ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ 11 ਜੁਲਾਈ ਨੂੰ ਦੂਜਾ ਦਿਨ, ਇਹ ਬਿਲ ਹੋਣਗੇ ਪੇਸ਼
ਬੇਅਦਬੀ ਬਾਰੇ ਬਿੱਲ ਪੇਸ਼, ਡੈਮਾਂ ਦੀ ਸੁਰੱਖਿਆ ਲਈ CISF ਦੀ ਤਾਇਨਾਤੀ ਦਾ ਵੀ ਪ੍ਰਸਤਾਵ
ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ, ਜਿਸ ਦੌਰਾਨ ਸਰਕਾਰ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕੂ ਬਿੱਲ ਪੇਸ਼ ਕੀਤਾ ਜਾਵੇਗਾ। ਇਸਦੇ ਨਾਲ ਹੀ, ਡੈਮਾਂ ਦੀ ਸੁਰੱਖਿਆ ਲਈ CISF (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਦੀ ਤਾਇਨਾਤੀ ਹਟਾਉਣ ਜਾਂ ਤਬਦੀਲ ਕਰਨ ਸੰਬੰਧੀ ਵੀ 5 ਹੋਰ ਬਿੱਲ ਪੇਸ਼ ਕੀਤੇ ਜਾਣਗੇ। ਇਨ੍ਹਾਂ ਵਿਚ ਰਿਆਤ ਬਾਹਰਾ ਯੂਨੀਵਰਸਿਟੀ, ਸੀਜੀਸੀ ਯੂਨੀਵਰਸਿਟੀ, ਦੁਕਾਨਾਂ ਅਤੇ ਵਪਾਰਕ ਸਥਾਪਨਾ ਸੋਧ, ਲੇਬਰ ਵੈਲਫੇਅਰ ਫੰਡ ਸੋਧ ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਸੋਧ ਬਿੱਲ ਸ਼ਾਮਲ ਹਨ।
ਸੈਸ਼ਨ ਹੰਗਾਮੇਦਾਰ ਹੋਣ ਦੀ ਉਮੀਦ ਹੈ। ਵਿਰੋਧੀ ਧਿਰਾਂ ਵੱਲੋਂ ਕਾਨੂੰਨ ਵਿਵਸਥਾ, ਲੈਂਡ ਪੂਲਿੰਗ ਅਤੇ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਵਿਧਾਨ ਸਭਾ 'ਚ ਵਿਰੋਧੀ ਧਿਰਾਂ ਦੇ ਸਾਰੇ ਸਵਾਲਾਂ ਦੇ ਜਵਾਬ ਤਾਰੀਖ ਦੇ ਆਧਾਰ 'ਤੇ ਦਿੱਤੇ ਜਾਣਗੇ, ਅਤੇ ਬੇਅਦਬੀ ਬਾਰੇ ਕਾਨੂੰਨ ਸਾਰੀਆਂ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰਕੇ ਬਣਾਇਆ ਜਾਵੇਗਾ।
ਇਹ ਵਿਸ਼ੇਸ਼ ਸੈਸ਼ਨ ਸਾਲ ਵਿੱਚ ਦੂਜੀ ਵਾਰ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ, ਭਾਖੜਾ ਡੈਮ ਦੇ ਪਾਣੀ ਦੀ ਵੰਡ ਅਤੇ ਬੀਬੀਐੱਮਬੀ ਮੁੱਦੇ 'ਤੇ ਵੀ ਵਿਸ਼ੇਸ਼ ਇਜਲਾਸ ਹੋ ਚੁੱਕੇ ਹਨ। ਅੱਜ ਦੀ ਕਾਰਵਾਈ ਸਵੇਰੇ 10 ਵਜੇ ਧਿਆਨ ਦਿਵਾਊ ਮਤੇ ਨਾਲ ਸ਼ੁਰੂ ਹੋਈ, ਜਿਸ ਵਿੱਚ ਵਿਧਾਇਕ ਵੱਲੋਂ ਸਥਾਨਕ ਮੁੱਦੇ ਵੀ ਚੁੱਕੇ ਗਏ।