ਜਿਉਂਦ ਜਮੀਨ ਬਚਾਓ ਮੋਰਚਾ : ਕਿਸਾਨਾਂ ਵੱਲੋਂ ਪਿੰਡ ਵਿੱਚ ਜਬਰਦਸਤ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਰਾਮਪੁਰਾ,28 ਮਈ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਜਿਉਂਦ ਦੇ ਵਾਸੀਆਂ ਵੱਲੋਂ ਜਿਉਦ ਵਿਖੇ ਚੱਲ ਰਹੇ ਜਮੀਨ ਬਚਾਓ ਮੋਰਚੇ ਦੇ ਅੱਜ 18ਵੇਂ ਦਿਨ ਵੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਪਿੰਡ ਵਿੱਚ ਮੁਜ਼ਾਹਰਾ ਕੀਤਾ ਗਿਆ। ਅੱਜ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਸ਼ਾਸਨ ਵੱਲੋਂ ਸਦੀਆਂ ਤੋਂ ਕਾਬਜ਼ ਅਤੇ ਕਾਸ਼ਤਕਾਰ ਪਿੰਡ ਜਿਉਂਦ ਦੇ ਕਿਸਾਨਾਂ ਤੋਂ ਉਹਨਾਂ ਦੀਆਂ ਜਮੀਨਾਂ ਖੋਹ ਕੇ ਜਾਗੀਰਦਾਰਾਂ ਨੂੰ ਦੇਣ ਵਿਰੁੱਧ ਅਤੇ ਮੁਜ਼ਾਰਿਆਂ ਨੂੰ ਪੂਰੇ ਮਾਲਕੀ ਹੱਕ ਦਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ।ਉਹਨਾਂ ਕਿਹਾ ਕਿ ਸਦੀਆਂ ਪਹਿਲਾਂ ਰਾਜੇ ਮਹਾਰਾਜਿਆਂ ਦੇ ਰਾਜ ਦੌਰਾਨ ਮਹਾਰਾਜਿਆਂ ਵੱਲੋਂ ਇੱਕ ਜਾਂ ਕਈ ਪਿੰਡਾਂ ਦੀ ਜ਼ਮੀਨ ਤੇ ਜਾਗੀਰਦਾਰਾਂ ਦਾ ਕਬਜ਼ਾ ਕਰਵਾਇਆ ਜਾਂਦਾ ਸੀ ਅਤੇ ਪਿੰਡਾਂ ਦੇ ਕਿਸਾਨ ਉਸ ਜਮੀਨ ਤੇ ਮੁਜਾਰੇ ਦੇ ਰੂਪ ਵਿੱਚ ਕੰਮ ਕਰਦੇ ਸਨ ਜਗੀਰਦਾਰ ਫਸਲਾਂ ਦੀ ਉਪਜ ਵਿੱਚੋਂ ਆਪਦੇ ਹਿੱਸੇ ਵੰਡਾ ਕੇ ਲੈ ਜਾਂਦੇ ਸਨ।
ਉਹਨਾਂ ਕਿਹਾ ਕਿ ਜਾਗੀਰਦਾਰਾਂ ਦੀਆਂ ਮਨਮਾਨੀਆਂ ਤੋਂ ਤੰਗ ਆ ਕੇ ਮੁਜ਼ਾਰਿਆਂ ਨੇ ਮਾਲਕੀ ਹੱਕ ਲੈਣ ਲਈ ਸੰਘਰਸ਼ ਕੀਤੇ ਜਿਸ ਦੇ ਦਬਾਅ ਹੇਠ ਰਾਜਿਆਂ ਦੇ ਫਰਮਾਨ ਅਤੇ ਮਜਾਰਿਆਂ ਵੱਲੋਂ ਸੰਘਰਸ਼ਾਂ ਦੇ ਨਾਲ ਨਾਲ ਅਦਾਲਤਾਂ ਵਿੱਚ ਜਮੀਨੀ ਮਾਲਕੀ ਹੱਕ ਲੈਣ ਦੇ ਕੀਤੇ ਦਾਅਵੇ ਦੌਰਾਨ ਅਦਾਲਤਾਂ ਵੱਲੋਂ ਵੀ ਮੁਜ਼ਾਰਿਆਂ ਦੇ ਨਾਭ ਜਮੀਨਾਂ ਕਰਨ ਦੇ ਫੈਸਲੇ ਕੀਤੇ ਗਏ ਪਰ ਸਰਕਾਰਾਂ 'ਤੇ ਜਗੀਰਦਾਰਾਂ ਦਾ ਦਬਾਅ ਹੋਣ ਕਾਰਨ ਰੱਖੀਆਂ ਚੋਰ ਮੋਰੀਆਂ ਰਾਹੀਂ ਅਤੇ ਕਿਸਾਨਾਂ ਦਾ ਪੱਖ ਅਦਾਲਤ ਵਿੱਚ ਕਮਜ਼ੋਰ ਪੇਸ਼ ਕਰਕੇ ਜਾਗੀਰਦਾਰਾਂ ਦੇ ਪੱਖ ਵਿੱਚ ਫੈਸਲਾ ਹੋ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸਦੀਆਂ ਤੋਂ ਕਾਬਜ ਤੇ ਕਾਸ਼ਤਕਾਰ ਕਿਸਾਨਾਂ ਦੀ ਰੋਜੀ ਰੋਟੀ ਦਾ ਸਾਧਨ ਜਮੀਨ ਹੀ ਹੈ ਇਸ ਜਮੀਨ ਤੇ ਕਿਸੇ ਜਾਗੀਰਦਾਰ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਰਕਾਰ ਵੱਲੋਂ ਨਿਸ਼ਾਨਦੇਹੀ ਨਹੀਂ ਹੋਣ ਦਿੱਤੀ ਜਾਵੇਗੀ । ਮੋਰਚੇ ਵਿੱਚ ਅੱਜ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ , ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ, ਹਰਬੰਸ ਸਿੰਘ ਕੋਟਲੀ,ਚਮਕੋਰ ਸਿੰਘ ਨੈਣੇਵਾਲ , ਉੱਤਮ ਸਿੰਘ ਰਾਮਾਨੰਦੀ,ਜੋਗਿੰਦਰ ਸਿੰਘ ਮਾਨਸਾ ਚਰਨਜੀਤ ਕੌਰ ਠੁੱਲੀਵਾਲ ਬਰਨਾਲਾ ਵੀ ਸ਼ਾਮਲ ਸਨ।