ਭੂਚਾਲ ਜਾਂ ਕਿਸੇ ਵੀ ਪ੍ਰਕਾਰ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਕਰਵਾਈ ਵਿਸ਼ੇਸ਼ ਮੌਕ ਡਰਿੱਲ
ਮੌਕ ਡਰਿੱਲ ਵਿੱਚ ਇਮਾਰਤ ਢਹਿਣ ਮੌਕੇ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦੇਣ ਸਬੰਧੀ ਕੀਤਾ ਗਿਆ ਅਭਿਆਸ
ਸਿਵਲ ਪ੍ਰਸ਼ਾਸ਼ਨ, ਐਨ.ਡੀ.ਆਰ.ਐੱਫ, ਪੰਜਾਬ ਹੋਮ ਗਾਰਡ, ਪੁਲਿਸ, ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਦੀਆਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
ਅਸ਼ੋਕ ਵਰਮਾ
ਮਾਨਸਾ, 15 ਮਈ 2026:ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ ਦੀ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਿਮਰਪ੍ਰੀਤ ਕੌਰ ਦੀ ਦੇਖ ਰੇਖ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭੂਚਾਲ ਵਰਗੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਇੱਕ ਵਿਸ਼ੇਸ਼ ਮੌਕ ਡਰਿੱਲ ਕਰਵਾਈ ਗਈ।
ਇਸ ਅਭਿਆਸ ਦਾ ਮੁੱਖ ਉਦੇਸ਼ ਭੂਚਾਲ ਆਉਣ ਦੀ ਸੂਰਤ ਵਿੱਚ ਜਾਨੀ-ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਪ੍ਰਸ਼ਾਸਨਿਕ ਤਿਆਰੀਆਂ ਨੂੰ ਪਰਖਣਾ ਸੀ। ਇਸ ਵਿੱਚ ਸਿਵਲ ਪ੍ਰਸ਼ਾਸਨ, 7ਵੀਂ ਬਟਾਲੀਅਨ ਐਨ.ਡੀ.ਆਰ.ਐੱਫ ਬਠਿੰਡਾ, ਪੁਲਿਸ, ਪੰਜਾਬ ਹੋਮਗਾਰਡਜ਼, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਵਲੰਟੀਅਰਾਂ ਨੇ ਪੂਰੀ ਮੁਸਤੈਦੀ ਨਾਲ ਹਿੱਸਾ ਲਿਆ।
ਲੋਕਾਂ ਨੂੰ ਜਾਗਰੂਕ ਕਰਨ ਅਤੇ ਐਮਰਜੈਂਸੀ ਸਥਿਤੀ ਲਈ ਤਿਆਰ ਕਰਨ ਦੇ ਉਦੇਸ਼ ਨਾਲ ਕਰਵਾਈ ਗਈ ਇਸ ਡਰਿੱਲ ਦੀ ਸ਼ੁਰੂਆਤ ਖ਼ਤਰੇ ਦੇ ਸਾਇਰਨ ਨਾਲ ਹੋਈ। ਸਾਇਰਨ ਵੱਜਦੇ ਹੀ ਸਾਰੀਆਂ ਟੀਮਾਂ ਹਰਕਤ ਵਿੱਚ ਆ ਗਈਆਂ। ਇਹ ਅਭਿਆਸ ਲਗਭਗ ਅੱਧਾ ਘੰਟਾ ਚੱਲਿਆ, ਜਿਸ ਦੌਰਾਨ ਭੂਚਾਲ ਮੌਕੇ ਖੁਦ ਨੂੰ ਸੁਰੱਖਿਅਤ ਰੱਖਣ ਅਤੇ ਦੂਜਿਆਂ ਦੀ ਮਦਦ ਕਰਨ ਦੇ ਤਰੀਕਿਆਂ ਦਾ ਪ੍ਰਦਰਸ਼ਨ ਕੀਤਾ ਗਿਆ।
ਡਰਿੱਲ ਦੌਰਾਨ ਇਹ ਦਿਖਾਇਆ ਗਿਆ ਕਿ ਜੇਕਰ ਭੂਚਾਲ ਕਾਰਨ ਕੋਈ ਇਮਾਰਤ ਢਹਿ-ਢੇਰੀ ਹੋ ਜਾਂਦੀ ਹੈ, ਤਾਂ ਉਸ ਦੇ ਮਲਬੇ ਹੇਠ ਫਸੇ ਲੋਕਾਂ ਨੂੰ ਕਿਵੇਂ ਸੁਰੱਖਿਅਤ ਬਾਹਰ ਕੱਢਣਾ ਹੈ। ਐਨ.ਡੀ.ਆਰ.ਐੱਫ ਅਤੇ
ਪੰਜਾਬ ਹੋਮਗਾਰਡਜ਼ ਦੀਆਂ ਰੈਸਕਿਊ ਟੀਮਾਂ ਨੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦਿਆਂ ਬਚਾਅ ਕਾਰਜਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਖਮੀਆਂ ਨੂੰ ਮੌਕੇ 'ਤੇ ਮੁਢਲੀ ਸਹਾਇਤਾ ਦੇਣ ਅਤੇ ਗੰਭੀਰ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦਾ ਅਭਿਆਸ ਕੀਤਾ। ਇਸ ਦੇ ਨਾਲ ਹੀ, ਭੂਚਾਲ ਕਾਰਨ ਲੱਗਣ ਵਾਲੀ ਸੰਭਾਵੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੀ ਮੁਸਤੈਦ ਨਜ਼ਰ ਆਈ।
ਇਸ ਮੌਕੇ ਡੀਐਸਪੀ ਪੁਸ਼ਪਿੰਦਰ ਸਿੰਘ ਗਿੱਲ, 7ਵੀਂ ਬਟਾਲੀਅਨ ਐਨ.ਡੀ.ਆਰ.ਐੱਫ ਬਠਿੰਡਾ ਦੇ ਇੰਸਪੈਕਟਰ ਸੰਦੀਪ ਕੁਮਾਰ, ਪੰਜਾਬ ਹੋਮ ਗਾਰਡ ਦੇ ਇੰਸਪੈਕਟਰ ਗੁਰਸੇਵਕ ਸਿੰਘ ਵੀ ਹਾਜ਼ਰ ਸਨ।