ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਅੱਪਗ੍ਰੇਡ ਕੀਤੇ ਕਰੈਚ ਦਾ ਉਦਘਾਟਨ
— ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਸਹਾਇਤਾ ਵੱਲ ਅਹਿਮ ਕਦਮ: ਡੀਜੀਪੀ ਗੌਰਵ ਯਾਦਵ
— ਇਸ ਨਵੇਂ ਕਰੈਚ ਵਿੱਚ 40 ਬੱਚੇ ਲੈ ਸਕਦੇ ਹਨ ਸਹੂਲਤ, ਯੂ.ਟੀ. ਪ੍ਰਸ਼ਾਸਨ ਦੇ ਸਮਰਥਨ ਨਾਲ ਸਮਰਪਿਤ ਮਹਿਲਾ ਸਟਾਫ ਵੱਲੋਂ ਕੀਤਾ ਜਾਂਦਾ ਹੈ ਇਸ ਸਹੂਲਤ ਦਾ ਪ੍ਰਬੰਧ
— ਸਹੂਲਤ ਬੱਚਿਆਂ ਲਈ ਇੱਕ ਸੁਰੱਖਿਅਤ, ਦਿਲਚਸਪ ਅਤੇ ਵਿਦਿਅਕ ਮਾਹੌਲ ਸਿਰਜਣ ਲਈ ਤਿਆਰ ਕੀਤੀ ਗਈ ਹੈ: ਸਪੈਸ਼ਲ ਡੀਜੀਪੀ ਈਸ਼ਵਰ ਸਿੰਘ
ਚੰਡੀਗੜ੍ਹ, 28 ਮਈ 2025 - ਪੰਜਾਬ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਸਹਾਇਤਾ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਵਿਖੇ ਨਵੇਂ ਅਪਗ੍ਰੇਡ ਕੀਤੇ ਕਰੈਚ ਦਾ ਉਦਘਾਟਨ ਕੀਤਾ।
ਡੀਜੀਪੀ ਨੇ ਆਪਣੇ ਐਕਸ (ਟਵਿੱਟਰ) ਹੈਂਡਲ 'ਤੇ ਪੋਸਟ ਕੀਤਾ, "ਅੱਜ, ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਨਵੇਂ ਅਪਗ੍ਰੇਡ ਕੀਤੇ ਗਏ ਕਰੈਚ ਦਾ ਉਦਘਾਟਨ ਕੀਤਾ ਜੋ ਸਾਡੀ ਫੋਰਸ ਬਲ ਦੀ ਰੀੜ੍ਹ ਦੀ ਹੱਡੀ: ਸਾਡੇ ਪਰਿਵਾਰਾਂ ਦੇ ਸਮਰਥਨ ਵੱਲ ਇੱਕ ਅਹਿਮ ਕਦਮ ਹੈ।"
ਇਸ ਮੌਕੇ ਡੀਜੀਪੀ ਦੇ ਨਾਲ ਸਪੈਸ਼ਲ ਡੀਜੀਪੀ ਵੈਲਫੇਅਰ ਈਸ਼ਵਰ ਸਿੰਘ, ਏਡੀਜੀਪੀ ਟ੍ਰੈਫਿਕ ਏ.ਐਸ. ਰਾਏ, ਏਡੀਜੀਪੀ ਪ੍ਰੋਵੀਜ਼ਨਿੰਗ ਜੀ ਨਾਗੇਸ਼ਵਰ ਰਾਓ, ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ, ਡੀਆਈਜੀ ਪ੍ਰਸ਼ਾਸਨ ਅਲਕਾ ਮੀਨਾ, ਏਆਈਜੀ ਸੁਰੇਂਦਰ ਲਾਂਬਾ ਅਤੇ ਏਆਈਜੀ ਸੌਮਿਆ ਮਿਸ਼ਰਾ ਵੀ ਮੌਜੂਦ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਹੈੱਡਕੁਆਰਟਰ ਦੀ ਗਰਾਊਂਡ ਫਲੋਰ 'ਤੇ ਸਥਿਤ ਇਸ ਨਵੇਂ ਸਥਾਪਿਤ ਕਰੈਚ ਵਿੱਚ ਹੁਣ 6 ਮਹੀਨਿਆਂ ਤੋਂ 10 ਸਾਲ ਦੀ ਉਮਰ ਦੇ 40 ਬੱਚੇ ਸਹੂਲਤ ਲੈ ਸਕਦੇ ਹਨ ਅਤੇ ਇਸਦਾ ਪ੍ਰਬੰਧਨ ਇੱਕ ਸਮਰਪਿਤ ਮਹਿਲਾ ਸਟਾਫ ਵੱਲੋਂ ਕੀਤਾ ਜਾਂਦਾ ਹੈ ਜਿਹਨਾਂ ਨੂੰ ਯੂ.ਟੀ. ਪ੍ਰਸ਼ਾਸਨ ਵੱਲੋਂ ਵੱਡਮੁੱਲੀ ਸਹਾਇਤਾ ਪ੍ਰਾਪਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਵਧੇਰੇ ਸਹਾਇਕ, ਸਮਾਵੇਸ਼ੀ ਅਤੇ ਪਰਿਵਾਰ-ਅਨੁਕੂਲ ਕਾਰਜ ਸਥਾਨ ਦੇ ਮਾਹੌਲ ਨੂੰ ਯਕੀਨੀ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ ਅਤੇ ਸਟਾਫ਼ ਮੈਂਬਰ ਦੀਆਂ ਸੇਵਾਵਾਂ ਬਹੁਤ ਮਹੱਤਵ ਰੱਖਦੀਆਂ ਹਨ ਅਤੇ ਉਨ੍ਹਾਂ ਦਾ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ, ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਨੇ ਕਿਹਾ ਕਿ ਇਹ ਸਹੂਲਤ ਬੱਚਿਆਂ ਲਈ ਇੱਕ ਸੁਰੱਖਿਅਤ, ਦਿਲਚਸਪ ਅਤੇ ਵਿਦਿਅਕ ਮਾਹੌਲ ਸਿਰਜਣ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਕਿ ਪਰਿਵਾਰ-ਅਨੁਕੂਲ ਕਾਰਜ ਸਥਾਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਦੇ ਸਮਰਪਣ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਰੈਚ ਨਾਲ ਅਧਿਕਾਰੀ ਮਨ ਦੀ ਸ਼ਾਂਤੀ ਨਾਲ ਆਪਣੇ ਫਰਜ਼ ਨਿਭਾ ਸਕਣਗੇ।
ਸਪੈਸ਼ਲ ਡੀਜੀਪੀ ਨੇ ਕਿਹਾ ਕਿ ਇਸ ਵੇਲੇ ਪੀ.ਪੀ.ਐਚ.ਕਿਊ. ਅਤੇ ਮਿੰਨੀ ਸਕੱਤਰੇਤ, ਪੰਜਾਬ ਵਿਖੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ 35 ਬੱਚੇ ਇਸ ਕਰੈਚ ਵਿੱਚ ਸਹੂਲਤ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਪਹਿਲਕਦਮੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਸਹਾਇਕ ਬੁਨਿਆਦੀ ਢਾਂਚਾ ਸਥਾਪਤ ਕਰਨ ਦੇ ਵਿਆਪਕ ਯਤਨ ਦਾ ਹਿੱਸਾ ਹੈ ਅਤੇ ਇਸ ਤਹਿਤ ਇੰਟੈਲੀਜੈਂਸ ਹੈੱਡਕੁਆਰਟਰ (ਐਸ.ਏ.ਐਸ. ਨਗਰ), ਜਲੰਧਰ ਤੇ ਲੁਧਿਆਣਾ ਦੇ ਕਮਿਸ਼ਨਰੇਟਾਂ ਅਤੇ ਅੰਮ੍ਰਿਤਸਰ ਦਿਹਾਤੀ, ਤਰਨਤਾਰਨ, ਸੰਗਰੂਰ, ਬਰਨਾਲਾ ਅਤੇ ਫਿਰੋਜ਼ਪੁਰ ਸਮੇਤ ਜ਼ਿਲ੍ਹਿਆਂ ਵਿੱਚ ਐਸ.ਐਸ.ਪੀ. ਦਫਤਰਾਂ ਵਿੱਚ ਇਸੇ ਤਰ੍ਹਾਂ ਦੇ ਕਰੈਚ ਕਾਰਜਸ਼ੀਲ ਹਨ।