ਸਕੇ-ਭਰਾ ਅਰਸੇ ਤੋਂ ਕਰ ਰਹੇ ਸੀ ਗੁੰਡਾਗਰਦੀ ਅਤੇ ਨਸ਼ੇ ਦਾ ਕਾਰੋਬਾਰ, ਫੜੇ ਗਏ
258 ਹੈਰੋਇਨ ਅਤੇ ਡਰੱਗ ਸਮੇਤ ਆਏ ਕਾਬੂ, ਗਨ ਹਾਊਸ ਤੋਂ ਚੋਰੀ ਹੋਇਆ ਇੱਕ ਪਿਸਤੌਲ ਵੀ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਦੋ ਨੌਜਵਾਨਾਂ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਦੋਵੇਂ ਸਕੇ ਭਰਾ ਹਨ । ਇਹਨਾਂ ਕੋਲੋਂ ਕੁਝ ਮਹੀਨੇ ਪਹਿਲਾਂ ਕਾਦੀਆਂ ਦੇ ਇੱਕ ਗਨ ਹਾਊਸ ਤੋਂ ਚੋਰੀ ਹੋਇਆ ਇੱਕ ਪਿਸਤੋਲ ਵੀ ਬਰਾਮਦ ਕੀਤਾ ਗਿਆ ਹੈ , ਜਿਨਾਂ ਵਿੱਚੋਂ ਕੁਝ ਪਿਸਤੋਲ ਬਟਾਲਾ ਪੁਲਿਸ ਵੱਲੋਂ ਪਹਿਲਾਂ ਹੀ ਬਰਾਮਦ ਕੀਤੇ ਗਏ ਹਨ। ਹੁਣ ਇਹ ਜਾਕੇ ਦਾ ਵਿਸ਼ਾ ਹੈ ਕਿ ਕਾਦੀਆਂ ਦੇ ਗਨ ਹਾਊਸ ਤੋਂ ਚੋਰੀ ਹੋਇਆ ਪਿਸਤੋਲ ਇਹਨਾਂ ਤੱਕ ਕਿਵੇਂ ਪਹੁੰਚਿਆ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਏਐਸਆਈ ਰਮਨ ਕੁਮਾਰ ਨੇ ਟੀ.ਪੁਆਇੰਟ ਆਹਲੂਵਾਲ ਤੋਂ ਪੈਦਲ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ਤੇ ਫੜ ਕੇ ਉਹਨਾਂ ਦੀ ਤਲਾਸੀ ਲਈ ਤਾਂ ਉਹਨਾਂ ਵਿੱਚੋਂ ਇੱਕ ਕਰਨ ਉਰਫ ਕਨੂੰ ਪੁੱਤਰ ਕਾਲਾ ਸਿੰਘ ਕੋਲੋਂ 258 ਗ੍ਰਾਮ ਹੈਰੋਇਨ, 2200/-ਰੁਪਏ ਡਰੱਗ ਮਨੀ ਬਰਾਮਦ ਹੋਈ ਹੈ ਜਦਕਿ ਦੂਸਰੇ ਨੌਜਵਾਨ ਸੈਮਦੀਪ ਦੀ ਤਲਾਸੀ ਕਰਨ ਤੇ ਉਸਦੀ ਪਹਿਨੀ ਹੋਈ ਕੈਪਰੀ ਦੀ ਖੱਬੀ ਡੱਬ ਵਿਚੋ ਇੱਕ ਪਿਸਟਲ 32 ਬੋਰ ਸਮੇਤ ਮੈਗਜੀਨ ਬਰਾਮਦ ਹੋਇਆ ਹੈ। ਕਾਕੇ ਮੁੱਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਪਿਸਤੋਲ ਉਹਨਾਂ ਵਿੱਚੋਂ ਇੱਕ ਹੈ ਜੋ ਕੁਝ ਮਹੀਨੇ ਪਹਿਲਾਂ ਕਾਦੀਆ ਦੇ ਇੱਕ ਗਨ ਹਾਊਸ ਤੋਂ ਉਸੇ ਗਨ ਹਾਊਸ ਦੇ ਸਾਬਕਾ ਮੁਲਾਜ਼ਮ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਚੋਰੀ ਕੀਤੇ ਗਏ ਸਨ। ਦੱਸ ਦਈਏ ਕਿ ਦੋਨਾਂ ਭਰਾਵਾਂ ਦੇ ਖਿਲਾਫ ਪਹਿਲਾਂ ਹੀ ਗੁੰਡਾਗਰਦੀ, ਲੁੱਟ ਖੋਹ, ਅਤੇ ਨਸ਼ੇ ਦੇ ਕਈ ਮਾਮਲੇ ਦਰਜ ਹਨ।