ਵਿਜੀਲੈਂਸ ਮਿਹਰਬਾਨ : ਥਾਰ ਵਾਲੀ ਬੀਬੀ ਦਾ ਇੱਕ ਦਿਨ ਪਹਿਲਾਂ ਪੂਰਾ ਕੀਤਾ ਰਿਮਾਂਡ
- ਅਦਾਲਤ ਨੇ ਅਦਾਲਤੀ ਹਿਰਾਸਤ ’ਚ ਭੇਜੀ ਅਮਨਦੀਪ
ਅਸ਼ੋਕ ਵਰਮਾ
ਬਠਿੰਡਾ, 28 ਮਈ 2025:ਸੋਮਵਾਰ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਬਰਖਾਸਤ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਜੋ ਕਾਲੀ ਥਾਰ ਵਾਲੀ ਬੀਬੀ ਨਾਲ ਚਰਚਿਤ ਹੈ ਦਾ ਵਿਜੀਲੈਂਸ ਨੇ ਰਿਮਾਂਡ ਇੱਕ ਦਿਨ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ ਜਿਸ ਨੂੰ ਲੈਕੇ ਕਈ ਤਰਾਂ ਦੀ ਚੁੰਝ ਚਰਚਾ ਛਿੜ ਗਈ ਹੈ। ਹਾਲਾਂਕਿ ਅਧਿਕਾਰੀ ਇਸ ਮਾਮਲੇ ਸਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਫਿਰ ਵੀ ਵਿਜੀਲੈਂਸ ਵੱਲੋਂ ਅਚਾਨਕ ਕੀਤੀ ਕਾਰਵਾਈ ਨੂੰ ਕਿਧਰੇ ਪੜਤਾਲ ਮੁਕੰਮਲ ਹੋਣ ਨਾਲ ਅਤੇ ਕਿਸੇ ਪਾਸੇ ਵਿਜੀਲੈਂਸ ਦੀ ਮਿਹਰਬਾਨੀ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਮੰਗਲਵਾਰ ਨੂੰ ਵਿਜੀਲੈਂਸ ਨੇ ਅਦਾਲਤ ’ਚ ਪੇਸ਼ ਕਰਕੇ ਅਮਨਦੀਪ ਕੌਰ ਦਾ ਤਿੰਨ ਦਿਨ ਦਾ ਰਿਮਾਂਡ ਲਿਆ ਸੀ ਜੋ ਵੀਰਵਾਰ ਨੂੰ ਤਿੰਨ ਵਜੇ ਤੱਕ ਖਤਮ ਹੋਣਾ ਸੀ।
ਬੀਤੀ ਦੇਰ ਰਾਤ ਅਮਨਦੀਪ ਕੌਰ ਨੂੰ ਪੇਟ ਵਿੱਚ ਦਰਦ ਹੋਣ ਕਰਕੇ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ’ਚ ਦਾਖਲ ਕਰਵਾਇਆ ਸੀ। ਜਾਣਕਾਰੀ ਅਨੁਸਾਰ ਡਾਕਟਰਾਂ ਨੇ ਅਮਨਦੀਪ ਨੂੰ ਗੁਰਦੇ ਵਿੱਚ ਪਥਰੀ ਹੋਣ ਦੀ ਸ਼ਕਾਇਤ ਦੱਸੀ ਸੀ। ਸਿਵਲ ਹਸਪਤਾਲ ’ਚ ਕੋਈ ਮਾਹਿਰ ਨਾਂ ਹੋਣ ਕਰਕੇ ਅੱਜ ਅਮਨਦੀਪ ਕੌਰ ਨੂੰ ਏਮਜ਼ ਹਸਪਤਾਲ ਭੇਜਿਆ ਗਿਆ ਸੀ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਵਿਜੀਲੈਂਸ ਅਧਿਕਾਰੀਆਂ ਨੇ ਅਦਾਲਤ ਵਿੱਚ ਪੇਸ਼ ਹੋਕੇ ਦਲੀਲ ਦਿੱਤੀ ਕਿ ਪੜਤਾਲ ਮੁਕੰਮਲ ਹੋ ਗਈ ਹੈ ਇਸ ਲਈ ਉਹ ਅੱਜ ਹੀ ਅਮਨਦੀਪ ਨੂੰ ਪੇਸ਼ ਕਰ ਸਕਦੇ ਹਨ। ਅਦਾਲਤ ਨੇ ਇੰਨ੍ਹਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਮਨਦੀਪ ਨੂੰ 14 ਦਿਨ ਦੀ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਆਦੇਸ਼ ਦਿੱਤੇ ਹਨ।
ਇਸ ਵਕਤ ਅਮਨਦੀਪ ਏਮਜ਼ ਵਿੱਚ ਜੇਰੇ ਇਲਾਜ ਹੈ ਜਿੱਥੋਂ ਡਾਕਟਰਾਂ ਵੱਲੋਂ ਫਿੱਟ ਕਰਾਰ ਦੇਣ ਤੋਂ ਬਾਅਦ ਉਸ ਨੂੰ ਅਦਾਲਤੀ ਹੁਕਮਾ ਤਹਿਤ ਜੇਲ੍ਹ ਭੇਜਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦੇ ਮਾਮਲੇ ’ਚ ਵਿਜੀਲੈਂਸ ਨੇ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਨੂੰ ਨਾਮਵਰ ਗਾਇਕਾ ਅਫਸਾਨਾ ਖਾਨ ਦੀ ਭੈਣ ਦੇ ਘਰੋਂ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਸੀ। ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਵਿਜੀਲੈਂਸ ਨੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਦਿੰਦਿਆਂ ਵੀਰਵਾਰ ਨੂੰ ਤਿੰਨ ਵਜੇ ਤੱਕ ਅਦਾਲਤ ਵਿੱਚ ਪੇਸ਼ ਕਰਨ ਦੀ ਹਦਾਇਤ ਦਿੱਤੀ ਸੀ। ਹਾਲਾਂਕਿ ਅਜੇ ਰਿਮਾਂਡ ਦਾ ਕਾਫੀ ਸਮਾਂ ਪਿਆ ਸੀ ਪਰ ਵਿਜੀਲੈਂਸ ਨੇ ਅਚਾਨਕ ਇਹ ਫੈਸਲਾ ਲਿਆ ਹੈ।