ਸੁਲਤਾਨਵਿੰਡ ਵਿੱਚ ਦੋ ਨਸ਼ਾ ਤਸਕਰ ਭਰਾਵਾਂ ਦਾ ਘਰ ਜ਼ਿਲ੍ਹਾ ਪ੍ਰਸ਼ਾਸਨ ਨੇ ਢਾਹਿਆ (ਵੀਡੀਓ ਵੀ ਦੇਖੋ)
- ਲੋਕਾਂ ਨੂੰ ਜ਼ਹਿਰ ਰੂਪੀ ਨਸ਼ਾ ਵੰਡਣ ਵਾਲੇ ਸਮਗਲਰਾਂ ਉੱਤੇ ਕੋਈ ਰਹਿਮ ਨਹੀਂ ਕੀਤਾ ਜਾ ਸਕਦਾ - ਪੁਲਿਸ ਕਮਿਸ਼ਨਰ
ਅੰਮ੍ਰਿਤਸਰ, 28 ਮਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਨੂੰ ਅੱਗੇ ਤੋਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਅੱਜ ਸੁਲਤਾਨਵਿੰਡ ਇਲਾਕੇ ਵਿੱਚ ਨਸ਼ਾ ਤਸਕਰ ਭਰਾਵਾਂ ਦੇ ਰਹਾਇਸ਼ੀ ਮਕਾਨ ਨੂੰ ਢਾਹ ਕੇ ਇਹ ਸਪਸ਼ਟ ਕਰ ਦਿੱਤਾ ਕਿ ਹੁਣ ਨਸ਼ਾ ਤਸਕਰੀ ਦਾ ਗੰਦਾ ਕਾਰੋਬਾਰ ਪੰਜਾਬ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸਣ ਯੋਗ ਹੈ ਕਿ ਇਹ ਦੋ ਭਰਾ ਜੋ ਕਿ ਪੱਤੀ ਬਾਬਾ ਜੀਵਨ ਸਿੰਘ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ, ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਹੇ ਸਨ।
ਵੀਡੀਓ ਵੀ ਦੇਖੋ ----- https://www.facebook.com/AAPPunjab/videos/1362093541576477
ਜਿਨਾਂ ਵਿੱਚੋਂ ਹਰਪਾਲ ਸਿੰਘ ਉਰਫ ਭਾਲਾ ਪੁੱਤਰ ਲੱਖਾ ਸਿੰਘ ਉਤੇ ਕੁੱਲ 5 ਮੁਕੱਦਮੇਂ ਜਿਨਾਂ ਵਿੱਚੋਂ 4 ਐਨ.ਡੀ.ਪੀ.ਐਸ ਐਕਟ ਅਤੇ 1 ਚੋਰੀ ਦਾ ਹੈ, ਦਰਜ ਹਨ। ਇਸਤੋਂ ਇਲਾਵਾ 2 ਵਾਰ ਜੁਰਮ ਰੋਕੂ ਕਾਰਵਾਈ 107, 110,151 ਸੀ.ਆਰ.ਪੀ.ਸੀ ਵੀ ਦਰਜ਼ ਹੈ। ਫਿਲਹਾਲ ਇਹ ਪੁਲਿਸ ਦੀ ਗ੍ਰਿਫਤ ਤੋਂ ਭਗੌੜਾ ਹੈ। ਇਸ ਦਾ ਦੂਜਾ ਭਰਾ ਜੱਜ ਸਿੰਘ ਪੁੱਤਰ ਲੱਖਾ ਸਿੰਘ ਉੱਪਰ 3 ਮੁਕੱਦਮੇਂ ਐਨ.ਡੀ.ਪੀ.ਐਸ ਐਕਟ ਦੇ ਦਰਜ਼ ਹਨ । ਇਸਤੋਂ ਇਲਾਵਾ 3 ਵਾਰ ਜੁਰਮ ਰੋਕੂ ਕਾਰਵਾਈ 107,110,151 ਸੀ.ਆਰ.ਪੀ.ਸੀ ਦਰਜ਼ ਹਨ। ਇਹ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਚ ਬੰਦ ਹੈ।
ਅੱਜ ਇਹਨਾਂ ਤਸਕਰ ਭਰਾਵਾਂ ਦਾ ਪੱਤੀ ਬਾਬਾ ਜੀਵਨ ਸਿੰਘ ਪਿੰਡ ਸੁਲਤਾਨਵਿੰਡ,ਅੰਮ੍ਰਿਤਸਰ ਸਥਿਤ ਮਕਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਢਾਹ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ਉਤੇ ਪਹੁੰਚੇ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਸਪਸ਼ਟ ਸੰਦੇਸ਼ ਦਿੰਦੇ ਕਿਹਾ ਕਿ ਜੋ ਲੋਕ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਨਸ਼ਿਆਂ ਰੂਪੀ ਜ਼ਹਿਰ ਘੋਲ ਰਹੇ ਹਨ, ਉਹਨਾਂ ਉੱਤੇ ਕਿਸੇ ਤਰ੍ਹਾਂ ਦਾ ਰਹਿਮ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਅਤੇ ਜੋ ਵੀ ਇਸ ਧੰਦੇ ਵਿੱਚ ਸ਼ਾਮਿਲ ਹੈ, ਉਸ ਨੂੰ ਜੇਲ ਵਿੱਚ ਸੁੱਟਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਨਸ਼ੇ ਦੇ ਰੋਗੀਆਂ ਦਾ ਇਲਾਜ ਵੀ ਪੁਲਿਸ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨਿਰੰਤਰ ਇਸ ਨਸ਼ਾ ਵਿਰੋਧੀ ਮੁਹਿੰਮ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਪੁਲਿਸ ਰੋਜ਼ਾਨਾ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕਰ ਰਹੀ ਹੈ। ਉਹਨਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ। ਉਹਨਾਂ ਕਿਹਾ ਕਿ ਅਸੀਂ ਜਾਣਕਾਰੀ ਦੇਣ ਵਾਲੇ ਦਾ ਨਾਂ ਬਿਲਕੁਲ ਗੁਪਤ ਰੱਖ ਕੇ ਅਜਿਹੀ ਕਾਰਵਾਈ ਕਰਾਂਗੇ ਕਿ ਨਸ਼ਾ ਤਸਕਰਾਂ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ। ਇਸ ਮੌਕੇ ਡੀਸੀਪੀ ਸ੍ਰੀ ਆਲਮ ਵਿਜੇ ਸਿੰਘ, ਏ ਡੀ ਸੀ ਪੀ ਸ ਵਿਸ਼ਾਲਜੀਤ ਸਿੰਘ, ਏਸੀਪੀ ਸ੍ਰੀ ਪ੍ਰਵੇਸ਼ ਚੋਪੜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।