ਸਫਾਈ ਵਿਵਸਥਾ ਨੇ ਇੱਕ ਵਾਰ ਫਿਰ ਸੁਰਖੀਆਂ ਚ ਲਿਆਂਦਾ ਜਗਰਾਉਂ ਦਾ ਸਰਕਾਰੀ ਹਸਪਤਾਲ
- ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ
ਦੀਪਕ ਜੈਨ
ਜਗਰਾਉਂ 12 ਜੁਲਾਈ 2025 - ਕਿਸੇ ਵੇਲੇ ਪੂਰੇ ਦੇਸ਼ ਵਿੱਚ ਇੱਕ ਨੰਬਰ ਦਾ ਮੰਨਿਆ ਜਾਣ ਵਾਲਾ ਸਿਵਿਲ ਹਸਪਤਾਲ ਜਗਰਾਉਂ ਅੱਜ ਦੇ ਸਮੇਂ ਕੂੜੇ ਦੇ ਢੇਰਾਂ ਵਿੱਚ ਬਦਲਿਆ ਤਬਦੀਲ ਨਜ਼ਰ ਆ ਰਿਹਾ ਹੈ। ਇੱਕ ਪਾਸੇ ਜਿੱਥੇ ਸਿਵਲ ਹਸਪਤਾਲ ਵਿਖੇ ਚੰਗੇ ਮਾਹਰ ਡਾਕਟਰਾਂ ਦੀ ਕਮੀ ਹੈ ਉਥੇ ਹੀ ਦੂਜੇ ਪਾਸੇ ਸਿਵਲ ਹਸਪਤਾਲ ਦੀ ਸਫਾਈ ਵਿਵਸਥਾ ਵੀ ਬੁਰੀ ਤਰ੍ਹਾਂ ਚਰਮਰਾਈ ਗਈ ਹੈ। ਅੱਜ ਜਦੋਂ ਤੜਕਸਾਡ ਮੀਡੀਆ ਕਰਮੀਆਂ ਵੱਲੋਂ ਸਿਵਲ ਹਸਪਤਾਲ ਜਗਰਾਉਂ ਦਾ ਦੌਰਾ ਕੀਤਾ ਗਿਆ ਤਾਂ ਗੇਟ ਦੇ ਅੰਦਰ ਵੜਦਿਆਂ ਹੀ ਕੂੜੇ ਦੇ ਢੇਰ ਲੱਗੇ ਦਿਖਾਈ ਦਿੱਤੇ ਅਤੇ ਸਰਿੰਜਾਂ ਅਤੇ ਹਸਪਤਾਲ ਦੀ ਵੇਸਟੇਜ ਐਮਰਜੈਂਸੀ ਦੇ ਨਾਲ ਨਾਲ ਵੱਖ ਵੱਖ ਵਾਰਡ ਵਿੱਚ ਖਿਲਰੀਆਂ ਦਿਖਾਈ ਦਿੱਤੀਆਂ।
ਹਸਪਤਾਲ ਦੀ ਇਹ ਦੁਰਦਸ਼ਾ ਵੇਖ ਕੇ ਤਾਂ ਇੰਝ ਜਾਪ ਰਿਹਾ ਸੀ ਜਿਵੇਂ ਕੀ ਪਿਛਲੇ ਕਈ ਮਹੀਨਿਆਂ ਤੋਂ ਕਿਸੇ ਨੇ ਹਸਪਤਾਲ ਦੀ ਇਸ ਦੁਰਦਸ਼ਾ ਵੱਲ ਝਾਤ ਹੀ ਨਹੀਂ ਮਾਰੀ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਨੇੜੇ ਤੇੜੇ ਦੇ ਪਿੰਡਾਂ ਅਤੇ ਸ਼ਹਿਰ ਦੇ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਪਹੁੰਚਦੇ ਹਨ ਅਤੇ ਪਹਿਲਾਂ ਹੀ ਬਿਮਾਰੀਆਂ ਨਾਲ ਗ੍ਰਸਤ ਇੰਨਾ ਮਰੀਜ਼ਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਰੀਰਕ ਸਮਰਥਾ ਘੱਟ ਹੁੰਦੀ ਹੈ ਉਤੋਂ ਅਜਿਹੀ ਜਗ੍ਹਾ ਜਗ੍ਹਾ ਫੈਲੀ ਗੰਦਗੀ ਕਾਰਨ ਇਹਨਾਂ ਦੀ ਸਿਹਤ ਇਸਦਾ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਹਸਪਤਾਲ ਵਿੱਚ ਇਲਾਜ ਕਰਵਾਉਣ ਪਹੁੰਚੀ ਕਮਲਜੀਤ ਕੌਰ ਗੁਰਿੰਦਰ ਪਾਲ ਸਿੰਘ, ਲਖਬੀਰ ਸਿੰਘ, ਮੁਹੰਮਦ ਯੂਸਫ ਅਤੇ ਰਾਮ ਪ੍ਰਕਾਸ਼ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਸਿਵਿਲ ਹਸਪਤਾਲ ਦੀ ਇਹ ਦੁਰਦਸ਼ਾ ਅੱਜ ਪਹਿਲੀ ਵਾਰ ਨਹੀਂ ਹੈ ਸਗੋਂ ਪਹਿਲਾਂ ਵੀ ਜਦੋਂ ਸਿਵਲ ਹਸਪਤਾਲ ਦਵਾਈ ਲੈਣ ਆਏ ਹਨ ਤਾਂ ਉਹਨਾਂ ਨੇ ਸਿਵਲ ਹਸਪਤਾਲ ਦਾ ਅਜਿਹਾ ਹਾਲ ਹੀ ਵੇਖਿਆ ਹੈ।
ਸਿਵਲ ਹਸਪਤਾਲ ਦੀ ਦੁਰਦਸ਼ਾ ਬਾਰੇ ਜਦੋਂ ਸਿਵਲ ਹਸਪਤਾਲ ਦੇ ਐਸਐਮਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਰੋਜਾਨਾ 8 ਵਜੇ ਤੋਂ ਪਹਿਲਾਂ ਸਿਵਲ ਹਸਪਤਾਲ ਪਹੁੰਚ ਜਾਂਦੇ ਹਨ ਅਤੇ ਅੱਜ ਵੀ ਜਦੋਂ ਸਵੇਰੇ ਸਿਵਿਲ ਹਸਪਤਾਲ ਪਹੁੰਚੇ ਤਾਂ ਹਸਪਤਾਲ ਦੀ ਇਸ ਦੁਰਦਸ਼ਾ ਨੂੰ ਵੇਖ ਕੇ ਉਹ ਵੀ ਕਾਫੀ ਹੈਰਾਨ ਹੋਏ ਉਹਨਾਂ ਕਿਹਾ ਕਿ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਦੀ ਸਫਾਈ ਕਰਵਾਉਣ ਲਈ ਜਦੋਂ ਉਹਨਾਂ ਨੇ ਸਿਵਿਲ ਹਸਪਤਾਲ ਦੇ ਨਾਈਟ ਡਿਊਟੀ ਦੇ ਸਫਾਈ ਕਰਮਚਾਰੀਆਂ ਨੂੰ ਬੁਲਾ ਕੇ ਸਫਾਈ ਕਰਨ ਲਈ ਕਿਹਾ ਤਾਂ ਉਹਨਾਂ ਨੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਅੱਗੋਂ ਆਪਣਾ ਹੀ ਭਾਸ਼ਣ ਸੁਣਾ ਕੇ ਚਲਦੇ ਬਣੇ।
ਐਸਐਮਓ ਨੇ ਕਿਹਾ ਸੀ ਸਿਵਿਲ ਹਸਪਤਾਲ ਦੀ ਸਫਾਈ ਵਿਵਸਥਾ ਦੇ ਬੁਰੇ ਹਾਲ ਬਾਰੇ ਉਹ ਪਹਿਲਾਂ ਵੀ ਆਪਣੇ ਹਾਈ ਅਥੋਰਟੀ ਨੂੰ ਲਿਖ ਇਹ ਦੱਸ ਚੁੱਕੇ ਹਨ ਕਿ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਫਾਈ ਸੇਵਕ ਉਹਨਾਂ ਨੂੰ ਟਿੱਚ ਜਾਣਦੇ ਹਨ ਅਤੇ ਉਹਨਾਂ ਦਾ ਕੋਈ ਵੀ ਹੁਕਮ ਮੰਨਣ ਤੋਂ ਸਾਫ ਇਨਕਾਰ ਕਰ ਦਿੰਦੇ ਹਨ।