ਦੁਨੀਆਂ ਵਿੱਚ ਜਿੱਧਰ ਵੀ ਨਜ਼ਰ ਮਾਰੋ, ਉਥਲ ਪੁੱਥਲ ਮੱਚੀ ਹੋਈ ਹੈ। ਬਾਬਾ ਗੁਰੂ ਨਾਨਕ ਦੇਵ ਜੀ ਵੱਲੋਂ ਕਿਹਾ ਗਿਆ, 'ਸਰਮੁ ਧਰਮੁ ਦੋਏ ਛਿਪ ਖਲੋਏ ਕੂੜੁ ਫਿਰੈ ਪਰਧਾਨ ਵੇ ਲਾਲੋ' ਅੱਜ ਦੇ ਹਾਲਾਤਾਂ ਤੇ ਬਿਲਕੁੱਲ ਢੁਕਵਾਂ ਹੈ। ਇਖ਼ਲਾਕ ਹੁਣ ਬੀਤੇ ਸਮਿਆਂ ਦੀ ਗੱਲ ਬਣ ਗਿਆ ਹੈ ਅਤੇ ਧੱਕਾ, ਧੋਖਾ ਅਤੇ ਝੂਠ ਸਮੇਂ ਦੇ ਹਾਕਮਾਂ ਦਾ ਮੈਨੀਫੈਸਟੋ ਬਣ ਗਏ ਹਨ। ਫ਼ਲਸਤੀਨੀ ਲੋਕਾਂ ਦਾ ਕਤਲੇਆਮ, ਯੂਕਰੇਨ ਤੇ ਹਮਲਾ, ਇਰਾਨ ਤੇ ਹਮਲਾ ਅਤੇ ਭਾਰਤ ਵਿੱਚ ਜ਼ਮੀਨਾਂ ਦੀ ਰਾਖੀ ਲਈ ਲੜਨ ਵਾਲੇ ਆਦਿਵਾਸੀਆਂ ਦੇ ਸ਼ਰੇਆਮ ਕਤਲ, ਵਿਰੋਧੀ ਵਿਚਾਰਾਂ ਵਾਲਿਆਂ ਦੀ ਜੁਬਾਨ ਬੰਦੀ ਦੇ ਯਤਨ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਨਿੱਤ ਦਿਹਾੜੇ ਜ਼ਲੀਲ ਕਰਨਾ ਹੁਣ ਆਮ ਗੱਲ ਹੋ ਗਈ ਹੈ। ਅਜਿਹੇ ਸਮਿਆਂ ਵਿੱਚ ਮਰਹੂਮ ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਦੀ ਯਾਦ ਆ ਰਹੀ ਹੈ ਜੋ ਕਿ ਲੋਕਾਂ ਦੇ ਸੰਗਰਾਮਾਂ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਧੂਰੂ ਤਾਰਾ ਸੀ।
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਡਕੌਂਦਾ ਵਿੱਚ ਪਿਤਾ ਵਿਰਸਾ ਸਿੰਘ ਅਤੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ। ਉਸ ਨੂੰ ਬਚਪਨ ਤੋਂ ਹੀ ਪੜ੍ਹਨ ਦੀ ਚੇਟਕ ਸੀ। ਪੜ੍ਹਨ ਦੇ ਸ਼ੌਕ ਅਤੇ ਵਿਚਾਰਨ ਦੇ ਗੰਭੀਰ ਸੁਭਾਅ ਸਦਕਾ ਬਲਕਾਰ ਸਿੰਘ ਡਕੌਂਦਾ ਨੇ ਕਿਸਾਨੀ ਕਿੱਤੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਗਹੁ ਨਾਲ ਵਾਚਿਆ ਅਤੇ ਇਸ ਨਤੀਜੇ ਤੇ ਪਹੁੰਚਿਆ ਕਿ ਅਸਲ ਵਿੱਚ ਸਾਰੇ ਮਿਹਨਤਕਸ਼ ਲੋਕਾਂ ਦੀ ਬੁਰੀ ਹਾਲਤ ਦਾ ਕਾਰਨ ਇਹ ਲੁੱਟ ਖਸੁੱਟ ਤੇ ਉਸਰਿਆ ਹੋਇਆ ਢਾਂਚਾ ਹੈ। ਜਵਾਨ ਅਵਸਥਾ ਵਿੱਚ ਉਸਨੇ ਪਿੰਡ ਦੇ ਨੌਜਵਾਨਾਂ ਨਾਲ ਰਲ ਕੇ ਪਿੰਡ ਵਿੱਚ ਮਰਹੂਮ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੇ ਨਾਟਕ ਕਰਵਾਏ। ਸਕੂਲੀ ਪੜ੍ਹਾਈ ਤੋਂ ਬਾਅਦ ਉਸ ਨੇ ਕੁੱਝ ਸਮਾਂ ਮੈਡੀਕਲ ਪ੍ਰੈਕਟੀਸ਼ਨਰ ਵਜੋਂ ਕੰਮ ਕੀਤਾ।
1984 ਦੇ ਮੁੱਢ 'ਚ ਪੰਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਗਵਰਨਰ ਦਾ ਕਈ ਦਿਨਾਂ ਤੱਕ ਲਗਾਤਾਰ ਘਿਰਾਓ ਕੀਤਾ। ਬਲਕਾਰ ਸਿੰਘ ਡਕੌਂਦਾ ਨੇ ਇਸ ਕਿਸਾਨ ਸੰਘਰਸ਼ ਵਿੱਚ ਪੂਰੀ ਸਰਗਰਮੀ ਅਤੇ ਸ਼ਿੱਦਤ ਨਾਲ ਹਿੱਸਾ ਲਿਆ। ਇਸ ਤਰ੍ਹਾਂ ਉਹ ਭਾਰਤੀ ਕਿਸਾਨ ਯੂਨੀਅਨ ਦੀਆਂ ਆਗੂ ਸਫ਼ਾਂ ਵਿੱਚ ਸ਼ਾਮਿਲ ਹੋ ਗਿਆ। 1993 ਵਿੱਚ ਜਦੋਂ ਕਿਸਾਨ ਜਥੇਬੰਦੀ ਅੰਦਰ ਪਾਰਲੀਮਾਨੀ ਚੋਣਾਂ ਲੜਨ ਦਾ ਮਤਾ ਪੇਸ਼ ਕੀਤਾ ਗਿਆ ਤਾਂ ਹੋਰ ਆਗੂਆਂ ਸਮੇਤ ਬਲਕਾਰ ਸਿੰਘ ਡਕੌਂਦਾ ਨੇ ਇਸ ਮਤੇ ਦਾ ਸਖ਼ਤ ਵਿਰੋਧ ਕੀਤਾ। ਉਸ ਦਾ ਪੱਕਾ ਮੱਤ ਸੀ ਕਿ ਪਾਰਲੀਮਾਨੀ ਚੋਣਾਂ ਵਿੱਚ ਹਿੱਸਾ ਲੈਣਾ ਕਿਸਾਨ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ। ਇਸ ਲਈ ਨਵੀਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਬਣਾਈ ਗਈ। ਬਿਜਲੀ ਵਰਗੀ ਤੇਜ਼ੀ ਨਾਲ ਸਿੱਖਣ ਅਤੇ
ਸਿੱਖ ਕੇ ਲਾਗੂ ਕਰਨ ਦੀ ਅਥਾਹ ਸਮਰੱਥਾ ਕਾਰਨ ਉਹ ਛੇਤੀ ਹੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਦਾ ਪਹਿਲਾਂ ਜ਼ਿਲ੍ਹਾ ਪਟਿਆਲਾ ਦਾ ਅਤੇ ਫਿਰ ਪੰਜਾਬ ਦਾ ਜਨਰਲ ਸਕੱਤਰ ਬਣਿਆ।
ਜਦੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਇਪੁਰ ਵਿਚ ਗ਼ਰੀਬ ਕਿਸਾਨ ਦੀ ਜ਼ਮੀਨ'ਤੇ ਸਰਪੰਚ ਨੇ ਜਬਰੀ ਕਬਜ਼ਾ ਕਰ ਲਿਆ ਤਾਂ ਬਲਕਾਰ ਸਿੰਘ ਡਕੌਂਦਾ ਨੇ ਇਸ ਧੱਕੇ ਖਿਲਾਫ਼ ਘੋਲ ਦੀ ਪੂਰੀ ਦ੍ਰਿੜਤਾ ਨਾਲ ਅਗਵਾਈ ਕੀਤੀ। ਜਥੇਬੰਦੀ ਨੇ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਛਡਵਾਉਣ ਦਾ ਐਲਾਨ ਕਰ ਕੇ ਰੈਲੀ ਰੱਖ ਦਿੱਤੀ ਪਰ ਪੁਲਿਸ ਨੇ ਪਿੰਡ ਟਾਂਡੀਆਂ ਕੋਲ ਕਿਸਾਨਾਂ ਉੱਤੇ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ। 50-60 ਕਿਸਾਨ ਸਖ਼ਤ ਫੱਟੜ ਹੋਏ; ਬਲਕਾਰ ਸਿੰਘ ਦੇ ਸਿਰ ਵਿੱਚ ਵੀ ਸੱਟ ਲੱਗੀ ਜਿਸ ਕਾਰਨ ਉਨ੍ਹਾਂ ਨੂੰ ਕਈ ਦਿਨ ਹਸਪਤਾਲ ਰਹਿਣਾ ਪਿਆ।
ਇਸ ਘੋਲ ਦੌਰਾਨ ਭਾਰੂ ਲੀਡਰਸ਼ਿਪ ਦੇ ਥਿੜਕਵੇਂ ਰੋਲ ਕਾਰਨ 2007 ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ)-ਪੰਜਾਬ ਹੋਂਦ ਵਿੱਚ ਆਈ ਅਤੇ ਬਲਕਾਰ ਸਿੰਘ ਡਕੌਂਦਾ ਨੂੰ ਇਸ ਦੇ ਬਾਨੀ ਪ੍ਰਧਾਨ ਬਣਨ ਦਾ ਮਾਣ ਹਾਸਿਲ ਹੋਇਆ। ਛੇਤੀ ਹੀ ਕੈਪਟਨ ਸਰਕਾਰ ਨੇ ਖੇਤੀ ਮੋਟਰਾਂ ਦੇ ਬਿੱਲ ਲਾਉਣ ਦਾ ਐਲਾਨ ਕਰ ਦਿੱਤਾ। ਬਲਕਾਰ ਸਿੰਘ ਦੀ ਪਹਿਲਕਦਮੀ ਸਦਕਾ ਪੰਜਾਬ ਦੀਆਂ 17 ਜਥੇਬੰਦੀਆਂ ਨੇ ਖੇਤੀ ਮੋਟਰਾਂ 'ਤੇ ਬਿੱਲ ਲਾਗ ਕਰਨ ਖ਼ਿਲਾਫ਼ ਸਾਂਝਾ ਘੋਲ ਲੜਨ ਦਾ ਐਲਾਨ ਕੀਤਾ ਅਤੇ ਜਗਰਾਓਂ ਮੰਡੀ ਵਿੱਚ ਵੱਡੀ ਸਾਂਝੀ ਰੈਲੀ ਰੱਖੀ। ਉੱਥੇ ਸਟੇਜ ਚਲਾਉਣ ਦਾ ਮਾਣ ਬਲਕਾਰ ਸਿੰਘ ਡਕੌਂਦਾ ਨੂੰ ਮਿਲਿਆ ਅਤੇ ਸਾਂਝੇ ਘੋਲ ਦੀ ਬਦੌਲਤ ਸਰਕਾਰ ਨੂੰ ਬਿੱਲ ਲਾਗੂ ਕਰਨ ਦਾ ਫੈਸਲਾ ਵਾਪਸ ਲੈਣਾ ਪਿਆ। ਇਸ ਘੋਲ ਦੀ ਜਿੱਤ ਨੇ ਬਲਕਾਰ ਸਿੰਘ ਡਕੌਂਦਾ ਦੀ ਇਸ ਸੋਚ 'ਤੇ ਮੋਹਰ ਲਾਈ ਕਿ ਸਾਂਝੀਆਂ ਮੰਗਾਂ 'ਤੇ ਸਾਂਝੇ ਘੋਲ ਲੜੇ ਜਾਣੇ ਚਾਹੀਦੇ ਹਨ।
ਸਿੱਖ ਕੇ ਅਮਲ ਕਰਨ ਅਤੇ ਅਮਲ ਵਿੱਚੋਂ ਸਿੱਖਣ ਦੀ ਸਿਆਣਪ ਕਾਰਨ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਖੇ ਜਥੇਬੰਦੀ ਵੱਲੋਂ ਪਰਚੇ ਪੜ੍ਹੇ ਅਤੇ ਲੋਕ ਪੱਖੀ ਨਜ਼ਰੀਏ ਤੋਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੇ ਡਾਕਟਰਾਂ ਨਾਲ ਸੰਵਾਦ ਰਚਾਇਆ।
ਜਦੋਂ 2005 ਵਿੱਚ ਕਿਰਨਜੀਤ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਤਿੰਨ ਲੋਕ ਆਗੂਆਂ ਮਨਜੀਤ ਧਨੇਰ, ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਝੂਠੇ ਕੇਸ ਵਿੱਚ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਬਲਕਾਰ ਸਿੰਘ ਡਕੌਂਦਾ ਨੇ ਸਜ਼ਾ ਖਿਲਾਫ਼ ਲੜੇ ਸਾਂਝੇ ਘੋਲ ਵਿੱਚ ਅਹਿਮ ਭੂਮਿਕਾ ਨਿਭਾਈ। ਮਹਿਲ ਕਲਾਂ ਘੋਲ ਬਾਰੇ ਦਸਤਾਵੇਜ਼ੀ ਫਿਲਮ ਬਣਾਉਣ ਵਾਲੇ ਦਲਜੀਤ ਅਮੀ ਨੇ ਉਨ੍ਹਾਂ ਸਮਿਆਂ ਨੂੰ ਚੇਤੇ ਕਰਦਿਆਂ ਲਿਖਿਆ ਹੈ, “ਅਸੀਂ ਇਸ ਔਖੀ ਘੜੀ ਵਿੱਚ ਲਹਿਰ ਵਿੱਚੋਂ ਦ੍ਰਿੜਤਾ ਵਾਲੀ ਸੁਰ ਲੱਭ ਰਹੇ ਸਾਂ। ਮੰਚ ਤੋਂ ਕੋਈ ਕਹਿ ਰਿਹਾ ਸੀ ਕਿ ਪੁਲੀਸ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਰੋੜਾਂ ਵਾਂਗ ਰੜਕਦੀ ਹੈ ਇਹ ਰੈਲੀ। ਅਸੀਂ ਵਾਰ ਵਾਰ ਕਰਾਂਗੇ ਰੈਲੀ, ਅਸੀਂ ਵੀਹ
ਸਾਲ ਕਰਾਂਗੇ ਰੈਲੀ। ਸਾਨੂੰ ਦ੍ਰਿੜਤਾ ਵਾਲੀ ਸੁਰ ਮਿਲ ਗਈ ਸੀ, ਚਿੱਟੀ ਦਾੜ੍ਹੀ ਅਤੇ ਕੁੜਤੇ ਪਜਾਮੇ ਵਾਲਾ ਇਹ ਬੰਦਾ ਬਲਕਾਰ ਸਿੰਘ ਡਕੌਂਦਾ ਸੀ।”
ਲੋਕ ਘੋਲਾਂ ਵਿੱਚ ਆਪਣੀਆਂ ਸੰਗਰਾਮੀ ਪੈੜਾਂ ਦੇ ਡੰਘੇ ਨਿਸ਼ਾਨ ਛੱਡਦੇ ਹੋਏ ਬਲਕਾਰ ਸਿੰਘ ਡਕੌਂਦਾ ਆਪਣੀ ਪਤਨੀ ਸਮੇਤ ਫਤਹਿਗੜ੍ਹ ਸਾਹਿਬ ਨੇੜੇ ਹੋਏ ਸੜਕ ਹਾਦਸੇ ਵਿੱਚ 13 ਜੁਲਾਈ 2010 ਨੂੰ ਸਰੀਰਕ ਵਿਛੋੜਾ ਦੇ ਗਏ। ਆਪਣੀ ਪ੍ਰਧਾਨਗੀ ਦੇ ਤਿੰਨ ਸਾਲ ਦੇ ਬੜੇ ਸੀਮਤ ਸਮੇਂ ਵਿੱਚ ਉਹ ਆਪਣੇ ਵਿਚਾਰਾਂ ਦੇ ਰੂਪ ਵਿੱਚ ਕਿਸਾਨ ਲਹਿਰ ਨੂੰ ਬੜੀ ਵੱਡੀ ਪੂੰਜੀ ਦੇ ਗਏ ਹਨ। ਇਸ ਵਿਗਿਆਨਕ ਵਿਚਾਰਧਾਰਾ ਦੀ ਪੂੰਜੀ ਦੇ ਸਹਾਰੇ ਹੀ ਉਹਨਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ, ਗਲਤ ਸਮਝਾਂ ਅਤੇ ਪਹੁੰਚਾਂ ਨੂੰ ਪਛਾੜ ਕੇ ਬਲਕਾਰ ਸਿੰਘ ਡਕੌਂਦਾ ਵੱਲੋਂ ਦਰਸਾਏ ਦਰੁੱਸਤ ਰਾਹ 'ਤੇ ਦ੍ਰਿੜਤਾ ਨਾਲ ਡਟੀ ਹੋਈ ਹੈ।
ਬਲਕਾਰ ਸਿੰਘ ਡਕੌਂਦਾ, ਸਿਰਫ਼ ਕਿਸਾਨ ਲਹਿਰ ਦਾ ਹੀ ਨਹੀਂ ਸਗੋਂ ਬੇਇਨਸਾਫ਼ੀ, ਲੁੱਟ, ਜ਼ਬਰ ਅਤੇ ਦਾਬੇ ਖ਼ਿਲਾਫ਼ ਲੜਦਿਆਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਨਵਾਂ ਲੋਕ ਪੱਖੀ ਪ੍ਰਬੰਧ ਸਿਰਜਣ ਲਈ ਜੁਝਣ ਵਾਲੇ ਯੋਧਿਆਂ ਦੇ ਕਾਫ਼ਲਿਆਂ ਲਈ ਧਰੂ ਤਾਰਾ ਸੀ। ਉਸ ਦੀ ਸੋਚ ਅੱਜ ਵੀ ਜੁਝਾਰੂ ਕਾਫ਼ਲਿਆਂ ਦਾ ਰਾਹ ਰੁਸਨਾਉਂਦੀ ਹੈ।

-
ਅੰਗਰੇਜ਼ ਸਿੰਘ ਭਦੌੜ, ਸੀਨੀਅਰ ਆਗੂ ਬੀਕੇਯੂ ਡਕੌਂਦਾ
******
9501754051
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.