ਘਾਲਾਮਾਲਾ : ਬੂਕਿੰਗ,ਡਲੀਵਰੀ, ਸ਼ਿਕਾਇਤ ਤੇ ਹੱਲ ਦਾ ਮੈਸੇਜ ਆਇਆ ਪਰ ਸਿਲੰਡਰ ਨਾ ਆਇਆ
- ਸਿਲੰਡਰ ਮਿਲੇ ਬਗੈਰ ਹੀ ਗ੍ਰਾਹਕ ਦੇ ਖਾਤੇ 'ਚ ਸਬਸਿਡੀ ਵੀ ਆਈ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਜੂਨ 2025: ਲਾਲੜੂ ਸਥਿਤ ਇੱਕ ਗੈਸ ਏਜੰਸੀ ਵਿਚ ਅਜਿਹਾ ਗੋਲਮਾਲ ਹੋ ਰਿਹਾ ਹੈ, ਕਿ ਹਰ ਕੋਈ ਉਸ ਬਾਰੇ ਸੋਚਣ ਲਈ ਮਜਬੂਰ ਹੈ । ਇਸ ਗੋਲਮਾਲ ਸਬੰਧੀ ਜਾਣਕਾਰੀ ਦਿੰਦਿਆਂ ਨਨਵਾ ਗੈਸ ਏਜੰਸੀ ਦੇ ਗ੍ਰਾਹਕ ਤੇ ਪਿੰਡ ਭਗਵਾਸੀ ਦੇ ਸਾਬਕਾ ਸਰਪੰਚ ਸ਼ਿਵ ਕੁਮਾਰ ਮਹਿਤਾ ਨੇ ਦੱਸਿਆ ਕਿ ਉਸ ਨੇ ਨਨਵਾ ਗੈੱਸ ਏਜੰਸੀ ਤੋਂ ਘਰੇਲੂ ਵਰਤੋਂ ਲਈ ਸਿਲੰਡਰ ਲਿਆ ਹੋਇਆ ਹੈ । ਸ਼ਿਵ ਕੁਮਾਰ ਨੇ ਦੱਸਿਆ ਕਿ ਲੰਘੀ 10 ਜੂਨ ਨੂੰ ਉਸ ਨੇ ਆਪਣੇ ਮੋਬਾਈਲ ਰਾਹੀਂ ਸਿਲੰਡਰ ਬੁੱਕ ਕੀਤਾ ਸੀ ਤੇ ਉਸ ਨੂੰ ਲੰਘੀ 13 ਜੂਨ ਨੂੰ ਸਿਲੰਡਰ ਡਲੀਵਰ ਹੋਣ ਦਾ ਮੈਸੇਜ ਆ ਗਿਆ ਸੀ, ਪਰ ਅਸਲ ਵਿੱਚ ਉਸ ਦਿਨ ਉਸ ਨੂੰ ਸਿਲੰਡਰ ਮਿਲਿਆ ਹੀ ਨਹੀਂ।
ਇਸ ਉਪਰੰਤ ਉਸ ਵੱਲੋਂ ਲੰਘੀ 15 ਜੂਨ ਨੂੰ ਸਿਲੰਡਰ ਡਲੀਵਰ ਨਾ ਹੋਣ ਦੀ ਸ਼ਿਕਾਇਤ ਕੀਤੀ ਗਈ, ਪਰ ਹੱਦ ਉਦੋਂ ਹੋ ਗਈ ਜਦੋਂ ਉਸ ਨੂੰ ਬਿਨਾਂ ਸਿਲੰਡਰ ਦਿੱਤਿਆਂ ਹੀ ਉਸ ਦੀ ਸ਼ਿਕਾਇਤ ਹੱਲ ਹੋਣ ਦਾ ਮੈਸੇਜ ਭੇਜ ਦਿੱਤਾ ਗਿਆ। ਇਸ ਦੌਰਾਨ ਇੱਕ ਦਿਲਚਸਪ ਗੱਲ ਇਹ ਹੋਈ ਕਿ ਬਿਨਾਂ ਸਿਲੰਡਰ ਡਲੀਵਰ ਹੋਇਆਂ ਹੀ ਸ਼ਿਵ ਕੁਮਾਰ ਦੇ ਖਾਤੇ ਵਿੱਚ ਸਬਸਿਡੀ ਵੀ ਆ ਗਈ। ਸ਼ਿਵ ਕੁਮਾਰ ਨੇ ਇਸ ਦੌਰਾਨ ਕਈ ਵਾਰ ਗੈਸ ਏਜੰਸੀ ਵਿਚ ਫੋਨ ਵੀ ਕੀਤਾ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਉਸ ਦਾ ਮਸਲਾ ਹੱਲ ਕਰਨਾ ਮੁਨਾਸਿਬ ਨਾ ਸਮਝਿਆ। ਉਨ੍ਹਾਂ ਇਸ ਮਾਮਲੇ ਵਿਚ ਉੱਚ ਅਧਿਕਾਰੀਆਂ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਸ ਵਾਂਗ ਹੋਰ ਗ੍ਰਾਹਕ ਖੱਜਲ-ਖੁਆਰ ਨਾ ਹੋਣ ।
ਦੂਜੇ ਪਾਸੇ ਇਸ ਸਬੰਧੀ ਜਦੋਂ ਗੈੱਸ ਏਜੰਸੀ ਦੇ ਪ੍ਰਬੰਧਕ ਅਮਨਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਈ ਵਾਰ ਕੰਪਨੀ ਖੁਦ ਹੀ ਆਪਣੇ ਪੱਧਰ ਉਤੇ ਬੂਕਿੰਗ ਕਰ ਦਿੰਦੀ ਹੈ ਤੇ ਮੈਸੇਜ ਭੇਜ ਦਿੰਦੀ ਹੈ ਪਰ ਜਦੋਂ ਉਨ੍ਹਾਂ ਨੂੰ ਵਿਸਥਾਰ ਵਿੱਚ ਇਹ ਦੱਸਿਆ ਗਿਆ ਕਿ ਗ੍ਰਾਹਕ ਨੇ ਸਿਲੰਡਰ ਖੁਦ ਬੁੱਕ ਕਰਵਾਇਆ ਸੀ ਤੇ ਏਜੰਸੀ ਨੂੰ ਸਿਲੰਡਰ ਡਲੀਵਰ ਨਾ ਹੋਣ ਬਾਰੇ ਸੂਚਿਤ ਵੀ ਕੀਤਾ ਸੀ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਗ੍ਰਾਹਕ ਨਾਲ ਸੰਪਰਕ ਕਰ ਕੇ ਸਿਲੰਡਰ ਭਿਜਵਾ ਦੇਣਗੇ।