ਬਠਿੰਡਾ ਪੁਲਿਸ ਨੇ ਡੰਡੇ ਜੋਰ ਤੇ ਡੱਕਿਆ ਬੱਸ ਅੱਡਾ ਸੰਘਰਸ਼ ਕਮੇਟੀ ਦਾ ਲੁਧਿਆਣਾ ਕੂਚ
ਰੋਸ ਨਾਲ ਭਰੇ ਪੀਤੇ ਲੋਕਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 16 ਜੂਨ 2025 : ਬਠਿੰਡਾ ਪੁਲਿਸ ਵੱਲੋਂ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦਾ ਲੁਧਿਆਣਾ ਕੂਚ ਅਸਫਲ ਬਣਾਉਣ ਦੇ ਪੁਲਿਸੀਆ ਢੰਗ ਨੇ ਲੋਕਾਂ ’ਚ ਰੋਸ ਭਰ ਦਿੱਤਾ ਹੈ। ਅੱਜ ਸ਼ਹਿਰ ਦੇ ਵਪਾਰੀਆਂ ਅਤੇ ਆਮ ਲੋਕਾਂ ਨੇ ਪੁਲਿਸ ਕਾਰਵਾਈ ਖਿਲਾਫ ਫਾਇਰ ਬ੍ਰਿਗੇਡ ਚੌਂਕ ਵਿੱਚ ਧਰਨਾ ਲਾਇਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇੇਬਾਜੀ ਕੀਤੀ। ਮਲੋਟ ਰੋਡ ’ਤੇ ਨਵਾਂ ਬੱਸ ਅੱਡਾ ਉਸਾਰਨ ਲਈ ਪਾਵਰਕੌਮ ਦੇ ‘ਬੋਰਡ ਆਫ਼ ਡਾਇਰੈਕਟਰਜ਼’ ਵੱਲੋਂ ਬਠਿੰਡਾ ਦੇ ਬੰਦ ਹੋਏ ਥਰਮਲ ਦੀ 30 ਏਕੜ ਜ਼ਮੀਨ ਦਿੱਤੇ ਜਾਣ ਦੀ ਖ਼ਬਰ ਬਾਹਰ ਆਉਣ ਮਗਰੋਂ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਨੇ ਲੁਧਿਆਣਾ ਕੂਚ ਦਾ ਐਲਾਨ ਕੀਤਾ ਸੀ। ਅੱਜ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਲੁਧਿਆਣਾ ਕੂਚ ਰੋਕਣ ਲਈ ਅੰਬੇਦਕਰ ਪਾਰਕ ’ਚ ਪੁਲਿਸ ਦੀ ਭਾਰੀ ਨਫਰੀ ਤਾਇਨਾਤ ਕੀਤੀ ਹੋਈ ਸੀ ਜਿਸ ਨੇ ਉੱਥੇ ਪੁੱਜੇ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਅਣਦੱਸੀ ਥਾਂ ਤੇ ਭੇਜ ਦਿੱਤਾ।
ਪੁਲਿਸ ਦੇ ਇਸ ਐਕਸ਼ਨ ਬਾਰੇ ਪਤਾ ਲੱਗਣ ਤੇ ਲੋਕ ਫਾਇਰ ਬ੍ਰਿਗੇਡ ਚੌਂਕ ’ਚ ਇਕੱਤਰ ਹੋ ਗਏ ਜਿੱਥੇ ਲੋਕਾਂ ਦੇ ਜਮਾਵੜੇ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਚੌਂਕ ਵਾਲਾ ਇਲਾਕਾ ਛਾਉਣੀ ’ਚ ਤਬਦੀਲ ਕਰ ਦਿੱਤਾ। ਇਸ ਮੌਕੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਸਾਫ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਉਨ੍ਹਾਂ ਨੂੰ ਲੁਧਿਆਣਾ ਨਹੀਂ ਜਾਣ ਦੇਣਗੇ। ਇੱਕ ਐਸਪੀ ਨੇ ਕਿਹਾ ਕਿ ਜੇਕਰ ਲੋਕਾਂ ਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਏਗਾ। ਪੁਲਿਸ ਦੇ ਵਤੀਰੇ ਤੋਂ ਰੋਸ ਨਾਲ ਭਰੇ-ਪੀਤੇ ਧਰਨਾਕਾਰੀਆਂ ਨੇ ਪੁਲਿਸ ਕਾਰਵਾਈ ਨੂੰ ‘ਦਗ਼ਾ’ ਕਰਾਰ ਦਿੰਦਿਆਂ ਆਖਿਆ ਕਿ ਇੱਕ ਪਾਸੇ ਪ੍ਰਸ਼ਾਸਨ ਅੱਡੇ ਬਾਰੇ ਫੈਸਲਾ ਲੈਣ ਲਈ ਸਮੀਖ਼ਿਆ ਕਮੇਟੀ ਬਣਾ ਕੇ ਲੋਕਾਂ ਦੀ ਰਾਇ ਜਾਨਣ ਦਾ ਪਾਖੰਡ ਕਰ ਰਿਹਾ ਹੈ ਜਦੋਂਕਿ ਦੂਜੇ ਪਾਸੇ ਲੁਕਵੇਂ ਰੂਪ ਵਿੱਚ ਸੰਘਰਸ਼ ਦੇ ਬੁਨਿਆਦੀ ਨੂੰ ਕੁਚਲਣ ਲਈ ਪੁਲਿਸ ਦੀਆਂ ਧਾੜਾਂ ਚੜ੍ਹਾਈਆਂ ਜਾ ਰਹੀਆਂ ਹਨ।
ਪੁਲਿਸ ਰੋਕਾਂ ਦੇ ਬਾਵਜੂਦ ਲੋਕ ਜਦੋਂ ਬੱਸਾਂ ’ਚ ਸਵਾਰ ਹੋ ਕੇ ਲੁਧਿਆਣਾ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਤਹਿਸੀਲਦਾਰ ਆਪਣੇ ਨਾਲ ਭਾਰੀ ਪੁਲਿਸ ਫੋਰਸ ਅਤੇ ਦੰਗਾ ਰੋਕੂ ਨਾਲ ਮੌਕੇ ਤੇ ਪੁੱਜੇ ਤੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਤਹਿਸੀਲਦਾਰ ਵਿਚਕਾਰ ਤਕਰਾਰ ਵੀ ਹੋਈ। ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਵਾਂਦਰ ਅਤੇ ਕੰਵਲਜੀਤ ਭੰਗੂ ਨੇ ਕਿਹਾ ਕਿ ਸੰਘਰਸ਼ ਕਮੇਟੀ ਦੋ ਮਹੀਨਿਆਂ ਤੋਂ ਬੱਸ ਅੱਡਾ ਰੋਕਣ ਲਈ ਅਪੀਲ ਕਰ ਰਹੀ ਸੀ ਪਰ ਕੋਈ ਵੀ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਉਨ੍ਹਾਂ ਦੀ ਗੱਲ ਸੁਣਨ ਨਹੀਂ ਆਇਆ ਜਿਸ ਦੇ ਰੋਸ ’ਚ ਲੁਧਿਆਣਾ ਕੂਚ ਦਾ ਫੈਸਲਾ ਲੈਣਾ ਪਿਆ ਸੀ। ਮੀਡੀਆ ਕੁਆਡੀਨੇਟਰ ਸੰਦੀਪ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਅਤੇ ਸਰਕਾਰ ਜ਼ਬਰ ਕਰਕੇ ਲੋਕਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਲੁਧਿਆਣਾ ’ਚ ਦਿੱਲੀ ਤੋਂ ਪ੍ਰਚਾਰ ਲਈ ਸੈਂਕੜੇ ਲੋਕ ਆਏ ਹੋਏ ਹਨ ਜਦੋਂਕਿ ਪੰਜਾਬ ’ਚ ਹੀ ਪੰਜਾਬੀਆਂ ਨੂੰ ਰੋਕਣ ਲਈ ਸਰਕਾਰ ਤਾਨਾਸ਼ਾਹ ਬਣ ਗਈ ਹੈ ਜਿਸਦਾ ਨਤੀਜਾ ਆਉਣ ਭੁਗਤਣਾ ਪਵੇਗਾ। ਹਰਵਿੰਦਰ ਸਿੰਘ ਹੈਪੀ ਤੇ ਕੌਂਸਲਰ ਸੰਦੀਪ ਬਾਬੀ ਨੇ ਕਿਹਾ ਕਿ ਸਰਕਾਰ ਖਿਲਾਫ ਰੋਸ ਜਾਰੀ ਰਹੇਗਾ ਤੇ ਡੀਸੀ ਬਠਿੰਡਾ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ। ਗੁਰਵਿੰਦਰ ਸ਼ਰਮਾ ਅਤੇ ਕਿਸਾਨ ਆਗੂ ਹਨੀ ਸਿੰਘ ਨੇ ਕਿਹਾ ਕਿ ਲੋਕਾਂ ਨੇ ਵੱਡੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਜਤਾਇਆ ਸੀ, ਪਰ ਇਨ੍ਹਾਂ ਅੱਤਿਆਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪ੍ਰਿੰਸੀਪਲ ਬੱਗਾ ਸਿੰਘ ਅਤੇ ਐਡਵੋਕੇਟ ਬਿਸ਼ਨਦੀਪ ਕੌਰ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਆਪਣੀ ਗੱਲ ਰੱਖਣਾ ਚਾਹੁੰਦੇ ਸੀ, ਪਰ ਡਰੀ ਸਰਕਾਰ ਪੁਲਿਸ ਦਾ ਸਹਾਰਾ ਲੈਣ ਲੱਗੀ ਹੈ। ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਸਰਕਾਰ ਦੇ ਕਾਲੇ ਕਾਰਨਾਮਿਆਂ ਨੂੰ ਚੌਰਾਹੇ ਵਿੱਚ ਬੇਨਕਾਬ ਕੀਤਾ ਜਾਏਗਾ।
ਪੁਲਿਸ ਕਾਰਵਾਈ ਨਿਖੇਧੀਯੋਗ
ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਬਠਿੰਡਾ ਨੇ ਪੁਲਿਸ ਕਾਰਵਾਈ ਨੂੰ ਨਿਖੇਧੀਯੋਗ ਅਤੇ ਜਮਹੂਰੀ ਹੱਕਾਂ ਤੇ ਡਾਕਾ ਕਰਾਰ ਦਿੱਤਾ ਹੈ। ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਜੁਬਾਨਬੰਦੀ ਕਰਨ ਲੱਗੀ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਏਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮਲੋਟ ਰੋਡ ਪ੍ਰਜੈਕਟ ਤੁਰੰਤ ਰੱਦ ਕਰੇ ਅਤੇ ਲੋਕਾਂ ਦੀ ਸਲਾਹ ਨਾਲ ਫੈਸਲੇ ਲਏ ਜਾਣ।