ਕਿਸ਼ੋਰ ਅਵਸਥਾ ਵਿੱਚ ਲੜਕੀਆਂ ਨੂੰ ਮਾਹਵਾਰੀ ਮੌਕੇ ਸਾਫ਼-ਸਫ਼ਾਈ ਦਾ ਧਿਆਨ ਰੱਖਣ ਲਈ ਨੁਕਤੇ ਦੱਸੇ
ਅਸ਼ੋਕ ਵਰਮਾ
ਨਥਾਣਾ, 28 ਮਈ 2025:ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਮਾਹਵਾਰੀ ਸਵੱਛਤਾ ਦਿਵਸ ਮਨਾਇਆ ਗਿਆ। ਐਸ.ਐਮ.ਓ ਡਾ. ਸਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਦਾ ਮੰਤਵ ਕਿਸ਼ੋਰ ਲੜਕੀਆਂ ਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਨਾਲ ਸਬੰਧਤ ਅਹਿਮ ਜਾਣਕਾਰੀ ਦੇਣਾ ਹੈ ਤਾਂ ਕਿ ਉਹ ਸਬੰਧਤ ਸੰਭਾਵੀ ਬਿਮਾਰੀਆਂ ਤੋਂ ਬਚ ਸਕਣ। ਇਸ ਮੌਕੇ ਸਿਹਤ ਸਟਾਫ ਸਮੇਤ ਔਰਤਾਂ ਤੇ ਕਿਸ਼ੋਰ ਲੜਕੀਆਂ ਨੂੰ ਮਾਹਵਾਰੀ ਦੇ ਦਿਨਾਂ ਵਿਚ ਵਿਸ਼ੇਸ਼ ਤੌਰ 'ਤੇ ਸਾਫ-ਸਫਾਈ ਰੱਖਣ ਦੀ ਮਹੱਤਤਾ ਬਾਰੇ ਦੱਸਣ ਲਈ ਸਿਹਤ ਵਿਭਾਗ ਨਥਾਣਾ ਅਧੀਨ ਸਿਹਤ ਕੇਂਦਰਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ।
ਸਕੂਲੀ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਡਾ. ਪੂਜਾ ਨੇ ਦੱਸਿਆ ਕਿ ਕਿਸ਼ੋਰ ਲੜਕੀਆਂ ਨੂੰ ਮਾਹਵਾਰੀ ਆਉਣੀ ਇਕ ਕੁਦਰਤੀ ਪ੍ਰਕਿਰਿਆ ਹੈ, ਜਿਸ ਬਾਰੇ ਆਮ ਤੌਰ 'ਤੇ ਲੜਕੀਆਂ ਕਿਸੇ ਹੋਰ ਨੂੰ ਦੱਸਣ ਵਿਚ ਸ਼ਰਮ ਮਹਿਸੂਸ ਕਰਦੀਆਂ ਹਨ। ਜਦੋਂ ਕਿ ਮਾਹਵਾਰੀ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਮਾਂ ਬਣਨ ਦੇ ਕਾਬਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਹਵਾਰੀ ਦੌਰਾਨ ਸਾਫ-ਸਫ਼ਾਈ ਨਾ ਰੱਖਣ ਕਰਕੇ ਕਈ ਗੰਭੀਰ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਇਸ ਮੌਕੇ ਔਰਤਾਂ ਨੂੰ ਮਾਹਵਾਰੀ ਦੇ ਦੌਰਾਨ ਪੈਡ ਜਾਂ ਸੁੱਕੇ ਸਾਫ ਕੱਪੜੇ ਦੀ ਵਰਤੋਂ ਕਰਨ, ਵਰਤੇ ਗਏ ਪੈਡ ਜਾਂ ਕੱਪੜੇ ਨੂੰ ਖੁੱਲ੍ਹੇ ਵਿਚ ਨਾ ਸੁੱਟਣ, ਪੈਡ ਜਾਂ ਕੱਪੜੇ ਨੂੰ ਹਰ 4-6 ਘੰਟੇ ਬਾਅਦ ਬਦਲਣ, ਰੋਜ਼ਾਨਾ ਨਹਾਉਣ, ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਅਤੇ ਆਇਰਨ ਦੀ ਗੋਲੀ ਲੈਣ ਵਰਗੀਆਂ ਚੰਗੀਆਂ ਆਦਤਾਂ ਨੂੰ ਅਪਣਾਉਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਮਾਹਵਾਰੀ ਆਮ ਗੱਲ ਹੈ, ਇਸ ਲਈ ਆਓ, ਮਾਹਵਾਰੀ ਦੌਰਾਨ ਸਿਹਤਮੰਦ ਅਤੇ ਸਹੀ ਸੰਭਾਲ ਰੱਖਣਾ ਸਿੱਖੀਏ।
ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਜਾਗਰੂਕਤਾ ਮੁਹਿੰਮ ਅਧੀਨ ਜਿੱਥੇ ਔਰਤਾਂ/ਕਿਸ਼ੋਰ ਲੜਕੀਆਂ ਨੂੰ ਮਾਹਵਾਰੀ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲ ਕਰਨ ਲਈ ਜਾਗਰੂਕ ਕੀਤਾ, ਉੱਥੇ ਹੀ ਸੈਨੇਟਰੀ ਨੈਪਕਿਨ ਦੀ ਸੁਚੱਜੀ ਵਰਤੋਂ ਬਾਰੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਤੇ ਕਿਸ਼ੋਰ ਲੜਕੀਆਂ ਦੀ ਸਿਹਤ ਸੁਰੱਖਿਆ ਲਈ ਸੁਰੱਖਿਅਤ ਮਾਹਵਾਰੀ ਬਹੁਤ ਜ਼ਰੂਰੀ ਹੈ। ਇਸ ਮੌਕੇ ਆਰ.ਬੀ.ਐਸ.ਕੇ ਟੀਮ ਮੈਂਬਰਾਂ ਵਿਚ ਕੁਲਵੀਰ ਕੌਰ ਸਟਾਫ਼ ਨਰਸ, ਕੁਲਵਿੰਦਰ ਸਿੰਘ ਫਾਰਮਾਸਿਸਟ ਤੋਂ ਇਲਾਵਾ ਸਕੂਲ ਅਧਿਆਪਕ ਮੌਜੂਦ ਸਨ।