ਮੇਰਾ ਖ਼ਜ਼ਾਨਾ -3
ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95' ਤਿਰਛੀ ਨਜ਼ਰ ਹੇਠ
ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਦਿਲਜੀਤ ਦੋਸਾਂਝ ਦੇ ਮੇਨ ਕਰੈਕਟਰ ਵਾਲੀ ਫ਼ਿਲਮ 'ਪੰਜਾਬ 95' ਦੀ ਸਕਰੀਨਿੰਗ ਦੇਖੀ ਬਹੁਤ ਚੋਣਵੇਂ ਜਿਹੇ ਚਿੰਤਕਾਂ ਪੱਤਰਕਾਰਾਂ, ਲੇਖਕਾਂ, ਮਾਹਰਾਂ ਅਤੇ ਐਕਟਵਿਸਟ ਜਾਣੇ ਜਾਂਦੇ ਲੋਕਾਂ ਨੂੰ ਇਹ ਫ਼ਿਲਮ ਉਸੇ ਰੂਪ ਚ ਦਿਖਾਈ ਗਈ ਜਿਸ ਰੂਪ ਚ ਬਣੀ ਹੋਈ ਹੈ ਭਾਵ ਬਿਨਾਂ ਕੱਟ ਤੋਂ ਦਿਖਾਈ ਗਈ. ਇਹ ਉਹੀ ਫ਼ਿਲਮ ਹੈ ਜਿਸ ਵਿੱਚ ਜਿਸ ਨੂੰ ਸੈਂਸਰ ਬੋਰਡ ਨੇ ਰਿਲੀਜ਼ ਨਹੀਂ ਹੋਣ ਦਿੱਤਾ ਅਤੇ ਇਸ ਵਿੱਚ ਵੱਡੀ ਪੱਧਰ ਤੇ ਕੱਟ ਲਾਉਣ ਦੇ ਫ਼ਰਮਾਨ ਜਾਰੀ ਕੀਤੇ ਨੇ
ਫ਼ਿਲਮ ਦੇਖ ਕੇ ਸੁਭਾਵਿਕ ਹੀ ਮੇਰੇ ਵਰਗੇ ਉਹਨਾਂ ਲੋਕਾਂ ਦੇ ਚਿਹਰੇ ਅੱਗੇ ਪੰਜਾਬ ਦੇ ਉਸ ਡੇਢ ਦਹਾਕੇ ਦੇ ਖ਼ੌਫ਼ਨਾਕ ਦੌਰ ਅਤੇ ਸੰਤਾਪ ਭਰੇ ਸਮੇਂ ਦੀ ਰੀਲ ਘੁੰਮ ਜਾਂਦੀ ਹੈ . ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਲੋਕ ਚੱਕੀ ਦੇ ਦੋ ਪੁੜਾਂ ਵਾਂਗ ਦਾਣਿਆਂ ਵਾਂਗ ਪੀਸੇ ਜਾ ਰਹੇ ਸੀ ਭਾਵ ਉਹ ਇੱਕ ਪਾਸੇ ਖਾਲਿਸਤਾਨੀ ਦਹਿਸ਼ਤਵਾਦ ਅਤੇ ਦੂਸਰੇ ਪਾਸੇ ਸਟੇਟ ਟੈਰਰ ਦੇ ਵਿਚਕਾਰ ਨਪੀੜੇ ਜਾਂਦੇ ਰਹੇ.
ਸਿਵਿਆਂ ਚੋਂ ਬੋਲਦੀਆਂ ਲਵਾਰਿਸ ਲਾਸ਼ਾਂ , ਜਸਵੰਤ ਸਿੰਘ ਖਾਲੜਾ ਦੀ ਹੌਲਨਾਕ ਕਹਾਣੀ
'ਪੰਜਾਬ 95' ਦੀ ਕਹਾਣੀ ਮਨੁੱਖੀ ਅਧਿਕਾਰਾਂ ਲਈ ਕੁਰਬਾਨ ਹੋਏ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਸਦੇ ਜਦੋਜਹਿਦ ਦੀ ਦਾਸਤਾਨ ਦੁਆਲੇ ਘੁੰਮਦੀ ਹੈ. ਫ਼ਿਲਮ ਵਿੱਚ ਉਸ ਵੇਲੇ ਦੇ DGP KPS ਗਿੱਲ ਅਤੇ ਤਰਨ ਤਾਰਨ ਦੇ SSP ਅਜੀਤ ਸਿੰਘ ਸੰਧੂ ਜਿਨ੍ਹਾਂ ਤੇ ਇਹ ਦੋਸ਼ ਲੱਗੇ ਕਿ ਉਹਨਾਂ ਨੇ ਜਸਵੰਤ ਖਾਲੜਾ ਨੂੰ ਅਗਵਾ ਕਰਕੇ ਕਾਫ਼ੀ ਲੰਮਾ ਸਮਾਂ ਅਣਮਨੁੱਖੀ ਤਸ਼ੱਦਦ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਦਰਿਆ ਵਿੱਚ ਸੁੱਟ ਦਿੱਤਾ ਸੀ. ਸੁਭਾਵਿਕ ਹੈ ਕਿ ਇਹ ਫ਼ਿਲਮ ਇਹਨਾਂ ਤਿੰਨਾਂ ਕਿਰਦਾਰਾਂ ਦੇ ਦੁਆਲੇ ਹੀ ਘੁੰਮਣੀ ਸੀ.

ਪ੍ਰੋਡਿਊਸਰ Ronnie Screwvala's RSVP Movies ਵੱਲੋਂ
ਵੱਲੋਂ ਬਣਾਈ ਗਈ ਇਸ ਫ਼ਿਲਮ ਦੇ ਡਾਇਰੈਕਟਰ ਹਨੀ ਤਰੇਹਨ ਨੇ ਜਸਵੰਤ ਸਿੰਘ ਖਾਲੜਾ ਦੇ ਦੌਰ ਨਾਲ ਸਬੰਧਤ ਘਟਨਾਵਾਂ ਖ਼ਾਸ ਕਰਕੇ ਲਾਵਾਰਸ ਖ਼ਾਸ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਅਤੇ ਇਹਨਾਂ ਮੁਕਾਬਲਿਆਂ ਚ ਮਾਰੇ ਗਏ ਨੌਜਵਾਨਾਂ ਤੇ ਹੋਰ ਲੋਕਾਂ ਨੂੰ ਅੱਤਵਾਦੀ ਕਹਿ ਕੇ ਇਹਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ ਚ ਲਿਜਾ ਕੇ ਸਸਕਾਰ ਕਰਨ ਦੇ ਵਰਤਾਰੇ ਨੂੰ ਕਾਫ਼ੀ ਹਕੀਕੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਸਵੰਤ ਸਿੰਘ ਖਾਲੜਾ ਵੱਲੋਂ ਇੱਕ ਮਨੁੱਖੀ ਅਧਿਕਾਰ ਲਹਿਰ ਦੇ ਆਗੂ ਵਜੋਂ ਇਹਨਾਂ ਲਾਵਾਰਸ ਕਰਾਰ ਦਿੱਤੀਆਂ ਲਾਸ਼ਾਂ ਦੀ ਜਾਣਕਾਰੀ, ਵੇਰਵਾ ਅਤੇ ਲੰਬੇ ਸਮੇਂ ਦੀ ਮਿਹਨਤ ਨਾਲ ਇਕੱਠੇ ਕੀਤੇ ਅੰਕੜਿਆਂ ਅਤੇ ਸਬੂਤਾਂ ਦੇ ਇਤਿਹਾਸ ਨੂੰ ਵੀ ਬਖ਼ੂਬੀ ਦਰਸਾਇਆ ਗਿਆ ਹੈ.
ਸੀ ਬੀ ਆਈ ਅਤੇ ਅਦਾਲਤਾਂ ਦਾ ਰੋਲ ਪੰਜਾਬ ਪੁਲਿਸ ਤੋਂ ਉਲਟਾ
ਇਸ ਦੇ ਨਾਲ ਹੀ 1995 ਤੋਂ ਕੁਝ ਸਮਾਂ ਪਹਿਲਾਂ ਅਤੇ ਇਸ ਤੋਂ ਕੁਝ ਸਮਾਂ ਬਾਅਦ ਦੇ ਬੇਅੰਤ ਸਿੰਘ ਸਰਕਾਰ ਦੇ ਦੌਰ ਵਿੱਚ ਵੀ ਪੰਜਾਬ ਪੁਲਿਸ ਦੇ ਉਸ ਵੇਲੇ ਚੋਟੀ ਦੇ ਅਫ਼ਸਰਾਂ ਅਤੇ ਐਸ ਐਸ ਪੀ ਪੱਧਰ ਦੇ ਅਫ਼ਸਰਾਂ ਦੇ ਦਾਬੇ, ਮਨਮਾਨੀਆਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਬਿਰਤਾਂਤ ਵੀ ਫ਼ਿਲਮੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈ. ਬੇਅੰਤ ਸਿੰਘ ਦੇ ਕਤਲ ਦੀ ਵਾਰਦਾਤ ਅਤੇ ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਨ ਅਤੇ ਕੋਹ-ਕੋਹ ਕੇ ਮਾਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ ਦਰਿਆ ਵਿੱਚ ਸੁੱਟ ਕੇ ਗ਼ਾਇਬ ਕਰਨ ਦੀ ਕਹਾਣੀ ਵੀ ਫਿਲਮਾਈ ਗਈ ਹੈ. ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਉਸ ਦੌਰ ਵਿੱਚ ਫੈਲਾਏ ਗਏ ਸਰਕਾਰੀ ਦਹਿਸ਼ਤਵਾਦ ਨੂੰ ਬੜੇ ਹੌਲਨਾਕ ਢੰਗ ਨਾਲ ਪੇਸ਼ ਕੀਤਾ ਗਿਆ ਹੈ ਉੱਥੇ ਦੂਸਰੇ ਪਾਸੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਖ਼ਾਸ ਕਰਕੇ ਸੀਬੀਆਈ ਅਤੇ ਇਸ ਦੇ ਉਸ ਵੇਲੇ ਦੇ ਅਫ਼ਸਰਾਂ / ਕਰਿੰਦਿਆਂ ਦੀ ਭੂਮਿਕਾ ਪੰਜਾਬ ਪੁਲਿਸ ਤੋਂ ਉਲਟ ਦਿਖਾਈ ਗਈ ਹੈ . CBI ਦੇ ਆਲ੍ਹਾ ਅਫ਼ਸਰ ਦੇ ਰੋਲ ਵਿਚ ਅਰਜਨ ਰਾਮਪਾਲ ਦੀ ਟੀਮ ਵੱਲੋਂ ਪੰਜਾਬ ਪੁਲਿਸ ਦੀਆਂ ਗੈਰ ਕਾਨੂੰਨੀ ਅਤੇ ਗੈਰ ਮਨੁੱਖੀ ਕਾਰਵਾਈਆਂ ਖ਼ਾਸ ਕਰਕੇ ਜਸਵੰਤ ਸਿੰਘ ਖਾਲੜਾ ਕੇਸ ਦੀ ਨੇਕ -ਨੀਅਤ ਨਾਲ ਪੜਤਾਲ ਕਰਨ ਦੀ ਘਟਨਾ ਫਿਲਮਾਈ ਗਈ ਹੈ.

Honey Trehan
ਇਸ ਦੇ ਕੇਸ ਦੇ ਸਬੂਤਾਂ ਨੂੰ ਕੱਠੇ ਕਰ ਕੇ ਅਦਾਲਤਾਂ ਵਿਚ ਪੇਸ਼ ਕਰਨ ਤੋਂ ਲੈਕੇ ਅਗਵਾ ਤੇ ਕਤਲ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਸਜ਼ਾ ਦਿਵਾਉਣ ਤੱਕ ਦੇ ਘਟਨਾਕ੍ਰਮ ਨੂੰ ਵੀ ਸਹੀ ਢੰਗ ਨਾਲ ਪੇਸ਼ ਕੀਤਾ ਗਿਆ ਹੈ ਹਾਲਾਂਕਿ ਇਹ ਵੀ ਨੋਟ ਕੀਤਾ ਗਿਆ ਹੈ ਕਿ ਕਿ ਜਸਵੰਤ ਸਿੰਘ ਖਾਲੜਾ ਦੇ ਅਗਵਾ ਤੇ ਕਤਲ ਦੀ ਜ਼ਿੰਮੇਵਾਰੀ ਤੋਂ ਉਸ ਵੇਲੇ ਦੇ ਚੋਟੀ ਦੇ ਪੁਲਿਸ ਅਫ਼ਸਰ Bitta ਦੇ ਨਾਂ ਹੇਠ ਪੇਸ਼ ਕੀਤੇ ਗਏ ਕੇ ਪੀ ਐਸ ਗਿੱਲ ਨੂੰ ਬਚਾਇਆ ਗਿਆ ਜਾਂ ਕੇਸ ਤੋਂ ਬਾਹਰ ਰੱਖਿਆ ਗਿਆ .
ਕਾਰਨ ਕੋਈ ਵੀ ਹੋਣ ਪਰ ਇਹ ਹਕੀਕਤ ਹੈ ਕਿ ਮਨੁੱਖੀ ਅਧਿਕਾਰਾਂ ਲਈ ਸਰਗਰਮ ਲੋਕ ਅਤੇ ਖ਼ਾਸ ਕਰਕੇ ਵਕੀਲ ਮੰਨਦੇ ਹਨ ਕਿ ਖਾੜਕੂਵਾਦ ਦੇ ਦੌਰ ਦੀਆਂ ਝੂਠੇ ਮੁਕਾਬਲਿਆਂ ਦੀਆਂ ਜਿੰਨੀਆਂ ਵੀ CBI ਪੜਤਾਲਾਂ ਅਦਾਲਤ ਦੇ ਹੁਕਮ ਤੇ ਹੋਈਆਂ ਇਨ੍ਹਾਂ ਵਿੱਚੋਂ ਵੱਡੀ ਬਹੁ ਗਿਣਤੀ ਅਜਿਹੇ ਕੇਸਾਂ ਦੀ ਹੈ ਜਿਨ੍ਹਾਂ ਵਿੱਚ ਦੋਸ਼ ਵੀ ਸਾਬਤ ਹੋਏ ਅਤੇ ਸਜ਼ਾਵਾਂ ਵੀ ਹੋਈਆਂ ਅਤੇ ਅੱਜ ਤੱਕ ਵੀ ਹੋ ਰਹੀਆਂ ਨੇ.
ਇਸ ਵਰਤਾਰੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਜਸਟਿਸ ਸਿਸਟਮ ਅਤੇ ਅਦਾਲਤੀ ਢਾਂਚੇ 'ਤੇ ਕਿਸੇ ਹੱਦ ਲੋਕਾਂ ਦਾ ਮੁੜ ਵਿਸ਼ਵਾਸ ਵੀ ਬਣਿਆ ਹਾਲਾਂਕਿ ਇਨਸਾਫ਼ ਲੈਣ ਦਾ ਇਹ ਪੈਂਡਾ ਮਾਪਿਆਂ ਰਿਸ਼ਤੇਦਾਰਾਂ ਅਤੇ ਕਾਨੂੰਨੀ ਚਾਰਾਜੋਈ ਕਰਨ ਵਾਲੇ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਵਕੀਲਾਂ ਲਈ ਬਹੁਤ ਹੀ ਖ਼ਤਰੇ ਭਰਿਆ, ਔਖਾ, ਤਕਲੀਫ਼ਾਂ ਤੇ ਦੁੱਖਾਂ ਭਰਿਆ ਅਤੇ ਗੁੰਝਲਦਾਰ ਰਿਹਾ ਹੈ .
SSP ਦੀ ਖ਼ੁਦਕੁਸ਼ੀ ਦਾ ਸੱਚ
ਇਸ ਫ਼ਿਲਮ ਵਿੱਚ ਵੱਖ ਵੱਖ ਫ਼ਰਜ਼ੀ ਨਾਂ ਦੇ ਕੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਉਸ ਵੇਲੇ ਦੇ DGP ਕੇ ਪੀ ਐਸ ਗਿੱਲ ਅਤੇ SSP ਅਜੀਤ ਸਿੰਘ ਸੰਧੂ ਦੇ ਨਾਲ ਨਾਲ ਖਾਲੜਾ ਕੇਸ ਚ ਦੋਸ਼ੀ ਪਾਏ ਗਏ ਪੁਲਿਸ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਸਿੱਧੇ ਢੰਗ ਨਾਲ ਦਿਖਾਇਆ ਗਿਆ ਹੈ. ਬਦਲੇ ਹੋਏ ਮਾਹੌਲ ਦੌਰਾਨ CM ਵਜੋਂ ਹਰਚਰਨ ਬਰਾੜ ਵੱਲੋਂ ਪੁਲਿਸ ਨੂੰ ਕੁਝ ਨੱਥ ਪਾਉਣ ਦੇ ਯਤਨ ਅਤੇ KPS Gill ਦੀ ਐਕਸਟੈਨਸ਼ਨ ਦੇ ਵਿਰੋਧ ਦੇ ਸੀਨ ਵੀ ਹਨ. ਇੱਥੋਂ ਤੱਕ ਕਿ ਲਾਵਾਰਸ ਲਾਸ਼ਾਂ ਦੇ ਕੇਸਾਂ , ਜਸਵੰਤ ਸਿੰਘ ਖਾਲੜਾ,, ਜ਼ਮੀਨਾਂ 'ਤੇ ਜਬਰੀ ਕਬਜ਼ੇ ਅਤੇ ਹੋਰ ਕੇਸਾਂ ਵਿੱਚ ਫਸ ਜਾਣ ਤੋਂ ਬਾਅਦ ਅਜੀਤ ਸਿੰਘ ਸੰਧੂ ਦੇ ਰੂਪ ਵਿੱਚ ਸੁਰਜੀਤ ਸਿੰਘ ਸੱਗੂ ਨਾਂ ਦੇ ਪੁਲਿਸ ਅਫ਼ਸਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਸੀਨ ਵੀ ਸ਼ਾਮਲ ਕੀਤੇ ਗਏ ਹਨ. ਮੈਂ ਇੱਕ ਪੱਤਰਕਾਰ ਦੇ ਤੌਰ ਤੇ ਉਸ ਦੌਰ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇ ਚਸ਼ਮਦੀਦ ਗਵਾਹ ਜਾਂ ਜਾਣਕਾਰ ਹੋਣ ਪੱਖੋਂ ਇਹ ਕਹਿ ਸਕਦਾ ਹਾਂ ਕਿ ਕੁਝ ਇੱਕ ਥਾਵਾਂ ਤੇ ਅਸਲ ਤੱਥਾਂ ਤੋਂ ਥੋੜ੍ਹਾ ਫ਼ਰਕ ਨਾਲ ਪੇਸ਼ਕਾਰੀ ਕੀਤੀ ਗਈ ਹੈ. ਮਿਸਾਲ ਦੇ ਤੌਰ ਤੇ ਸੁਰਜੀਤ ਸਿੰਘ ਐਸ ਐਸ ਪੀ ( ਅਸਲ ਵਿਚ ਅਜੀਤ ਸਿੰਘ ਸੰਧੂ ) ਦੀ ਖ਼ੁਦਕੁਸ਼ੀ ਦੇ ਸੀਨ ਮੌਕੇ ਇਹ ਕਿਹਾ ਗਿਆ ਕਿ ਉਸ ਦੀ ਲਾਸ਼ ਤੋਂ ਚਿਹਰੇ ਦੀ ਪਹਿਚਾਣ ਨਹੀਂ ਸੀ ਹੋ ਰਹੀ ਪ੍ਰੰਤੂ ਅਸਲ ਵਿੱਚ ਇਹ ਹਕੀਕਤ ਨਹੀਂ ਸੀ.
ਮਈ 1997 ਵਿਚ ਡੇਰਾਬਸੀ ਕੋਲ ਰੇਲਵੇ ਲਾਈਨ ਤੇ ਇਹ ਘਟਨਾ ਵਾਪਰੀ ਸੀ ਤਾਂ ਉਸ ਵੇਲੇ ਮੈਂ ਅਜੀਤ ਅਖ਼ਬਾਰ ਵਿੱਚ ਸਾਂ. ਮੈਂ ਤੇ ਸਾਡੇ ਅਜੀਤ ਦੇ ਫ਼ੋਟੋਗਰਾਫ਼ਰ ਸਾਥੀ ਟੀ ਐਸ ਬੇਦੀ ਸਭ ਤੋਂ ਪਹਿਲਾਂ ਉਸ ਸਪਾਟ ਤੇ ਪੁੱਜੇ ਸਾਂ. ਅਸੀਂ ਫ਼ੋਟੋਆਂ ਸ਼ੂਟ ਵੀ ਕੀਤੀਆਂ ਸੀ. ਉਸ ਦੀ ਪਛਾਣ ਸਾਫ਼ ਹੋ ਰਹੀ ਸੀ. ਮੈਨੂੰ ਅੱਜ ਤੱਕ ਉਹ ਸੀਨ ਯਾਦ ਹੈ-ਰੇਲ ਲਾਈਨ ਦੇ ਇਕ ਪਾਸੇ ਅਜੀਤ ਸਿੰਘ ਸੰਧੂ ਦੀ ਗਰਦਨ ਕੱਟੀ ਹੋਈ ਲਾਸ਼ ਪਈ ਸੀ, ਉਸ ਦੇ ਗੁੱਟ ਤੇ ਸੁਨਹਿਰੀ ਘੜੀ , ਸੋਨੇ ਦਾ ਕੜਾ ਤੇ ਪੈਂਟ ਸ਼ਰਟ ਪਾਈ ਹੋਈ ਅਸੀਂ ਦੇਖੀ ਸੀ .
ਫ਼ਿਲਮ ਦੇਖ ਕੇ ਮੈਨੂੰ ਉਹ ਵੀ ਯਾਦ ਆ ਗਿਆ ਕਿ ਕਿ ਮੈਂ ਖਾਲੜਾ ਕੇਸ ਦੇ ਚਸ਼ਮਦੀਦ ਗਵਾਹ SPO ਦੀ ਚੰਡੀਗੜ੍ਹ ਵਿੱਚ ਅਜੀਤ ਲਈ ਇੱਕ ਗੁਪਤ ਜਗਾ 'ਤੇ ਇੰਟਰਵਿਊ ਵੀ ਕੀਤੀ ਸੀ ਜਦੋਂ ਉਹ ਲੁਕ ਛਿਪ ਕੇ ਰਹਿ ਰਿਹਾ ਸੀ. ਕੁਝ ਹੋਰ ਵੀ ਅਜਿਹੇ ਛੋਟੇ ਮੋਟੇ ਤੱਥ ਹਨ ਜਿਨ੍ਹਾਂ ਨੂੰ ਫ਼ਿਲਮੀ ਕਹਾਣੀ ਕਰਕੇ ਇੱਧਰ ਉੱਧਰ ਕੀਤਾ ਗਿਆ ਹੈ ਜਾਂ ਛੱਡ ਦਿੱਤਾ ਗਿਆ ਹੈ
ਪੁਲਿਸ ਜਬਰ ਦੀ ਕਹਾਣੀ ਦਿਖਾਉਣ ਵੇਲੇ ਇਹੋ ਜਿਹੇ ਹੌਲਨਾਕ ਸੀਨ ਦਿਖਾਏ ਗਏ ਹਨ ਜਿਨ੍ਹਾਂ ਨੂੰ ਦੇਖ ਕੇ ਮਨ ਵੀ ਵੀ ਖ਼ਰਾਬ ਹੁੰਦਾ ਹੈ. ਉਹਨਾਂ ਨੂੰ ਦੇਖ ਕੇ ਉਦਾਸੀ ਅਤੇ ਰੋਸ ਵੀ ਜਾਗਦਾ ਹੈ।

ਪਤੀ ਦੀ ਵਿਰਾਸਤ ਸੰਭਾਲੀ ਪਰਮਜੀਤ ਕੌਰ ਖਾਲੜਾ ਨੇ
ਫ਼ਿਲਮ ਦੀ ਇਕ ਖ਼ਾਸੀਅਤ ਹੈ ਕਿ ਇਸ ਵਿਚ ਫ਼ਰਜ਼ੀ ਨਾਂ ਹੇਠ ਦਿਖਾਈ ਜਸਵੰਤ ਖਾਲੜਾ ਦੀ ਜੀਵਨ ਸਾਥਣ ਪਰਮਜੀਤ ਕੌਰ ਖਾਲੜਾ ਨੇ ਜਿਸ ਤਰ੍ਹਾਂ ਦਲੇਰੀ ਅਤੇ ਸਮਰਪਿਤ ਭਾਵਨਾ ਨਾਲ ਆਪਣੇ ਪਤੀ ਦੇ ਮਿਸ਼ਨ ਅਤੇ ਵਿਰਾਸਤ ਨੂੰ ਸੰਭਾਲਿਆ, ਇਸ ਦਾ ਚਿਤਰਨ ਬਾਖ਼ੂਬੀ ਕੀਤਾ ਗਿਆ ਹੈ. ਸਿਰਫ਼ ਅਸੀਂ ਮੀਡੀਆ ਕਰਮੀਂ ਹੀ ਨਹੀਂ ਸਗੋਂ ਸਮੁੱਚਾ ਪੰਜਾਬੀ ਜਗਤ ਇਸ ਦਾ ਗਵਾਹ ਹੈ.

ਖਾਲਿਸਤਾਨੀ ਖਾੜਕੂ ਹਿੰਸਾ ਬਨਾਮ ਰਾਜ-ਤੰਤਰ ਦਾ ਟੈਰਰ
ਬੇਸ਼ੱਕ ਪੁਲਿਸ ਅਫ਼ਸਰਾਂ ਦੇ ਮੂੰਹੋਂ ਕੁਝ ਗੱਲਾਂ ਉਸ ਵੇਲੇ ਦੇ ਖ਼ਾਲਿਸਤਾਨ ਹਥਿਆਰਬੰਦ ਗਰੁੱਪਾਂ ਅਤੇ ਉਹਨਾਂ ਵੱਲੋਂ ਵਰਤੇ ਜਾਂਦੇ ਹਥਿਆਰਾਂ ਕੀਤੇ ਜਾਂਦੇ ਕਤਲਾਂ ਅਤੇ ਫੈਲਾਈ ਗਈ ਹਿੰਸਾ ਦਾ ਜ਼ਿਕਰ ਕਰਕੇ ਪੰਜਾਬ ਪੁਲਿਸ ਦੇ ਅਫ਼ਸਰਾਂ ਕੋਲੋਂ ਕਰਾਇਆ ਗਿਆ ਹੈ .ਉਨ੍ਹਾਂ ਵੱਲੋਂ ਇਹ ਕਹਿ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸਾਂ ਨੂੰ ਜਾਇਜ਼ ਠਹਿਰਾਉਣ ਦੇ ਸੀਨ ਦਿਖਾਏ ਗਏ ਹਨ . ਮੇਕ-ਅੱਪ ਅਤੇ ਵੇਸ-ਭੂਸ਼ਾ, ਆਵਾਜ਼ ਅਤੇ ਭੂਮਿਕਾ ਪੱਖੋਂ ਸਭ ਕਲਾਕਾਰਾਂ ਰੋਲ ਅਤੇ ਡਾਇਰੈਕਸ਼ਨ- ਸਲਾਹੁਣਯੋਗ ਹੈ. ਬਣਾਉਟੀਪਣ ਕਿਧਰੇ ਵੀ ਨਹੀਂ .
ਇਸ ਦੇ ਬਾਵਜੂਦ ਉਸ ਦੌਰ ਦੇ ਗਵਾਹ ਜਾਂ ਉਸ ਸੰਤਾਪ ਨੂੰ ਹੰਢਾਉਣ ਵਾਲੇ ਜਾਂ ਅੱਤਵਾਦੀਆਂ ਅਤੇ ਖਾੜਕੂਆਂ ਦੇ ਸ਼ਿਕਾਰ ਬਣੇ ਲੋਕਾਂ ਅਤੇ ਪੀੜਿਤ ਧਿਰਾਂ ਨਾਲ ਸੰਬੰਧਿਤ ਲੋਕ, ਇਸ ਫ਼ਿਲਮ ਬਾਰੇ ਇਹ ਸਵਾਲ ਜ਼ਰੂਰ ਉਠਾ ਸਕਦੇ ਹਨ ਕਿ ਇਹ ਇੱਕ ਪਾਸੜ ਹੈ ਅਤੇ ਇਸ ਵਿੱਚ ਸਿਰਫ਼ ਇੱਕ ਪਾਸਾ ਦਿਖਾਇਆ ਗਿਆ ਹੈ . ਹਾਲਾਂਕਿ ਫ਼ਿਲਮ ਪ੍ਰੋਡਿਊਸਰ ਡਾਇਰੈਕਟਰ ਦਾ ਮੁੱਖ ਮੁੱਦਾ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਸ ਵੱਲੋਂ ਕੀਤੇ ਗਏ ਕੰਮਾਂ ਤੇ ਫੋਕਸ ਕਰਕੇ ਹੀ ਫ਼ਿਲਮ ਬਣਾਈ ਗਈ ਹੈ ਪਹਿਲਾਂ ਤਾਂ ਇਸ ਦਾ ਨਾਂ ਹੀ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਸੀ ਪਰ ਸੈਂਸਰ ਬੋਰਡ ਵੱਲੋਂ ਇਤਰਾਜ਼ ਕਰਨ ਤੇ ਇਸ ਨੂੰ ਪੰਜਾਬ 95 ਦਾ ਨਾਂ ਦੇ ਦਿੱਤਾ ਗਿਆ ਪਰ ਦੂਜੇ ਪੱਖ ਤੋਂ ਇਹ ਸਵਾਲ ਉੱਠਣੇ ਸਵਾਲ ਤੇ ਇਤਰਾਜ਼ ਉੱਠਣੇ ਸੁਭਾਵਿਕ ਹਨ ਕਿ ਪੰਜਾਬ ਦੇ ਵਿੱਚ ਸੰਤਾਪ ਭਰੇ ਦੌਰ ਦੌਰਾਨ ਜਿੱਥੇ ਇੱਕ ਪਾਸੇ ਸਰਕਾਰੀ ਤੰਤਰ ਦੇ ਭਾਵ ਪੁਲਿਸ ਜਬਰ ਦਾ ਸ਼ਿਕਾਰ ਵੀ ਵੱਡੀ ਗਿਣਤੀ ਚ ਹੋਏ ਜਿਨ੍ਹਾਂ ਵਿੱਚ ਸਿੱਖ ਨੌਜਵਾਨਾਂ ਦੀ ਗਿਣਤੀ ਬਹੁ ਗਿਣਤੀ ਸੀ ਉੱਥੇ ਦੂਜੇ ਪਾਸੇ ਖਾਲਿਸਤਾਨੀ ਗਰੁੱਪਾਂ ਦੀ ਹਿੰਸਾ ਅਤੇ ਦਹਿਸ਼ਤ ਦਾ ਸ਼ਿਕਾਰ ਵੀ ਹਜ਼ਾਰਾਂ ਦੀ ਗਿਣਤੀ ਚ ਲੋਕ ਹੋਏ ਅਤੇ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਕਿਧਰੇ ਜ਼ਿਕਰ ਵੀ ਚੱਜ ਨਾਲ ਨਹੀਂ.
ਤ੍ਰਾਸਦੀ ਇਹ ਸੀ ਇਕ ਹੋਰ ਵਰਗ ਤੀਜੀ ਕਿਸਮ ਦੇ ਲੋਕਾਂ ਦਾ ਵੀ ਹੈ ਜਿਨ੍ਹਾਂ ਵਿੱਚ ਬਹੁਤੇ ਪੰਜਾਬ ਜਾਂ ਪੰਜਾਬ ਦੇ ਨਾਲ ਦੇ ਸੂਬਿਆਂ ਦੇ ਸਨ ਜੋ ਉੱਪਰ ਜ਼ਿਕਰ ਕੀਤੀਆਂ ਦੋਹਾਂ ਧਿਰਾਂ ਦੇ ਧੱਕੇ,ਜਬਰ ਅਤੇ ਹਿੰਸਾ ਦਾ ਸ਼ਿਕਾਰ ਹੋਏ.
ਮੈਂ ਅਤੇ ਸਾਡਾ ਪਰਿਵਾਰ -ਦੋਹਾਂ ਦੀ ਹਿੰਸਾ ਅਤੇ ਦਹਿਸ਼ਤ ਦਾ ਸ਼ਿਕਾਰ -5 ਸ਼ੌਰਿਆ ਚੱਕਰ
ਮੈਂ ਅਤੇ ਸਾਡਾ ਪਰਿਵਾਰ ਖ਼ੁਦ ਇਸ ਸ਼੍ਰੇਣੀ ਵਿੱਚ ਆਉਂਦੇ ਹਾਂ ਜਿਸ ਨੂੰ ਇੱਕ ਪਾਸੇ ਖਾਲਿਸਤਾਨੀ ਗਰੁੱਪਾਂ ਕਹਿਰ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਉਸੇ SSP ਤਰਨ ਤਾਰਨ ਦੀ ਪੁਲਿਸ ਦੇ ਜਬਰ ਦਾ ਸ਼ਿਕਾਰ ਹੋਣਾ ਪਿਆ.
ਪਹਿਲਾ ਕਿੱਸਾ ਖ਼ਾਲਿਸਤਾਨ ਦੇ ਨਾਂ ਤੇ ਹਿੰਸਾ ਕਰ ਰਹੇ ਰਹੇ ਅੱਤਵਾਦੀਆਂ ਦੀ ਮਾਰ-ਧਾੜ ਦਾ ਹੈ. 1988 ਵਿੱਚ ਹਰਿਆਣੇ ਦੇ ਸ਼ਾਹਬਾਦ ਨਗਰ ਵਿੱਚ ਅੱਤਵਾਦੀਆਂ ਵੱਲੋਂ ਉਸ ਵੇਲੇ ਦੇ ਸੀਪੀਆਈ ਦੇ MLA ਡਾਕਟਰ ਹਰਨਾਮ ਸਿੰਘ ਦੇ ਘਰ ਤੇ ਏਕੇ47 ਰਫ਼ਲਾਂ ਨਾਲ ਕੀਤੇ ਗਏ ਹਮਲੇ ਅਤੇ ਇਸ ਵਿੱਚ ਮਾਰੇ ਗਏ ਤਿੰਨ ਜੀਆਂ ਅਤੇ ਜ਼ਖ਼ਮੀ ਹੋਏ ਡਾਕਟਰ ਹਰਨਾਮ ਸਿੰਘ ਅਤੇ ਉਸ ਦੀ ਪਤਨੀ ਦੀ ਕਹਾਣੀ ਉਦੋਂ ਵੀ ਸੁਰਖ਼ੀਆਂ ਬਣੀ ਸੀ ਅਤੇ ਅਜੇ ਤੱਕ ਵੀ ਕਿਸੇ ਨਾਲ ਕਿਸੇ ਨਾਲ ਕਿਸੇ ਰੂਪ ਵਿੱਚ ਇਸ ਦਾ ਜ਼ਿਕਰ ਚਲਦਾ ਰਹਿੰਦਾ ਹੈ. ਇਹ ਪਰਿਵਾਰ ਸਾਡਾ ਨਜ਼ਦੀਕੀ ਰਿਸ਼ਤੇਦਾਰ ਪਰਿਵਾਰ ਹੈ. ਉਸ ਰਾਤ 9 ਵਜੇ ਦੇ ਕਰੀਬ ਡਾਕਟਰ ਹਰਨਾਮ ਸਿੰਘ ਦੇ ਘਰ ਤੇ ਕੀਤੇ ਅੱਤਵਾਦੀਆਂ ਦੇ ਹਮਲੇ ਵਿੱਚ ਮਾਰੀ ਗਈ ਗੁਰਪ੍ਰੀਤ ਕੌਰ ਮੇਰੀ ਸਕੀ ਸਾਲੀ ਸੀ ਉਸ ਦਾ ਪਤੀ ਐਡਵੋਕੇਟ ਖ਼ੁਸ਼ਦੇਵ ਸਿੰਘ ਮੇਰਾ ਸਕਾ ਸਾਂਢੂ ਸੀ ਅਤੇ ਤੀਜਾ ਮ੍ਰਿਤਕ, ਡਾਕਟਰ ਹਰਨਾਮ ਸਿੰਘ ਪਤਨੀ ਜਸਵੰਤ ਕੌਰ ਦਾ ਭਤੀਜਾ ਸੀ. ਆਪਣੇ ਪਤੀ ਨੂੰ ਬਚਾਉਣ ਲਈ ਅੱਗੇ ਆਈ ਗੁਰਪ੍ਰੀਤ ਕੌਰ ਦੇ ਸਰੀਰ ਚ AK 47 ਦੀਆਂ 24 ਗੋਲੀਆਂ ਲੱਗੀਆਂ ਮਿਲੀਆਂ ਸਨ.
ਇਸ ਹਮਲੇ ਤੋਂ ਤਿੰਨ ਕੁ ਸਾਲ ਪਹਿਲਾਂ ਹੀ ਉਨ੍ਹਾਂ ਦਾ ਅਸੀਂ ਵਿਆਹ ਕੀਤਾ ਸੀ ਉਨ੍ਹਾਂ ਦੀ 2 ਸਾਲ ਦੀ ਬੱਚੀ ਸੀ ਜੋ ਕਮਰੇ ਚ ਹੋਣ ਕਰਕੇ ਬਚ ਗਈ ਸੀ. ਗੋਲੀਆਂ ਨਾਲ ਜ਼ਖ਼ਮੀ ਹੋਏ ਡਾਕਟਰ ਹਰਨਾਮ ਸਿੰਘ ਅਤੇ ਉਹਨਾਂ ਦੀ ਪਤਨੀ ਭਾਵ ਦਾਦਾ ਦਾਦੀ ਨੇ ਬਾਅਦ ਵਿੱਚ ਉਸ ਨੂੰ ਪਾਲਿਆ ਅਤੇ ਪੜ੍ਹਾਇਆ ਲਿਖਾਇਆ. ਇਸ ਹਮਲੇ ਦਾ ਮੁੱਖ ਦੋਸ਼ੀ ਦਇਆ ਸਿੰਘ ਨਾਮ ਦਾ ਅੱਤਵਾਦੀ ਸੀ ਜਿਸ ਨੂੰ ਉਮਰ ਕੈਦ ਹੋਈ ਸੀ. ਇੱਕ ਹਮਲਾਵਰ ਤਾਂ ਮੌਕੇ ਤੇ ਹੀ ਮਾਰਿਆ ਗਿਆ ਸੀ ਕਿਉਂਕਿ ਖ਼ੁਸ਼ਦੇਵ ਅਤੇ ਬਾਕੀ ਪਰਿਵਾਰ ਨੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ. ਸ਼ਾਇਦ ਬਾਕੀ 2 ਹਮਲਾਵਰ ਪੁਲਿਸ ਹੱਥੋਂ ਮਾਰੇ ਗਏ ਸਨ। ਬਹਾਦਰੀ ਦਿਖਾਉਣ ਕਰਕੇ ਤਿੰਨਾਂ ਮ੍ਰਿਤਕਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਸੀ ਅਤੇ ਇਸ ਪਰਿਵਾਰ ਨੂੰ ਪੰਜ ਸ਼ੌਰਿਆ ਚੱਕਰ ਅਵਾਰਡ ਦਿੱਤੇ ਗਏ. ਅੱਜ ਤੱਕ ਰਿਕਾਰਡ ਹੈ ਕਿ ਕਿਸੇ ਇੱਕ ਪਰਿਵਾਰ ਨੂੰ ਪੰਜ ਸ਼ੌਰਿਆ ਚੱਕਰ ਮਿਲੇ ਹੋਣ .ਹੁਣ ਤਾਂ ਡਾਕਟਰ ਹਰਨਾਮ ਸਿੰਘ ਅਤੇ ਉਹਨਾਂ ਦੀ ਪਤਨੀ ਦੀ ਅਕਾਲ ਚਲਾਣਾ ਕਰ ਚੁੱਕੇ ਹਨ.
ਸਾਡੇ ਪਰਿਵਾਰ ਨਾਲ ਦੂਜੀ ਘਟਨਾ ਤਰਨ ਤਾਰਨ ਅਤੇ ਅੰਮ੍ਰਿਤਸਰ ਨਾਲ ਸਬੰਧਿਤ ਹੈ ਜਿੱਥੇ ਮੇਰੀ ਬੀਵੀ ਦੇ ਸਕੇ ਤਾਏ ਦੇ ਪੋਤੇ ਨੂੰ ਦੇ 21 ਸਾਲਾ ਨੌਜਵਾਨ ਲੜਕੇ ਨੂੰ ਤਰਨ ਤਾਰਨ ਪੁਲਿਸ ਨੇ ਚੁੱਕਿਆ. ਉਸ ਦਾ ਦੋਸ਼ ਇਹ ਲਾਇਆ ਗਿਆ ਕਿ ਉਹ ਆਪਣੇ ਸ਼ੈਲਰ ਤੇ ਖਾੜਕੂਆਂ ਨੂੰ ਪਨਾਹ ਦਿੰਦਾ ਸੀ ਜਾਂ ਉਹਨਾਂ ਨੂੰ ਰੋਟੀ ਪਾਣੀ ਖਵਾਉਂਦਾ ਸੀ. ਪੁਲਿਸ ਹਿਰਾਸਤ ਵਿੱਚ ਸਾਡੇ ਰਿਸ਼ਤੇਦਾਰ ਉਸਨੂੰ ਮਿਲ ਕੇ ਵੀ ਆਏ ਗੱਲਬਾਤ ਕੀਤੀ . ਰਿਹਾਈ ਬਦਲੇ ਮੌਕੇ ਦੇ ਪੁਲਿਸ ਅਫ਼ਸਰਾਂ ਵੱਲੋਂ ਸੌਦੇਬਾਜ਼ੀ ਦੀ ਪੇਸ਼ਕਸ਼ ਵੀ ਹੋਈ ਪਰ ਇਸੇ ਦੌਰਾਨ ਹੀ ਕਿਸੇ ਥਾਂ ਤੇ ਅੱਤਵਾਦੀਆਂ ਨੇ ਕੁਝ ਲੋਕ ਮਾਰ ਦਿੱਤੇ ਤੇ ਇਸ ਦਾ ਜਵਾਬ ਦਿਖਾਉਣ ਲਈ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਸਾਡੇ ਰਿਸ਼ਤੇਦਾਰ ਉਸ ਨੌਜਵਾਨ ਨੂੰ ਵੀ ਖ਼ਤਮ ਕਰ ਦਿੱਤਾ. ਇੱਥੋਂ ਤੱਕ ਕਿ ਲਾਸ਼ ਤੱਕ ਵੀ ਮਾਪਿਆਂ ਨੂੰ ਨਹੀਂ ਦਿੱਤੀ ਗਈ. ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੁਹਾਲਾ ਦੀ ਹੈ ਜਿੱਥੇ ਮੇਰਾ ਸਕਾ ਚਾਚਾ ਰਹਿੰਦਾ ਸੀ ਉਸ ਨੂੰ ਵੀ ਖਾਲਿਸਤਾਨੀ ਗੋਲੀਆਂ ਮਾਰ ਗਏ ਸਨ ਪਰ ਉਹ ਬਚ ਗਿਆ ਸੀ.
ਮੈਂ ਅਤੇ ਮੇਰਾ ਆਪਣਾ ਪਰਿਵਾਰ ਸਿੱਧੇ ਰੂਪ ਵਿੱਚ ਵੀ ਚੰਡੀਗੜ੍ਹ ਰਹਿੰਦੇ ਹੋਏ ਵੀ ਦੋਵਾਂ ਧਿਰਾਂ ਦੇ ਧੱਕੇ ਅਤੇ ਦਾਬੇ ਅਤੇ ਦਹਿਸ਼ਤ ਦਾ ਸ਼ਿਕਾਰ ਰਹੇ ਹਾਂ . ਬਹੁਤ ਵਾਰ ਪੁਲਿਸ ਅਫ਼ਸਰ ਧਮਕੀਆਂ ਦਿੰਦੇ ਰਹੇ, ਪੁਲਿਸ ਕੈਟਾਂ ਹੱਥੋਂ ਮਾਰੇ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ . 1990-91 ਦੇ ਦੌਰ ਵਿੱਚ ਇੱਕ ਵਕਤ ਅਜਿਹਾ ਵੀ ਆਇਆ ਸੀ ਜਦੋਂ ਮੋਹਰੀ ਖਾਲਿਸਤਾਨੀ ਗਰੁੱਪਾਂ ਵੱਲੋਂ ਮੈਨੂੰ ਜਾਨੋਂ ਮਾਰ ਦੇਣ ਦੀ ਸਿੱਧੀ ਅਤੇ ਅਸਲੀ ਧਮਕੀ ਦਿੱਤੀ ਗਈ ਜਿਸ ਦੀ ਪੁਸ਼ਟੀ ਖ਼ੁਦ ਉਸ ਖਾੜਕੂ ਨੇ ਹੀ ਕੀਤੀ ਜੋ ਸਾਨੂੰ ਉਨ੍ਹਾਂ ਦੇ ਪ੍ਰੈੱਸ ਨੋਟ ਦੇਣ ਆਉਂਦਾ ਹੁੰਦਾ ਸੀ. ਜਾਨੀ ਖ਼ਤਰੇ ਨੂੰ ਭਾਂਪਦਿਆਂ ਮੈਨੂੰ ਆਪਣੇ ਪਰਿਵਾਰ ਲਗਭਗ ਇੱਕ ਮਹੀਨਾ ਪੰਜਾਬ ਤੋਂ ਬਾਹਰ ਲੁਕ ਕੇ ਰਹਿਣਾ ਪਿਆ ਸੀ. ਅਜਿਹੀਆਂ ਹੋਰ ਬਹੁਤ ਕਹਾਣੀਆਂ ਹਨ ਪਰ ਪੰਜਾਬ 95 ਪਤਾ ਨਹੀਂ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਅਜੇ ਕੁਝ ਵੀ ਯਕੀਨ ਨਾਲ ਨਹੀਂ ਕਿਹਾ ਜਾਂ ਸਕਦਾ .
16 ਜੂਨ, 2025

-
ਬਲਜੀਤ ਬੱਲੀ, Editor-in Chief, Babushahi Network, Tirchhi Nazar Media
tirshinazar@gmail.com
+-91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.