ਨਸ਼ਾ ਤਸਕਰ ਖਿਲਾਫ਼ ਵੱਡੀ ਕਾਰਵਾਈ: ਛੁਡਵਾਇਆ ਨਜਾਇਜ਼ ਕਬਜ਼ਾ
- ਨਾਇਬ ਤਹਿਸੀਲਦਾਰ ਅਤੇ ਬੀ.ਡੀ.ਪੀ.ਓ ਦੀ ਹਾਜ਼ਰੀ 'ਚ ਛੁਡਵਾਇਆ ਨਜਾਇਜ਼ ਕਬਜ਼ਾ
ਜਲੰਧਰ, 12 ਜੁਲਾਈ 2025: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਲੰਧਰ ਦਿਹਾਤੀ ਪੁਲਿਸ ਵਲੋਂ ਨਾਇਬ ਤਹਿਸੀਲਦਾਰ ਅਤੇ ਬੀ.ਡੀ.ਪੀ.ਓ. ਦੀ ਹਾਜ਼ਰੀ ਵਿੱਚ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਪਿੰਡ ਬੁਰਜ ਹਸਨ ’ਚ ਨਸ਼ਾ ਤਸਕਰ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਇਆ ਗਿਆ ਹੈ।
ਸੀਨੀਅਰ ਪੁਲਿਸ ਕਪਤਾਨ (ਜਲੰਧਰ ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰ ਸੁਰਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਬੁਰਜ ਹਸਨ ਵੱਲੋਂ 30 ਮਰਲੇ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਸੀ, ਜਿਸ ਵਿੱਚ 10-12 ਮਰਲੇ ਵਿਚ ਬਣੀ ਦੋ ਮੰਜ਼ਿਲਾ ਕੋਠੀ ਨੂੰ ਪਹਿਲਾਂ ਹੀ ਫਰੀਜ਼ ਕੀਤਾ ਜਾ ਚੁੱਕਾ ਹੈ ਅਤੇ ਅੱਜ ਇਸਦੇ ਨਜਾਇਜ਼ ਕਬਜ਼ੇ ਹੇਠਲੀ ਵਾਧੂ ਹੋਰ ਥਾਂ/ਉਸਾਰੀ ਨੂੰ ਢਾਹ ਦਿੱਤਾ ਗਿਆ ਹੈ। ਪੁਲਿਸ ਵਲੋਂ ਨਜਾਇਜ਼ ਕਬਜ਼ਾ ਛੁਡਵਾ ਕੇ ਜਗ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪੁਲਿਸ ਕਪਤਾਨ (ਸਥਾਨਕ) ਪਰਮਿੰਦਰ ਸਿੰਘ ਹੀਰ ਅਤੇ ਉਪ ਪੁਲਿਸ ਕਪਤਾਨ (ਫਿਲੌਰ) ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਨਸ਼ਾ ਤਸਕਰ ਸੁਰਿੰਦਰ ਸਿੰਘ ਖਿਲਾਫ਼ ਐਨ.ਡੀ.ਪੀ.ਐਸ ਐਕਟ ਸਮੇਤ 6 ਮੁਕੱਦਮੇ ਦਰਜ ਹਨ ਅਤੇ ਮੌਜੂਦਾ ਤੌਰ 'ਤੇ ਜੇਲ੍ਹ ਵਿਚ ਬੰਦ ਹੈ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਵਚਨਬੱਧਤਾ ਦਹੁਰਾਉਂਦਿਆਂ ਐਸ.ਐਸ.ਪੀ. ਸ਼੍ਰੀ ਵਿਰਕ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਅਜਿਹੀਆਂ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।