ ਬਖਸ਼ ਦਿੱਤਾ ਜਾਣਾ ਹੈ ।
Total Responses : 7741