ਮੂੰਗੀ ਦੀ ਫ਼ਸਲ ਵਿੱਚ ਤੰਬਾਕੂ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਕਿਸਾਨਾਂ ਨੂੰ ਚੌਕਸੀ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 14 ਮਈ 20 26: ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਪ੍ਰੀਤਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਗਰਮੀ ਰੁੱਤ ‘ਚ ਮੂੰਗੀ ਦੀ ਫ਼ਸਲ ਦੇ ਕੁਝ ਖੇਤਾਂ ਵਿੱਚ ਤੰਬਾਕੂ ਸੁੰਡੀ ਦਾ ਹਮਲਾ ਦੇਖਣ ਵਿੱਚ ਆਇਆ ਹੈ। ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਹੁੰਦੀਆਂ ਹਨ, ਜਦਕਿ ਵੱਡੀਆਂ ਸੁੰਡੀਆਂ ਦਾ ਰੰਗ ਗੂੜ੍ਹਾ ਹਰਾ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਸਰੀਰ ਉੱਤੇ ਕਾਲੇ ਰੰਗ ਦੇ ਤਿਕੋਣੇ ਧੱਬੇ ਪਾਏ ਜਾਂਦੇ ਹਨ। ਇਸ ਕੀੜੇ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਝੁੰਡਾਂ ਵਿੱਚ ਅੰਡੇ ਦਿੰਦੇ ਹਨ, ਜੋ ਭੂਰੇ ਰੰਗ ਦੇ ਵਾਲਾਂ ਨਾਲ ਢੱਕੇ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਅੰਡਿਆਂ ਵਿੱਚੋਂ ਨਿਕਲਣ ਤੋਂ ਬਾਅਦ ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਦਾ ਹਰਾ ਮਾਦਾ ਖਾ ਕੇ ਪੱਤਿਆਂ ਨੂੰ ਛਾਣਨੀ ਵਰਗਾ ਕਰ ਦਿੰਦੀਆਂ ਹਨ। ਬਾਅਦ ਵਿੱਚ ਵੱਡੀਆਂ ਸੁੰਡੀਆਂ ਖੇਤ ਵਿੱਚ ਖਿੱਲਰ ਕੇ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਾਉਂਦੀਆਂ ਹਨ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਫ਼ਸਲਾਂ ਦਾ ਨਿਯਮਿਤ ਸਰਵੇਖਣ ਕਰਦੇ ਰਹਿਣ। ਜੇਕਰ ਤੰਬਾਕੂ ਸੁੰਡੀ ਦਾ ਹਮਲਾ ਨਜ਼ਰ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਅੰਡਿਆਂ ਅਤੇ ਛੋਟੀਆਂ ਸੁੰਡੀਆਂ ਵਾਲੇ ਪੱਤਿਆਂ ਨੂੰ ਤੁਰੰਤ ਤੋੜ ਕੇ ਨਸ਼ਟ ਕੀਤਾ ਜਾਵੇ, ਤਾਂ ਜੋ ਇਸ ਕੀੜੇ ਦੇ ਫੈਲਾਅ ਨੂੰ ਸਮੇਂ-ਸਿਰ ਰੋਕਿਆ ਜਾ ਸਕੇ।
ਮੂੰਗੀ ਦੀ ਫ਼ਸਲ ਵਿੱਚ ਚਿੱਟੀ ਮੱਖੀ ਦਾ ਹਮਲਾ ਵੀ ਸੰਭਾਵਿਤ ਹੈ। ਇਸ ਦੀ ਰੋਕਥਾਮ ਲਈ ਖੇਤਾਂ ਵਿੱਚ ਯੈਲੋ ਸਟਿੱਕੀ ਟਰੈਪ ਲਗਾਏ ਜਾਣ ਅਤੇ ਲੋੜ ਪੈਣ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕੀਟਨਾਸ਼ਕ ਸਪਰੇ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫਸਰ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਬਠਿੰਡਾ ਵਿੱਚ ਸਾਉਣੀ ਦੌਰਾਨ ਨਰਮਾ ਮੁੱਖ ਫ਼ਸਲ ਹੋਣ ਕਾਰਨ ਕਿਸਾਨ ਸਮਰ ਮੂੰਗੀ ਦੀ ਕਾਸ਼ਤ ਤੋਂ ਸੰਭਵ ਹੋ ਸਕੇ ਤਾਂ ਗੁਰੇਜ਼ ਕਰਨ, ਤਾਂ ਜੋ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਸੰਭਾਵਿਤ ਹਮਲੇ ਤੋਂ ਬਚਾਇਆ ਜਾ ਸਕੇ।