ਪੰਜਾਬ ਦੀ ਭਲਾਈ ਲਈ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ ਕਾਂਗਰਸ: ਰਾਣਾ ਗੁਰਜੀਤ ਸਿੰਘ
ਚੰਡੀਗੜ੍ਹ 12 ਜੁਲਾਈ, 2025 - ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਦੀ ਭਲਾਈ ਲਈ ਆਪਣੀ ਕਾਂਗਰਸ ਪਾਰਟੀ ਵੱਲੋਂ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ।
ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੂੰ ਪੰਜਾਬ ਵਿੱਚ ਡੈਮਾਂ ਅਤੇ ਹੋਰ ਪ੍ਰਾਜੈਕਟਾਂ ਦੀ ਸੁਰੱਖਿਆ ਲਈ ਤੈਨਾਤ ਕਰਨ ਦੇ ਵਿਰੁੱਧ ਵਿਚ ਲਿਆਂਦੇ ਗਏ ਪ੍ਰਸਤਾਵ ’ਤੇ ਚਰਚਾ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਅਤੇ ਆਪਣੀ ਪਾਰਟੀ ਵੱਲੋਂ ਇਸ ਪ੍ਰਸਤਾਵ ਨੂੰ ਪੂਰਾ ਸਹਿਯੋਗ ਦਿੰਦੇ ਹਨ।
ਕਪੂਰਥਲਾ ਦੇ ਵਿਧਾਇਕ ਨੇ ਕਿਹਾ, “ਪੁਰਾਣੇ ਮੁੱਦਿਆਂ ਦੀ ਚਰਚਾ ਕਰਨਾ ਕੋਈ ਓਪਰੇਸ਼ਨ ਨਹੀਂ, ਬਲਕਿ ਪੋਸਟ ਮਾਰਟਮ ਕਰਨ ਵਾਂਗ ਹੈ, ਅਤੇ ਇਹ ਰਵੱਈਆ ਕਿਸੇ ਦੇ ਵੀ ਕੰਮ ਨਹੀਂ ਆਉਣ ਵਾਲਾ। ਮੌਜੂਦਾ ਹਾਲਾਤਾਂ ’ਤੇ ਰਚਨਾਤਮਕ ਚਰਚਾ ਹੋਣੀ ਚਾਹੀਦੀ ਹੈ, ਨਾ ਕਿ ਉਹਨਾਂ ਪੁਰਾਣੇ ਵਿਵਾਦਾਂ ’ਤੇ ਜੋ ਹੁਣ ਅਣਸੰਬੰਧਤ ਹਨ।”
ਉਨ੍ਹਾਂ ਕਿਹਾ, “ਸਾਨੂੰ ਆਪਣੇ ਹੱਕ ਦੇ ਪਾਣੀ ਲਈ ਲੜਨਾ ਚਾਹੀਦਾ ਹੈ, ਕਿਉਂਕਿ ਪਾਣੀ ਪੰਜਾਬ ਵਰਗੇ ਖੇਤੀਬਾੜੀ ਵਾਲੇ ਰਾਜ ਦੀ ਜਿੰਦ ਜਾਨ ਹੈ।”
ਪੰਜਾਬ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਵਿੱਚ ਪੰਜਾਬ ਸਰਕਾਰ ਦੇ ਨਾਲ ਖੜੀ ਰਹੇਗੀ।
ਉਨ੍ਹਾਂ ਮੰਗ ਕੀਤੀ ਕਿ ਉਹ ਰਾਜ ਤੇ ਇਕ ਕੇਂਦਰਸ਼ਾਸਿਤ ਇਲਾਕਾ ਜੋ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਦੇ ਹਨ – ਜੰਮੂ ਅਤੇ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ – ਨੂੰ ਖਾਸ ਦਰਜਾ ਦਿੱਤਾ ਜਾਵੇ ਅਤੇ ਸਾਲਾਨਾ ਬਜਟ ਵਿੱਚ ਵਿਸ਼ੇਸ਼ ਰਾਸ਼ੀ ਰਾਖੀ ਜਾਵੇ।
ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਹੀ 543 ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਸਾਂਝੀ ਕਰਦਾ ਹੈ। ਜੰਗਾਂ ਜਾਂ ਤਣਾਅ ਦੇ ਸਮੇਂ ਵਿੱਚ ਸਰਹੱਦੀ ਰਾਜ ਸਭ ਤੋਂ ਵੱਧ ਪੀੜਤ ਰਹੇ ਹਨ।