ਸਾਊ ਤੇ ਠੰਡੀ ਸੀਰਤ ਵਾਲਾ ਆਗੂ ਸੁਖਦੇਵ ਢੀਂਡਸਾ ਦੇ ਅਕਾਲ ਚਲਾਣੇ ਤੇ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗਹਿਰਾ ਦੁਖ ਪ੍ਰਗਟਾਇਆ
ਅੰਮ੍ਰਿਤਸਰ:- 28 ਮਈ 2025 - ਨਿਹੰਗ ਸਿੰਘਾਂ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ. ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣਾ ਕਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਰਾਜਨੀਤਕ ਪਿੜ ਦਾ ਇੱਕ ਸਾਊ, ਸੂਝਵਾਨ ਤੇ ਉਚੇ ਦੁਮਾਲੜੇ ਵਾਲਾ ਵਿਅਕਤੀ ਸਾਡੇ ਵਿਚੋਂ ਵਿਛੜ ਗਿਆ ਹੈ। ਉਹ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਵਧਾਇਕ ਰਹੇ, ਰਾਜ ਸਭਾ ਦੇ ਮੈਂਬਰ ਵੀ ਬਣੇ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ।
ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਮੌਤ ਮਨੁੱਖ ਦੇ ਜਨਮ ਨਾਲ ਨਿਸਚਿਤ ਹੋ ਕੇ ਆਉਂਦੀ ਹੈ। ਜਨਮ ਤੇ ਮੌਤ ਅਕਾਲ ਪੁਰਖ ਦੇ ਹੁਕਮ ਵਿੱਚ ਹੈ ਕਿਉਂ ਕਿ ਮੌਤ ਦਾ ਭੇਦ ਅਕਾਲ ਪੁਰਖ ਨੇ ਆਪਣੇ ਪਾਸ ਰੱਖਿਆ ਹੋਇਆ ਹੈ। ਸ. ਢੀਡਸਾ ਸ਼ਾਂਤ ਤੇ ਸਹਿਜ ਸੁਭਾ ਵਾਲੇ ਆਗੂ ਸਨ ਪਰ ਮਨੁੱਖ ਕੁੱਝ ਨਹੀਂ ਕਰ ਸਕਦਾ, ਉਸ ਦਾ ਭਾਣਾ ਮੰਨਣਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ. ਢੀਂਡਸਾ ਦਾ ਅਕਾਲ ਚਲਾਣਾ ਅਸਹਿ ਸਦਮਾ ਹੈ। ਮੈਂ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਬੇਨਤੀ ਕਰਦਾ ਹਾਂ ਉਸਦੇ ਦੇ ਪਰਿਵਾਰ ਤੇ ਸਾਕ ਸਬੰਧੀਆਂ ਨੂੰ ਇਸ ਅਸਹਿ ਸਦਮੇ ਨੂੰ ਬਰਦਾਸਤ ਕਰਨ ਲਈ ਬਲ ਬਖਸ਼ਣ।