Babushahi Special: ਮੁਅੱਤਲੀ ਪਿੱਛੋਂ ਸੋਸ਼ਲ ਮੀਡੀਆ ’ਤੇ ‘ਨਾਇਕ’ ਬਣੇ ਡੀਐਸਪੀ ਹਰਬੰਸ ਸਿੰਘ ਦੇ ਹੱਕ ’ਚ ਉੱਤਰੀ ਸੰਸਥਾ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2025: ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਨਸ਼ਾ ਤਸਕਰਾਂ ਨਾਲ ਸਬੰਧ ਅਤੇ ਡਿਊਟੀ ’ਚ ਲਾਪਰਵਾਹੀ ਦੇ ਦੋਸ਼ਾਂ ਤਹਿਤ ਮੁਅੱਤਲ ਕੀਤੇ ਬਠਿੰਡਾ ਪੁਲਿਸ ਦੇ ਸਾਬਕਾ ਡੀਐਸਪੀ ਸਿਟੀ ਹਰਬੰਸ ਸਿੰਘ ਦੇ ਹੱਕ ਵਿੱਚ ਸ਼ਹਿਰ ਦੀ ਇੱਕ ਸਮਾਜਸੇਵੀ ਸੰਸਥਾ ਨਿੱਤਰ ਕੇ ਸਾਹਮਣੇ ਆਈ ਹੈ। ਇੱਕ ਫੇਸਬੁੱਕ ਚੈਨਲ ਨਾਲ ਗੱਲਬਾਤ ਕਰਦਿਆਂ ਜਸਟਿਸ ਫਾਰ ਆਲ ਆਰਗੇਨਾਈਜੇਸ਼ਨਨਜ਼ ਦੇ ਪ੍ਰਧਾਨ ਹਰੀ ਓਮ ਠਾਕੁਰ ਨੇ ਕਿਹਾ ਹੈ ਕਿ ਜਰੂਰਤ ਪਈ ਤਾਂ ਉਹ ਇਨਸਾਫ ਖਾਤਰ ਡੀਐਸਪੀ ਧਾਲੀਵਾਲ ਦਾ ਮਾਮਲਾ ਹਾਈਕੋਰਟ ਲਿਜਾਣਗੇ ਅਤੇ ਸੁਪਰੀਮ ਕੋਰਟ ਦਾ ਬੂਹਾ ਵੀ ਖੜਕਾਇਆ ਜਾਏਗਾ। ਉਨ੍ਹਾਂ ਕਿਹਾ ਕਿ ਡੀਐਸਪੀ ਧਾਲੀਵਾਲ ਨਾਲ ਅਜੇ ਇਸ ਸਬੰਧ ਵਿੱਚ ਕੋਈ ਗੱਲ ਨਹੀਂ ਕੀਤੀ ਪਰ ਉਨ੍ਹਾਂ ਆਪਣੀ ਇਹ ਜਾਤੀ ਭਾਵਨਾ ਸਾਂਝੀ ਕੀਤੀ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਦੀ ਸੰਸਥਾ ਡੀਐਸਪੀ ਹਰਬੰਸ ਸਿੰਘ ਨਾਲ ਡਟੇਗੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹ ਪੁਲਿਸ ਚੌਂਕੀ ਇੰਚਾਰਜ ਨਿਯੁਕਤ ਕੀਤੇ ਗਏ ਸਨ।
ਠਾਕੁਰ ਨੇ ਕਿਹਾ ਕਿ ਜੋ ਇਲਾਜਮ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਤੇ ਲਾਏ ਗਏ ਹਨ ਉਨ੍ਹਾਂ ’ਚ ਉਨ੍ਹਾਂ ਨੂੰ ਰਤਾ ਵੀ ਸਚਾਈ ਨਜ਼ਰ ਨਹੀਂ ਆਉਂਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੁਅੱਤਲ ਡੀਐਸਪੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਤੁਰੰਤ ਬਹਾਲ ਕਰਨ ਦੀ ਮੰਗ ਵੀ ਕੀਤੀ ਹੈ। ਓਧਰ ਮੁਅੱਤਲੀ ਤੋਂ ਲੈਕੇ ਹੁਣ ਤੱਕ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਸੋਸ਼ਲ ਮੀਡੀਆ ’ਤੇ ਫਿਲਮੀ ‘ਨਾਇਕ’ ਦੀ ਤਰਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪੱਤਰਕਾਰ ਵੱਲੋਂ ਸੋਸ਼ਲ ਮੀਡੀਆ ਦੀ ਕੀਤੀ ਪੁਣਛਾਣ ਅਨੁਸਾਰ ਡੀਐਸਪੀ ਹਰਬੰਸ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਖ਼ਬਰ ਨਸ਼ਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਫੇਸਬੁੱਕ ਤੇ ਉਨ੍ਹਾਂ ਦੇ ਹੱਕ ਵਿੱਚ ਪੋਸਟਾਂ ਪਾਉਣ ਦਾ ਭੂਚਾਲ ਜਿਹਾ ਆਇਆ ਹੋਇਆ ਸੀ । ਜ਼ਿਆਦਾਤਰ ਪੋਸਟਾਂ ਵਿੱਚ ਪੰਜਾਬ ਪੁਲੀਸ ਦੀ ਇਸ ਕਾਰਵਾਈ ਨੂੰ ਪੂਰੀ ਤਰਾਂ ਨਜਾਇਜ ਕਰਾਰ ਦਿੱਤਾ ਗਿਆ ਅਤੇ ਲੋਕ ਡੀਐਸਪੀ ਹਰਬੰਸ ਸਿੰਘ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਨਜ਼ਰ ਆਏ ਹਨ।
ਪੰਜਾਬ ਪੁਲਿਸ ਦਾ ਆਮ ਲੋਕਾਂ ’ਚ ਕਿਹੋ ਜਿਹਾ ਅਕਸ ਹੋਵੇ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਵੱਲੋਂ ਆਪਣੀ ਹੁਣ ਤੱਕ ਦੀ ਡਿਊਟੀ ਦੌਰਾਨ ਦਿਖਾਈ ਦਿਆਨਤਦਾਰੀ ਦੀ ਹਰ ਤਰਫ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਆਪਣੀਆਂ ਪੋਸਟਾਂ ਰਾਹੀਂ ਆਮ ਲੋਕਾਂ ਦਾ ਕਹਿਣਾ ਹੈ ਕਿ ਡੀਐਸਪੀ ਹਰਬੰਸ ਸਿੰਘ ਇਮਾਨਦਾਰ ਅਤੇ ਫਰਜ਼ਸ਼ਨਾਸ਼ ਅਫਸਰ ਹੈ । ਪੋਸਟਾਂ ’ਚ ਕਿਹਾ ਕਿ ਪੰਜਾਬ ਪੁਲਿਸ ਦਾ ਮੁਅੱਤਲੀ ਕਰਨ ਵਾਲਾ ਫੈਸਲਾ ਸਹੀ ਨਹੀਂ ਹੈ। ਕਾਫੀ ਲੋਕਾਂ ਨੇ ਮੁਅੱਤਲ ਡੀਐਸਪੀ ਦੀ ਵਰਦੀ ਵਾਲੀ ਫੋਟੋ ਪਾਕੇ ਉਸ ਨੂੰ ਹੀਰੋਆਂ ਵਾਂਗ ਇਮਾਨਦਾਰੀ ਦੀ ਮਿਸਾਲ ਕਰਾਰ ਦਿੱਤਾ ਹੈ। ਸਹਿਯੋਗ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਬਠਿੰਡਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਹਰਬੰਸ ਸਿੰਘ ਧਾਲੀਵਾਲ ਨੂੰ ਵਧੀਆ ਇਨਸਾਨ ਅਤੇ ਚੰਗੀ ਕਾਰਗੁਜ਼ਾਰੀ ਵਾਲਾ ਪੁਲਿਸ ਅਧਿਕਾਰੀ ਦੱਸਿਆ ਹੈ। ਸ੍ਰੀ ਸ਼ਰਮਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਜਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਇਸ ਫੈਸਲੇ ਤੇ ਵਿਚਾਰ ਕਰਨ ਦੀ ਸਲਾਹ ਵੀ ਦਿੱਤੀ ਹੈ।
ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਅਸਲ ਵਿੱਚ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਨਗਰ ਨਿਗਮ ਦੇ ਕੌਂਸਲਰ ਸੰਦੀਪ ਬੌਬੀ ਨੇ ਵੀ ਡੀਐਸਪੀ ਨੂੰ ਇਮਾਨਦਾਰ ਦੱਸਦਿਆਂ ਫੇਸਬੁੱਕ ਦੇ ਇਸੇ ਤਰਾਂ ਦੀ ਇਬਾਰਤ ਵਾਲਾ ਕੁਮੈਂਟ ਸਾਂਝਾ ਕੀਤਾ ਹੈ। ਗੁਰਵਿੰਦਰ ਸ਼ਰਮਾ ਵੱਲੋਂ ਪਾਈ ਪੋਸਟ ਤੇ ਵੱਡੀ ਗਿਣਤੀ ਲੋਕਾਂ ਨੇ ਕੁਮੈਂਟ ਕੀਤੇ ਹਨ ਜਿੰਨ੍ਹਾਂ ਚੋ ਇੱਕ ਅੱਧ ਨੂੰ ਛੱਡਕੇ ਬਾਕੀ ਸਾਰਿਆਂ ਵਿੱਚ ਡੀਐਸਪੀ ਹਰਬੰਸ ਸਿੰਘ ਦੀ ਪਿੱਠ ਹੀ ਥਾਪੜੀ ਗਈ ਹੈ। ਗੋਬਿੰਦ ਬੁੱਕ ਡਿਪੂ ਬਠਿੰਡਾ ਦੇ ਵੇਦ ਪ੍ਰਕਾਸ਼ ਵੀ ਡੀਐਸਪੀ ਨੂੰ ਇਮਾਨਦਾਰ ਦੱਸਦੇ ਹਨ ਜਦੋਂਕਿ ਸੋਹਣ ਸਿੰਘ ਲਾਲੇਆਣਾ ਨੇ ਹਰਬੰਸ ਸਿੰਘ ਨੂੰ ਨੇਕ ਦਿਲ ਇਨਸਾਨ ਦੱਸਿਆ ਹੈ। ਹੋਰ ਵੀ ਦਰਜਨਾਂ ਪੋਸਟਾਂ ਪਾਈਆਂ ਗਈਆਂ ਹਨ ਜਿੰਨ੍ਹਾਂ ’ਚ ਲੋਕਾਂ ਨੇ ਡੀਐਸਪੀ ਹਰਬੰਸ ਸਿੰਘ ਦੀ ਕਾਰਗੁਜ਼ਰੀ ਨੂੰ ਸਲੂਟ ਮਾਰੇ ਹਨ। ਸੇਵਾਮੁਕਤ ਡੀਐਸਪੀ ਸੂਰਤ ਲਾਲ ਸਹਿਗਲ ਨੇ ਵੀ ਕੁਮੈਂਟ ਰਾਹੀਂ ਦੱਸਿਆ ਹੈ ਕਿ ਧਾਲੀਵਾਲ ਸਖਤ ਮਿਹਨਤੀ ਅਤੇ ਇਮਾਨਦਾਰ ਅਫਸਰ ਹਨ।
ਆਪਣੀ ਸੋਸ਼ਲ ਮੀਡੀਆ ਪੋਸਟਾਂ ਵਿੱਚ ਕੁੱਝ ਲੋਕਾਂ ਨੇ ਕਿਹਾ ਕਿ ਬਹੁਤੇ ਇਮਾਨਦਾਰ ਤੇ ਬੇਦਾਗ ਬੰਦੇ ਨਾਲ ਸਰਕਾਰਾਂ ਦਾ ਹਮੇਸ਼ਾ ਇਹੋ ਸਲੂਕ ਹੁੰਦਾ ਹੈ ਜਦੋਂਕਿ ਧਰਮਿੰਦਰ ਸਿੰਘ ਨਾਮੀ ਵਿਅਕਤੀ ਦੀ ਪੋਸਟ ਮੁਤਾਬਕ ਇਮਾਨਦਾਰ ਅਫਸਰ ਬੱਸ ਨਕਲੀ ਇਨਕਲਾਬ ਦੀ ਭੇਂਟ ਚੜ੍ਹ ਗਿਆ। ਜਨਤਕ ਆਗੂ ਜੋਗਾ ਸਿੰਘ ਉੱਪਲ ਨੇ ਇਮਾਨਦਾਰ ਹੋਣ ਸਬੰਧੀ ਪੋਸਟ ਸਾਂਝੀ ਕੀਤੀ ਹੈ। ਭਾਜਪਾ ਆਗੂ ਅਸ਼ੋਕ ਬਾਲਿਆਂ ਵਾਲੀ ਵੱਲੋਂ ਪਾਈ ਗਈ ਪੋਸਟ ਮੁਤਾਬਕ ਹਰਬੰਸ ਸਿੰਘ ਇਮਾਨਦਾਰ ਅਧਿਕਾਰੀ ਹੈ ਜੋ ਧੱਕੇ ਦਾ ਸ਼ਿਕਾਰ ਹੋਇਆ ਹੈ। ਹੋਰ ਵੀ ਕਾਫੀ ਕੁਮੈਂਟਾਂ ਵਿੱਚ ਇਸ ਕਾਰਵਾਈ ਨੂੰ ਲੈਕੇ ਪੁਲਿਸ ਘਿਰਦੀ ਨਜ਼ਰ ਆ ਰਹੀ ਹੈ। ਕਈ ਲੋਕਾਂ ਨੇ ਡੀਐਸਪੀ ਦੀ ਮੁਅੱਤਲੀ ਨੂੰ ਦੋ ਰਸੂਖਵਾਨ ਸਿਆਸੀ ਹਸਤੀਆਂ ਵਿੱਚ ਚੱਲ ਰਹੀ ਆਪਸੀ ਸ਼ਰੀਕੇਬਾਜੀ ਦਾ ਨਤੀਜਾ ਦੱਸਿਆ ਹੈ। ਲੋਕ ਆਖਦੇ ਹਨ ਕਿ ਇੱਕ ਨੇ ਪ੍ਰਭਾਵ ਵਰਤਕੇ ਡੀਐਸਪੀ ਸਿਟੀ ਲੁਆਇਆ ਸੀ ਜਦੋਂਕਿ ਦੂਸਰੇ ਨੇ ਆਪਣੀ ਪਹੁੰਚ ਕਾਰਨ ਮੁਅੱਤਲ ਕਰਵਾ ਦਿੱਤਾ ਜਦੋਂਕਿ ਹਕੀਕਤ ਕੀ ਹੈ ਭੇਦ ਬਣੀ ਹੋਈ ਹੈ।
ਇਹ ਹੈ ਮੁਅੱਤਲੀ ਮਾਮਲਾ
ਡੀਐਸਪੀ ਹਰਬੰਸ ਸਿੰਘ ਧਾਲੀਵਾਲ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਲਾਪਰਵਾਹੀ ਵਰਤਣ ਅਤੇ ਸੰਗਠਿਤ ਅਪਰਾਧਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਨਾਂ ਕਰਨ ਕਾਰਨ 9 ਜੂਨ ਮੁਅੱਤਲ ਕੀਤਾ ਗਿਆ ਸੀ। ਹਰਬੰਸ ਸਿੰਘ ਬਠਿੰਡਾ ਵਿੱਚ ਡੀਐਸਪੀ ਸਿਟੀ-1 ਵਜੋਂ ਤਾਇਨਾਤ ਸਨ ਜਿੰਨ੍ਹਾਂ ਅਧੀਨ ਥਾਣਾ ਕੋਤਵਾਲੀ ਅਤੇ ਕੈਨਾਲ ਕਲੋਨੀ ਸਨ।