ਅਕਾਲੀ ਦਲ ਵਿੱਚ ਸ਼ਮੂਲੀਅਤ ਤੋਂ ਬਾਅਦ ਰਾਮਪੁਰਾ ਪੁੱਜੇ ਮਲੂਕਾ ਦੇ ਭਰਵੇਂ ਸਵਾਗਤ ਤੋਂ ਨਵੇਂ ਚਰਚੇ ਛਿੜੇ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2025: ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਤੋਂ ਬਾਅਦ ਪਹਿਲੀ ਵਾਰ ਰਾਮਪੁਰਾ ਪੁੱਜੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਵਰਕਰਾਂ ਵੱਲੋਂ ਕੀਤੇ ਜ਼ਬਰਦਸਤ ਸਵਾਗਤ ਨੇ ਹਲਕੇ ਵਿੱਚ ਨਵੀਂ ਸਿਆਸੀ ਚੁੰਝ ਚਰਚਾ ਛੇੜ ਦਿੱਤੀ ਹੈ। ਲੋਕਾਂ ਦਾ ਸਵਾਲ ਹੈ ਕਿ ਕੀ ਹੁਣ ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਹਲਕੇ ਦੇ ਸਿਕੰਦਰ ਹੋਣਗੇ ਜਾਂ ਫਿਰ ਪਹਿਲਾਂ ਵਾਲੇ ਪ੍ਰਬੰਧਾਂ ਦੀ ਤਰ੍ਹਾਂ ਹਲਕਾ ਇੰਚਾਰਜ ਹਰਿੰਦਰ ਹਿੰਦਾ ਵੱਲੋਂ ਪਾਰਟੀ ਦਾ ਕੰਮ ਕਾਜ ਦੇਖਿਆ ਜਾਏਗਾ। ਸਿਕੰਦਰ ਸਿੰਘ ਮਲੂਕਾ ਇਸ ਹਲਕੇ ਤੋਂ ਵਿਧਾਇਕ ਬਣ ਕੇ ਮੰਤਰੀ ਰਹਿ ਚੁੱਕੇ ਹਨ ਜਿਨ੍ਹਾਂ ਦਾ ਪਾਰਟੀ ਅਤੇ ਪਿੰਡਾਂ ਸ਼ਹਿਰਾਂ ਵਿੱਚ ਸਿਆਸੀ ਦਬਦਬਾ ਰਿਹਾ ਹੈ । ਜਦੋਂ ਸਿਕੰਦਰ ਸਿੰਘ ਮਲੂਕਾ ਪਾਰਟੀ ਤੋਂ ਥੋੜਾ ਲਾਂਭੇ ਹੋ ਗਏ ਸਨ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਲੀਡਰ ਹਰਿੰਦਰ ਹਿੰਦਾ ਮਹਿਰਾਜ ਨੂੰ ਨਵਾਂ ਹਲਕਾ ਚਾਰਜ ਥਾਪ ਦਿੱਤਾ ਸੀ। ਹੁਣ ਜਦੋਂ ਮਲੂਕਾ ਦੀ ਘਰ ਵਾਪਸੀ ਹੋ ਗਈ ਹੈ ਤਾਂ ਇਹ ਚਰਚਾ ਵੱਡੀ ਪੱਧਰ ਤੇ ਛਿੜ ਗਈ ਹੈ ਕਿ ਕੀ ਇੱਕ ਮਿਆਨ ਵਿੱਚ ਦੋ ਤਲਵਾਰਾਂ ਰਹਿਣਗੀਆਂ। ਭਾਵੇਂ ਅਜੇ ਚੋਣਾਂ ਦੂਰ ਪਈਆਂ ਹਨ ਪਰ ਜਿਸ ਢੰਗ ਨਾਲ ਮਲੂਕਾ ਨੇ ਆਪਣੀ ਫੇਰੀ ਰਾਮਪੁਰਾ ਤੋਂ ਸ਼ੁਰੂ ਕੀਤੀ ਹੈ ਉਸ ਨੂੰ ਦੇਖਦਿਆਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੁਣ ਸਿਕੰਦਰ ਸਿੰਘ ਮਲੂਕਾ ਨਵਾਂ ਹਲਕਾ ਇੰਚਾਰਜ ਬਣ ਸਕਦੇ ਹਨ।
ਪਾਰਟੀ ਦੇ ਹਲਕਾ ਰਾਮਪੁਰਾ ਫੂਲ ਨਾਲ ਸੰਬੰਧਿਤ ਕੁਝ ਆਗੂਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਇਸ਼ਾਰਾ ਵੀ ਕੀਤਾ ਹੈ। ਉਹਨਾਂ ਦੱਸਿਆ ਕਿ ਜਿੰਨੀ ਸਮਰੱਥਾ ਸਿਕੰਦਰ ਸਿੰਘ ਮਲੂਕਾ ਵਿੱਚ ਪਾਰਟੀ ਨੂੰ ਚਲਾਉਣ ਦੀ ਹੈ ਉਨੀ ਕਿਸੇ ਹੋਰ ਆਗੂ ਵਿੱਚ ਨਹੀਂ ਹੈ ਇਸ ਲਈ ਜਿਸ ਤਰ੍ਹਾਂ ਦੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਚੱਲ ਰਹੇ ਹਨ ਉਸ ਨੂੰ ਦੇਖਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਰੀ ਸਥਿਤੀ ਤੇ ਮੁੜ ਵਿਚਾਰ ਕਰਨਾ ਪਵੇਗਾ। ਇਹੋ ਕਾਰਨ ਹੈ ਕਿ ਨਾ ਕੇਵਲ ਹਲਕਾ ਵਾਸੀਆਂ ਬਲਕਿ ਵਿਰੋਧੀ ਸਿਆਸੀ ਧਿਰਾਂ ਜਿਹਨ੍ਹਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਦੀਆਂ ਨਜ਼ਰਾਂ ਸਿਕੰਦਰ ਸਿੰਘ ਮਲੂਕਾ ਦੀਆਂ ਅਗਲੀਆਂ ਸਰਗਰਮੀਆਂ ਤੇ ਟਿਕ ਗਈਆਂ ਹਨ। ਜੇਕਰ ਮੁੜ ਤੋਂ ਮਲੂਕਾ ਆਪਣੀਆਂ ਸਰਗਰਮੀਆਂ ਨੂੰ ਪੂਰੀ ਤਨਦੇਹੀ ਨਾਲ ਚਲਾਉਂਦੇ ਹਨ ਤਾਂ ਆਉਣ ਵਾਲੇ ਦਿਨਾਂ ਦੌਰਾਨ ਉਨ੍ਹਾਂ ਅਤੇ ਸਿਆਸੀ ਵਿਰੋਧੀਆਂ ਵਿਚਕਾਰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਸਿਆਸੀ ਜੰਗ ਦਾ ਮੈਦਾਨ ਬਣਨ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਰਾਮਪੁਰਾ ਪੁੱਜੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤਰਫੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਮੇਸ਼ਾ ਪਾਰਟੀ ਦਾ ਮਜ਼ਬੂਤ ਪੱਖ ਰਹੇ ਹਨ ਤੇ ਵੱਡੇ ਲੀਡਰਾਂ ਦੇ ਨਾਲ ਨਾਲ ਘਰ ਬੈਠੇ ਵਰਕਰਾਂ ਨੂੰ ਪਹਿਲ ਦੇ ਅਧਾਰ ਤੇ ਪਾਰਟੀ ਨਾਲ ਤੋਰਨ ਲਈ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਜਿੱਥੇ ਲੀਡਰਾਂ ਦੀ ਘਰ ਵਾਪਸੀ ਲਈ ਯਤਨ ਕਰਨਗੇ ਉੱਥੇ ਹਰ ਇੱਕ ਵਰਕਰ ਤੱਕ ਵੀ ਪਹੁੰਚ ਕੀਤੀ ਜਾਵੇਗੀ।ਇਸ ਮੌਕੇ ਪਾਏ ਗਏ ਭਾਰੀ ਉਤਸ਼ਾਹ ਨੂੰ ਦੇਖਦਿਆਂ ਮਲੂਕਾ ਨੇ ਕਿਹਾ ਕੇ ਉਨ੍ਹਾਂ ਨੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਹੀ ਪਾਰਟੀ ਚ ਮੁੜ ਸਰਗਰਮ ਹੋਣ ਦਾ ਫੈਸਲਾ ਕੀਤਾ ਹੈ । ਉਧਰ ਅੱਜ ਵੱਡੀ ਗਿਣਤੀ ਵਰਕਰ ਮਲੂਕਾ ਨੂੰ ਕਾਫੀ ਨੇੜਿਓਂ ਹੋ ਕੇ ਮਿਲੇ ਅਤੇ ਵਰਕਰਾਂ ਵਿੱਚ ਇੱਕ ਨਵੇਕਲੀ ਕਿਸਮ ਦੀ ਊਰਜਾ ਦੇਖਣ ਨੂੰ ਮਿਲੀ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਗੱਲ ਕੀਤੀ ਹੈ ਅਤੇ ਕਰਦਾ ਰਹੇਗਾ। ਭਾਜਪਾ ਨਾਲ ਗੱਠਜੋੜ ਸਬੰਧੀ ਉਨਾਂ ਕਿਹਾ ਕਿ ਉਹ ਇਸ ਦੇ ਹਾਮੀ ਹਨ ਪਰ ਅੰਤਿਮ ਫੈਸਲਾ ਦੋਵਾਂ ਪਾਰਟੀਆਂ ਨੇ ਬੈਠ ਕੇ ਲੈਣਾ ਹੈ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਹਿੰਦਾ ਮਹਿਰਾਜ ,ਸਾਬਕਾ ਚੇਅਰਮੈਨ ਸਤਨਾਮ ਸਿੰਘ ਭਾਈਰੂਪਾ, ਗਗਨਦੀਪ ਗਰੇਵਾਲ, ਰਾਕੇਸ਼ ਗੋਇਲ ਭਗਤਾ ਅਤੇ ਮਨਜੀਤ ਸਿੰਘ ਧੁੰਨਾ ਤੋਂ ਇਲਾਵਾ ਮੀਡੀਆ ਇੰਚਾਰਜ ਰਤਨ ਸ਼ਰਮਾ ਵੀ ਹਾਜ਼ਰ ਸਨ।