ਪੀਐਮ ਸ਼੍ਰੀ ਸਕੂਲ ਵਿੱਚ ਕੈਰੀਅਰ ਕਾਉਂਸਲਿੰਗ ਸੈਸ਼ਨ ਨੇ ਵਿਦਿਆਰਥੀਆਂ ਵਿੱਚ ਜਗਾਇਆ ਨਵਾਂ ਆਤਮਵਿਸ਼ਵਾਸ
ਸੁਪਨਿਆਂ ਨੂੰ ਸਾਕਾਰ ਕਰਨ ਲਈ ਸਹੀ ਮਾਰਗਦਰਸ਼ਨ ਅਤੇ ਸਮੇਂ ਸਿਰ ਲਿਆ ਗਿਆ ਫੈਸਲਾ ਬਹੁਤ ਜ਼ਰੂਰੀ ਹੈ” — ਮੁਕੇਸ਼ ਵਰਮਾ, ਜ਼ਿਲ੍ਹਾ ਗਾਈਡੈਂਸ ਕਾਉਂਸਲਰ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 15 ਮਈ
ਸਹਾਇਕ ਡਾਇਰੈਕਟਰ ਐਸਸੀਈਆਰਟੀ ਪੰਜਾਬ ਸ਼੍ਰੁਤੀ ਸ਼ੁਕਲਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਗੁਰਦਾਸਪੁਰ ਪਰਮਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੇਰਣਾਦਾਇਕ ਅਗਵਾਈ ਹੇਠ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਲੜਕੀਆਂ ਵਿੱਚ ਵਿਸ਼ੇਸ਼ ਕਰੀਅਰ ਮਾਰਗਦਰਸ਼ਨ ਅਤੇ ਪ੍ਰੇਰਣਾਦਾਇਕ ਕਾਉਂਸਲਿੰਗ ਸੈਸ਼ਨ ਕਰਵਾਇਆ ਗਿਆ।
ਇਸ ਪ੍ਰੋਗਰਾਮ ਦੀ ਅਗਵਾਈ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਨੇ ਕੀਤੀ, ਜਦਕਿ ਉਨ੍ਹਾਂ ਦੇ ਨਾਲ ਗਾਈਡੈਂਸ ਕਾਉਂਸਲਰ ਵੀਰਿੰਦਰ ਕੁਮਾਰ, ਸੁਖਦੇਵ ਸਿੰਘ ਅਤੇ ਸਤਬੀਰ ਸਿੰਘ ਵੀ ਹਾਜ਼ਰ ਰਹੇ।
ਪ੍ਰੋਗਰਾਮ ਦੌਰਾਨ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਨੇ ਵਿਦਿਆਰਥੀਆਂ ਨੂੰ ਬਾਰਹਵੀਂ ਜਮਾਤ ਤੋਂ ਬਾਅਦ ਉਪਲਬਧ ਵੱਖ-ਵੱਖ ਕਰੀਅਰ ਵਿਕਲਪਾਂ, ਪ੍ਰਤੀਯੋਗੀ ਪ੍ਰੀਖਿਆਵਾਂ, ਤਕਨੀਕੀ ਸਿੱਖਿਆ, ਸਕਿੱਲ ਆਧਾਰਿਤ ਕੋਰਸਾਂ, ਪ੍ਰੋਫੈਸ਼ਨਲ ਸੰਸਥਾਵਾਂ ਅਤੇ ਰੋਜ਼ਗਾਰਮੁੱਖ ਖੇਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਰੁਚੀ, ਯੋਗਤਾ ਅਤੇ ਵਿਅਕਤਿਤਵ ਦੇ ਅਨੁਸਾਰ ਕਰੀਅਰ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਉਪਲਬਧ ਰੋਜ਼ਗਾਰ ਮੌਕਿਆਂ, ਸਕਾਲਰਸ਼ਿਪ ਯੋਜਨਾਵਾਂ, ਵੋਕੇਸ਼ਨਲ ਕੋਰਸਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ। ਵਿਦਿਆਰਥੀਆਂ ਨੇ ਆਪਣੇ ਕਰੀਅਰ ਅਤੇ ਭਵਿੱਖ ਨੂੰ ਲੈ ਕੇ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਗਾਈਡੈਂਸ ਟੀਮ ਵੱਲੋਂ ਬਹੁਤ ਹੀ ਸੌਖੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਗਿਆ। ਇਸ ਸੰਵਾਦਾਤਮਕ ਸੈਸ਼ਨ ਨੇ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਅਤੇ ਸਕਾਰਾਤਮਕ ਸੋਚ ਨੂੰ ਹੋਰ ਮਜ਼ਬੂਤ ਕੀਤਾ।
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਪਰਮਜੀਤ ਕੌਰ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਸਿਰ ਸਹੀ ਦਿਸ਼ਾ ਅਤੇ ਮਾਰਗਦਰਸ਼ਨ ਦੇਣਾ ਸਿੱਖਿਆ ਵਿਭਾਗ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ।
ਪ੍ਰੋਗਰਾਮ ਦੌਰਾਨ ਸਕੂਲ ਵਿੱਚ ਸਥਾਪਿਤ “ਗਾਈਡੈਂਸ ਕਾਰਨਰ” ਦਾ ਵੀ ਨਿਰੀਖਣ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਕਰੀਅਰ ਸਬੰਧੀ ਨਵੀਂ ਜਾਣਕਾਰੀ ਨਿਯਮਿਤ ਤੌਰ ’ਤੇ ਉਪਲਬਧ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਗਾਈਡੈਂਸ ਕਾਉਂਸਲਰ ਵੀਰਿੰਦਰ ਕੁਮਾਰ, ਸੁਖਦੇਵ ਸਿੰਘ, ਸਤਬੀਰ ਸਿੰਘ ਸਮੇਤ ਹੋਰ ਅਧਿਆਪਕ ਅਤੇ ਸਟਾਫ ਮੈਂਬਰ ਵੀ ਹਾਜ਼ਰ ਰਹੇ।