ਫਤਿਹਗੜ੍ਹ ਸਾਹਿਬ 'ਚ ਨਿਹੰਗ ਦੀ ਗੁੰਡਾਗਰਦੀ, ਨੌਜਵਾਨ ਦੇ ਦੋਵੇਂ ਹੱਥ ਵੱਢ
ਰਵਿੰਦਰ ਢਿੱਲੋਂ
ਫਤਿਹਗੜ੍ਹ ਸਾਹਿਬ , 16 ਜੂਨ 2025-ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਨਿਹੰਗ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਹੋਇਾ ਇੱਕ ਨੌਜਵਾਨ ਦੇ ਦੋਵੇਂ ਹੱਥ ਤਲਵਾਰ ਦੇ ਨਾਲ ਵੱਢ ਦਿੱਤੇ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਵਿੱਚ ਜ਼ਖਮੀ ਜਤਿਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਤੋਂ ਸੈਕਟਰ-32 ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨਿਹੰਗ ਪਹਿਰਾਵੇ ਵਿੱਚ ਇਹ ਹਮਲਾਵਰ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਸੀ। ਉਹ ਨੌਜਵਾਨਾਂ 'ਤੇ ਨਸ਼ੇ ਦਾ ਦੋਸ਼ ਲਗਾ ਕੇ ਡਰਾਉਂਦਾ ਸੀ। ਸੋਮਵਾਰ ਨੂੰ ਮਾਸਟਰ ਕਲੋਨੀ ਵਿੱਚ ਜਤਿਨ 'ਤੇ ਹਮਲਾ ਕੀਤਾ ਗਿਆ। ਇਲਾਕੇ ਦੇ ਲੋਕਾਂ ਨੇ ਇਸਦੀ ਨਿੰਦਾ ਕੀਤੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਬਿਆਨ ਦਰਜ ਕਰ ਲਏ ਹਨ। ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਧਿਆਨ ਦੇਣ ਯੋਗ ਹੈ ਕਿ ਇਹ ਨਿਹੰਗ ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਹੈ। ਸਰਹਿੰਦ ਦੇ ਇੱਕ ਢਾਬੇ 'ਤੇ ਹੋਈ ਘਟਨਾ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ।