ਬੱਚਿਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਲਈ ਹਿੰਦੂਪੁਰ ਸਕੂਲ ਵਲੋਂ ਸਾਇੰਸ ਸਿਟੀ ਦਾ ਦੌਰਾ
ਬਾਬੂਸ਼ਾਹੀ ਬਿਊਰੋ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ ਸਾਹਿਬ 15 ਮਈ 2026:-ਸਰਕਾਰੀ ਮਿਡਲ ਸਕੂਲ ਹਿੰਦੂਪੁਰ ਦੇ ਬੱਚਿਆਂ ਵਿੱਚ ਵਿਗਿਆਨਕ ਰੁਚੀ, ਤਰਕਸ਼ੀਲ ਸੋਚ ਅਤੇ ਨਵੀਆਂ ਖੋਜਾਂ ਪ੍ਰਤੀ ਜਿਗਿਆਸਾ ਪੈਦਾ ਕਰਨ ਦੇ ਮਕਸਦ ਤਹਿਤ ਸਕੂਲ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਵਿਸ਼ੇਸ਼ ਵਿਦਿਅਕ ਟੂਰ ਕਰਵਾਇਆ ਗਿਆ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਗਏ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਤ ਕਈ ਆਧੁਨਿਕ ਮਾਡਲਾਂ, ਪ੍ਰਦਰਸ਼ਨੀਆਂ ਅਤੇ ਤਜਰਬਿਆਂ ਨੂੰ ਨੇੜੇ ਤੋਂ ਦੇਖਿਆ ਅਤੇ ਸਮਝਿਆ।
ਦੌਰੇ ਦੌਰਾਨ ਬੱਚਿਆਂ ਨੇ ਡਾਇਨੋਸੋਰ ਪਾਰਕ ਵਿੱਚ ਪ੍ਰਾਚੀਨ ਜੀਵ ਜਗਤ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ, ਜਦਕਿ ਪੁਲਾੜ ਥਿਏਟਰ ਅਤੇ ਸਪੇਸ ਗੈਲਰੀ ਵਿੱਚ ਬ੍ਰਹਿਮੰਡ, ਗ੍ਰਹਿਆਂ ਅਤੇ ਅੰਤਰਿਕਸ਼ ਯਾਤਰਾਵਾਂ ਬਾਰੇ ਦਿਲਚਸਪ ਤੱਥ ਵੇਖੇ। ਫਲਾਈਟ ਸਿਮੂਲੇਟਰ ਅਤੇ ਸਪੇਸ ਵਾਕ ਵਰਗੀਆਂ ਗਤੀਵਿਧੀਆਂ ਨੇ ਬੱਚਿਆਂ ਨੂੰ ਵਿਗਿਆਨ ਨੂੰ ਸਿਰਫ਼ ਕਿਤਾਬਾਂ ਤੱਕ ਸੀਮਿਤ ਨਾ ਰੱਖ ਕੇ ਉਸ ਨੂੰ ਮਹਿਸੂਸ ਕਰਨ ਅਤੇ ਪ੍ਰਯੋਗਿਕ ਢੰਗ ਨਾਲ ਸਮਝਣ ਦਾ ਮੌਕਾ ਦਿੱਤਾ। ਇਸ ਤੋਂ ਇਲਾਵਾ 3-ਡੀ ਸ਼ੋਅ ਅਤੇ ਅਰਥਕੁਏਕ-ਸਿਮੂਲੇਟਰ ਰਾਹੀਂ ਵਿਦਿਆਰਥੀਆਂ ਨੇ ਭੂਚਾਲ ਅਤੇ ਹੋਰ ਕੁਦਰਤੀ ਘਟਨਾਵਾਂ ਨਾਲ ਜੁੜੀਆਂ ਵਿਗਿਆਨਕ ਜਾਣਕਾਰੀਆਂ ਨੂੰ ਰੁਚਿਕਰ ਢੰਗ ਨਾਲ ਜਾਣਿਆ।
ਇਸ ਮੌਕੇ ਗਾਈਡ ਅਤੇ ਸਾਇੰਸ ਅਧਿਆਪਕ ਭੁਪਿੰਦਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਵਿਦਿਅਕ ਟੂਰ ਵਿਦਿਆਰਥੀਆਂ ਦੀ ਸੋਚਣ ਸਮਝਣ ਦੀ ਸਮਰੱਥਾ ਨੂੰ ਵਿਕਸਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਆਂ ਖੋਜਾਂ ਅਤੇ ਤਕਨੀਕ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਵਿਗਿਆਨਕ ਮਾਡਲਾਂ ਨੂੰ ਆਪਣੇ ਸਾਹਮਣੇ ਚੱਲਦੇ ਅਤੇ ਕੰਮ ਕਰਦੇ ਵੇਖਦੇ ਹਨ ਤਾਂ ਉਨ੍ਹਾਂ ਵਿੱਚ ਸਿੱਖਣ ਪ੍ਰਤੀ ਉਤਸ਼ਾਹ ਹੋਰ ਵੱਧ ਜਾਂਦਾ ਹੈ।
ਦੌਰੇ ਦੌਰਾਨ ਬੱਚਿਆਂ ਨੇ ਵੱਖ-ਵੱਖ ਪ੍ਰਦਰਸ਼ਨੀਆਂ ਨੂੰ ਬੜੀ ਦਿਲਚਸਪੀ ਨਾਲ ਵੇਖਿਆ ਅਤੇ ਕਈ ਵਿਗਿਆਨਕ ਉਪਕਰਣਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਵਿਦਿਆਰਥੀਆਂ ਵਿੱਚ ਇਸ ਟੂਰ ਨੂੰ ਲੈ ਕੇ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਇੰਚਾਰਜ ਮੈਡਮ ਰਾਜਵੀਰ ਕੌਰ, ਅਮਨਦੀਪ ਕੌਰ ਸਮੇਤ ਸਕੂਲ ਸਟਾਫ ਵੀ ਹਾਜ਼ਰ ਸੀ।