ਅੰਮ੍ਰਿਤਸਰ ਤੋਂ 521 ਗ੍ਰਾਮ ਹੈਰੋਇਨ, ਚਾਰ ਅਤਿ-ਆਧੁਨਿਕ ਪਿਸਤੌਲਾਂ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ
- ਮੁੱਢਲੀ ਜਾਂਚ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਦੇ ਯੂਰਪ ਅਤੇ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ: ਡੀਜੀਪੀ ਗੌਰਵ ਯਾਦਵ
- ਅਗਲੇਰੀ ਜਾਂਚ ਜਾਰੀ, ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ: ਏਡੀਜੀਪੀ ਏਐਨਟੀਐਫ ਨਿਲਾਭ ਕਿਸ਼ੋਰ
ਚੰਡੀਗੜ੍ਹ/ਅੰਮ੍ਰਿਤਸਰ, 28 ਮਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੌਰਾਨ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕਾਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਬਾਰਡਰ ਰੇਂਜ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਤਸਕਰੀ ‘ਚ ਸ਼ਾਮਲ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 521 ਗ੍ਰਾਮ ਹੈਰੋਇਨ ਅਤੇ ਸੱਤ ਮੈਗਜ਼ੀਨਾਂ ਤੇ 55 ਜ਼ਿੰਦਾ ਕਾਰਤੂਸਾਂ ਸਮੇਤ ਚਾਰ ਅਤਿ-ਆਧੁਨਿਕ .30 ਬੋਰ ਪੀਐਕਸ-5 ਸਟੌਰਮ ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਬੱਦੋਵਾਲ ਦੇ ਮਨਿੰਦਰਜੀਤ ਸਿੰਘ (26), ਗੁਰਦਾਸਪੁਰ ਦੇ ਧਰਮਕੋਟ ਰੰਧਾਵਾ ਦੇ ਪੀਟਰ (22) ਅਤੇ ਲਵਜੀਤ ਸਿੰਘ ਉਰਫ ਰਾਜਾ (21) ਵਜੋਂ ਹੋਈ ਹੈ। ਹੈਰੋਇਨ ਅਤੇ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਦੋ ਮੋਟਰਸਾਈਕਲ ਵੀ ਜ਼ਬਤ ਕਰ ਲਏ ਹਨ, ਜਿਨ੍ਹਾਂ ਦੀ ਵਰਤੋਂ ਉਹ ਖੇਪ ਪਹੁੰਚਾਉਣ ਲਈ ਕਰਦੇ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਯੂਰਪ ਅਤੇ ਪਾਕਿਸਤਾਨ ਅਧਾਰਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਏਐਨਟੀਐਫ ਇਸ ਪੂਰੇ ਨੈੱਟਵਰਕ ਦੇ ਖਾਤਮੇ ਅਗਲੇ-ਪਿਛਲੇ ਸਬੰਧਾਂ ਸਬੰਧਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ। ਡੀਜੀਪੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
ਅਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏ.ਐਨ.ਟੀ.ਐਫ. ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਨਿਲਾਭ ਕਿਸ਼ੋਰ ਨੇ ਕਿਹਾ ਕਿ ਏ.ਐਨ.ਟੀ.ਐਫ. ਬਾਰਡਰ ਰੇਂਜ ਅੰਮ੍ਰਿਤਸਰ ਦੀ ਟੀਮ ਨੂੰ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਹਾਸਲ ਕਰਨ ਵਿੱਚ ਉਕਤ ਤਿੰਨਾਂ ਮੁਲਜ਼ਮਾਂ ਦੀ ਸ਼ਮੂਲੀਅਤ ਬਾਰੇ ਠੋਸ ਜਾਣਕਾਰੀ ਮਿਲੀ ਸੀ। ਪ੍ਰਾਪਤ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏ.ਐਨ.ਟੀ.ਐਫ. ਬਾਰਡਰ ਰੇਂਜ ਅੰਮ੍ਰਿਤਸਰ ਦੇ ਸੁਪਰਡੈਂਟ ਪੁਲਿਸ (ਐਸ.ਪੀ.) ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀਆਂ ਪੁਲਿਸ ਟੀਮਾਂ ਨੇ ਖੁਫ਼ੀਆ ਆਪਰੇਸ਼ਨ ਚਲਾਇਆ ਅਤੇ ਅੰਮ੍ਰਿਤਸਰ ਦੇ ਅਟਾਰੀ ਰੋਡ 'ਤੇ ਸ਼ੰਕਰ ਢਾਬੇ ਦੇ ਨੇੜਿਓਂ ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਪੁਲਿਸ ਥਾਣਾ ਏ.ਐਨ.ਟੀ.ਐਫ, ਐਸ.ਏ.ਐਸ. ਨਗਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਸੀ, 25 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰਬਰ 141 ਮਿਤੀ 27.05.2025 ਦਰਜ ਕੀਤੀ ਗਈ ਹੈ।