Political Special ਨਿਗਮ ਚੋਣਾਂ : ਟਿਕਟਾਂ ਦੀ ਵੰਡ ’ਚ ਮਹਿਤਾ ਪ੍ਰੀਵਾਰ ਨੇ ਵਿਰੋਧੀਆਂ ’ਤੇ ਸਿਆਸੀ ਝਾੜੂ ਚਲਾਇਆ
ਅਸ਼ੋਕ ਵਰਮਾ
ਬਠਿੰਡਾ, 15 ਮਈ 2026 : ਨਗਰ ਨਿਗਮ ਬਠਿੰਡਾ ਦੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ’ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਮੇਅਰ ਪਦਮਜੀਤ ਮਹਿਤਾ ਦੇ ਪਿਤਾ ਅਮਰਜੀਤ ਮਹਿਤਾ ਦਾ ਦਬਦਬਾ ਦਿਖਾਈ ਦਿੱਤਾ ਜਦੋਂਕਿ ਜਿੰਨ੍ਹਾਂ ਆਗੂਆਂ ਜਾਂ ਵਲੰਟੀਅਰਾਂ ਨੇ ਆਪਣੀ ਉਮੀਦਵਾਰੀ ਦੀ ਦਾਅਵੇਦਾਰੀ ਵਿਧਾਇਕ ਜਗਰੂਪ ਗਿੱਲ ਕੋਲ ਪੇਸ਼ ਕੀਤੀ ਸੀ ਉਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਵਾਰਡ ਨੰਬਰ 48 ਦੀ ਜਿਮਨੀ ਚੋਣ ਵੇਲੇ ਤੋਂ ਦੋਵਾਂ ਆਗੂਆਂ ਵਿਚਕਾਰ ‘36’ ਦਾ ਅੰਕੜਾ ਚਲਿਆ ਆ ਰਿਹਾ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਗਿੱਲ ਨੂੰ ਛੱਡਕੇ ਮਹਿਤਾ ਪ੍ਰੀਵਾਰ ਨਾਲ ਹੱਥ ਮਿਲਾਉਣ ਵਾਲੇ ਸਾਬਕਾ ਕੌਂਸਲਰ ਹਰਜਿੰਦਰ ਸ਼ਿੰਦਾ ਅਤੇ ਬਲਵਿੰਦਰ ਸਿੰਘ ਬਿੰਦਰ ਕ੍ਰਮਵਾਰ ਵਾਰਡ ਨੰਬਰ 19 ਅਤੇ 44 ਤੋਂ ਉਮੀਦਵਾਰ ਬਣਨ ਵਿੱਚ ਸਫਲ ਹੋ ਗਏ ਹਨ। ਇਹ ਉਹੀ ਬਲਵਿੰਦਰ ਸਿੰਘ ਹੈ ਜਿਸ ਨੂੰ ਗਿੱਲ ਨੇ ਅਕਾਲੀ ਦਲ ਚੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ ਸੀ।
ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਵਿਧਾਇਕ ਜਗਰੂਪ ਗਿੱਲ ਦੀ ਸਿਫਾਰਸ਼ ’ਤੇ ਬਲਵਿੰਦਰ ਸਿੰਘ ਨੂੰ ਵਾਰਡ ਨੰਬਰ 48 ਦੀ ਜਿਮਨੀ ਚੋਣ ’ਚ ਉਮੀਦਵਾਰ ਬਣਾਇਆ ਸੀ। ਆਪਣੇ ਇਸ ਜੱਦੀ ਵਾਰਡ ਚੋਂ ਜਿੱਤਕੇ ਗਿੱਲ ਕੌਂਸਲਰ ਬਣੇ ਸਨ ਪਰ ਵਿਧਾਇਕ ਬਣਨ ਕਾਰਨ ਅਸਤੀਫਾ ਦੇ ਦਿੱਤਾ ਸੀ। ਜਿਮਨੀ ਚੋਣ ਦੌਰਾਨ ਅਮਰਜੀਤ ਮਹਿਤਾ ਨੇ ਆਪਣੇ ਲੜਕੇ ਪਦਮਜੀਤ ਮਹਿਤਾ ਨੂੰ ਜਿਤਾਉਣ ਤੋਂ ਬਾਅਦ ਮੇਅਰ ਬਨਾਉਣ ’ਚ ਸਫਲਤਾ ਹਾਸਲ ਕਰ ਲਈ। ਉਸ ਵਕਤ ਵਿਧਾਇਕ ਜਗਰੂਪ ਗਿੱਲ ਵੱਲੋਂ ਬਲਵਿੰਦਰ ਸਿੰਘ ਦੇ ਹੱਕ ਵਿੱਚ ਅਤੇ ਪਦਮਜੀਤ ਮਹਿਤਾ ਖਿਲਾਫ ਡਟਣ ਕਾਰਨ ਗਿੱਲ ਅਤੇ ਮਹਿਤਾ ਵਿਚਕਾਰ ਖੜਕਦੀ ਆ ਰਹੀ ਹੈ। ਇਸੇ ਵਿਰੋਧਤਾ ਕਾਰਨ ਕੁੱਝ ਮਹੀਨੇ ਪਹਿਲਾਂ ਅਮਰਜੀਤ ਮਹਿਤਾ ਨੇ ਬਲਵਿੰਦਰ ਸਿੰਘ ਅਤੇ ਹਰਜਿੰਦਰ ਸ਼ਿੰਦਾ ਨੂੰ ਜਗਰੂਪ ਗਿੱਲ ਦੇ ਗਰੁੱਪ ਨਾਲੋਂ ਤੋੜਕੇ ਆਪਣੇ ਨਾਲ ਮਿਲਾ ਲਿਆ। ਹੁਣ ਬਲਵਿੰਦਰ ਸਿੰਘ ਉਰਫ ਬਿੰਦਰ ਅਤੇ ਹਰਜਿੰਦਰ ਸ਼ਿੰਦਾ ਦਾ ਮਾਤਾ ਗੁਰਦੇਵ ਕੌਰ ਨੂੰ ਟਿਕਟਾਂ ਨਾਲ ਨਿਵਾਜਿਆ ਗਿਆ ਹੈ।
ਵਿਧਾਇਕ ਗਿੱਲ ਨਾਲ ਜੁੜੇ ਰਹਿਣ ਕਾਰਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਤੱਤਕਾਲੀ ਕੌਂਸਲਰ ਹਰਪਾਲ ਸਿੰਘ ਤੋਂ ਇਲਾਵਾ 2021 ’ਚ ਚੋਣ ਲੜਨ ਵਾਲੀ ਬਲਾਕ ਪ੍ਰਧਾਨ ਅਲਕਾ ਹਾਂਡਾ ਦੀ ਟਿਕਟ ਕੱਟੀ ਗਈ ਹੈ। ਜਿਲ੍ਹਾ ਯੋਜਨਾ ਬੋਰਡ ਦਾ ਸਾਬਕਾ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਵਾਰਡ ਨੰਬਰ 16 ਤੋਂ ਵੱਡਾ ਦਾਅਵੇਦਾਰ ਸੀ ਪਰ ਉਸ ਨੂੰ ਮੌਕਾ ਨਹੀਂ ਦਿੱਤਾ ਗਿਆ ਹੈ। ਹਾਲਾਂਕਿ ਸੋਸ਼ਲ ਮੀਡੀਆ ’ਤੇ ਇਸ ਸਬੰਧ ’ਚ ਪਿਛਲੇ ਕਾਫੀ ਦਿਨਾਂ ਤੋਂ ਚੁੰਝ ਚਰਚਾ ਚੱਲ ਰਹੀ ਸੀ ਪਰ ਸੂਚੀ ਸਾਹਮਣੇ ਆਉਣ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਮਹਿਤਾ ਪ੍ਰੀਵਾਰ ਨੇ ਆਪਣੇ ਵਿਰੋਧੀਆਂ ਨੂੰ ਸਿਆਸੀ ਧੋਬੀ ਪਟਕਾ ਮਾਰਕੇ ਆਪਣੀ ਸਿਰਮੌਰਤਾ ਸਿੱਧ ਕੀਤੀ ਹੈ। ਸੂਚੀ ’ਚ ਉਹ ਬਾਗੀ ਕੌਂਸਲਰ ਵੀ ਸ਼ਾਮਲ ਹਨ ਜਿੰਨ੍ਹਾਂ ਨੇ ਕਾਂਗਰਸੀ ਦਬਕਿਆਂ ਨੂੰ ਵੱਟ ’ਤੇ ਰੱਖਕੇ ਕਾਂਗਰਸ ਪਾਰਟੀ ਦੇ ਹੱਕ ’ਚ ਭੁਗਤਣ ਦੀ ਥਾਂ ਪਦਮਜੀਤ ਮਹਿਤਾ ਨੂੰ ਮੇਅਰ ਬਨਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।
ਇੰਨ੍ਹਾਂ ਵਿੱਚ ਮੁੱਖ ਤੌਰ ’ਤੇ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਮੇਸ਼ ਗਰਗ ਉਰਫ ਗੋਗੀ, ਵਾਰਡ ਨੰਬਰ 16 ਤੋਂ ਮੁਨੀਸ਼ ਕੁਮਾਰ ਉਰਫ ਡਿੰਪੀ ਬਾਘਲਾ, ਵਾਰਡ 18 ਤੋਂ ਬਲਜੀਤ ਸਿੰਘ ਰਾਜੂ ਸਰਾਂ, ਵਾਰਡ 20 ਤੋਂ ਟਹਿਲ ਸਿੰਘ ਬੁੱਟਰ , ਵਾਰਡ 24 ਤੋਂ ਵਿਕ੍ਰਮ ਕਰਾਂਤੀ , ਵਾਰਡ ਨੰਬਰ 29 ਤੋਂ ਸੰਤੋਸ਼ ਮਹੰਤ , ਵਾਰਡ ਨੰਬਰ 35 ਤੋਂ ਮਮਤਾ ਸੈਣੀ, ਵਾਰਡ ਨੰਬਰ 37 ਤੋਂ ਸਾਬਕਾ ਕੌਂਸਲਰ ਪ੍ਰਦੀਪ ਗੋਇਲ ਦੀ ਪਤਨੀ ਅਨੀਤਾ ਗੋਇਲ, ਵਾਰਡ ਨੰਬਰ 47 ਤੋਂ ਕਮਲੇਸ਼ ਮਹਿਰਾ ਅਤੇ ਵਾਰਡ ਨੰਬਰ 48 ਤੋਂ ਰਤਨ ਰਾਹੀ ਸ਼ਾਮਲ ਹਨ। ਇਸ ਸੂਚੀ ’ਚ ਵਾਰਡ ਨੰਬਰ 14 ਤੋਂ ਵਿਧਾਇਕ ਜਗਰੂਪ ਗਿੱਲ ਦੇ ਭਾਣਜੇ ਸੁਖਦੀਪ ਸਿੰਘ ਢਿੱਲੋਂ ਨੂੰ ਵੀ ਸ਼ਾਮਲ ਹੈ। ਸਾਬਕਾ ਮੇਅਰ ਪਦਮਜੀਤ ਮਹਿਤਾ ਵਾਰਡ ਨੰਬਰ 46 ਤੋਂ ਚੋਣ ਮੈਦਾਨ ਵਿੱਚ ਹੈ। ਲਾਈਨੋਪਾਰ ਦੇ ਆਗੂ ਸੰਜੀਵ ਕੁਮਾਰ ਉਰਫ ਸੋਨੀ ਪ੍ਰਧਾਨ ਨੂੰ ਵਾਰਡ ਨੰਬਰ 40 ਤੋਂ ਮੌਕਾ ਦਿੱਤਾ ਗਿਆ ਹੈ।
ਮਨਦੀਪ ਰਾਮਗੜ੍ਹੀਆ ਵੀ ਮੈਦਾਨ ’ਚ
ਸਾਲ 2021 ਦੀਆਂ ਨਗਰ ਨਿਗਮ ਚੋਣਾਂ ਮੌਕੇ ਆਮ ਆਦਮੀ ਪਾਰਟੀ ਤਰਫੋਂਵਾਰਡ ਨੰਬਰ 33 ਤੋਂ ਚੋਣ ਲੜਨ ਵਾਲੀ ਮਨਦੀਪ ਕੌਰ ਰਾਮਗੜ੍ਹੀਆ ਵਾਰਡ ਨੰਬਰ 7 ਤੋਂ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਹੈ। ਉਦੋਂ ਬੀਬੀ ਰਾਮਗੜ੍ਹੀਆ ਦਾ ਪ੍ਰਚਾਰ ਐਨਾ ਜਬਰਦਸਤ ਸੀ ਕਿ ਉਸ ਨੂੰ ਨਤੀਜਿਆਂ ਤੋਂ ਪਹਿਲਾਂ ਹੀ ਜੇਤੂ ਦੱਸਿਆ ਜਾ ਰਿਹਾ ਸੀ। ਚਰਚਾ ਹੈ ਇਸ ਮੌਕੇ ਉਸ ਨੂੰ ਸਿਆਸੀ ਠਿੱਬੀ ਲਾਉਣ ਲਈ ਐਨ ਮੌਕੇ ’ਤੇ ਕਾਂਗਰਸ ਪਾਰਟੀ ਨੇ ਮਨਦੀਪ ਕੌਰ ਨਾਂ ਦੀ ਇੱਕ ਹੋਰ ਉਮੀਦਵਾਰ ਖੜ੍ਹੀ ਕਰ ਦਿੱਤੀ। ਇਸ ਭੰਬਲਭੂਸੇ ਕਾਰਨ ਮਨਦੀਪ ਕੌਰ ਰਾਮਗੜ੍ਹੀਆਂ ਚੋਣ ਹਾਰ ਗਈ ਜਦੋਂਕਿ ਇਸ ਨਾਂ ਦੀਆਂ ਦੋਵਾਂ ਉਮੀਦਵਾਰਾਂ ਨੂੰ ਪਈਆਂ ਵੋਟਾਂ ਦਾ ਕੁੱਲ ਜੋੜ 200 ਤੋਂ ਵੱਧ ਵੋਟਾਂ ਦਾ ਬਣਦਾ ਹੈ।
ਹੁਣ ਸਾਰੇ ਹੀ ਸਾਡੇ : ਮਹਿਤਾ
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦਾ ਕਹਿਣਾ ਸੀ ਕਿ ਜਿੰਨ੍ਹਾਂ ਨੂੰ ਵੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਹੁਣ ਉਹ ਸਾਡੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਨਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਏਗਾ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮ ਦੇ ਅਧਾਰ ’ਤੇ ਵੋਟਰਾਂ ਤੋਂ ਵੋਟਾਂ ਮੰਗੀਆਂ ਜਾਣਗੀਆਂ।
ਵਿਧਾਇਕ ਨੇ ਫੋਨ ਨਹੀਂ ਚੁੱਕਿਆ
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਦੋ ਵਾਰ ਸੰਪਰਕ ਕਰਨ ਦੇ ਬਾਵਜੂਦ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਫੋਨ ਨਹੀਂ ਚੁੱਕਿਆ।
- Download Babushahi App
-
-