ਪ੍ਰਾਈਵੇਟ ਕੰਪਨੀ ਦੇ ਮੈਨੇਜਰ ਨਾਲ ਸਾਈਬਰ ਠੱਗਾਂ ਨੇ ਮਾਰੀ 32 ਲੱਖ 15 ਹਜ਼ਾਰ ਦੀ ਠੱਗੀ
ਦੀਪਕ ਜੈਨ
ਜਗਰਾਉਂ, 21 ਮਈ 2025 - ਸਾਈਬਰ ਠੱਗਾਂ ਦੀਆਂ ਗੱਲਾਂ ਵਿੱਚ ਜਿੱਥੇ ਭੋਲੇ ਭਾਲੇ ਲੋਕ ਆ ਕੇ ਆਪਣੀ ਜਮਾਂ ਪੂੰਜੀ ਤੱਕ ਗਵਾ ਲੈਂਦੇ ਹਨ ਉਥੇ ਕਈ ਪੜੇ ਲਿਖੇ ਅਤੇ ਸਮਝਦਾਰ ਲੋਕ ਵੀ ਇਹਨਾਂ ਸਾਈਬਰ ਠੱਗਾਂ ਦੀਆਂ ਚਾਲਾਂ ਵਿੱਚ ਆ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਥਾਣਾ ਸਾਈਬਰ ਕ੍ਰਾਈਮ ਵਿਖੇ ਦਰਜ ਕੀਤਾ ਗਿਆ ਹੈ। ਥਾਣਾ ਸਾਈਬਰ ਕ੍ਰਾਈਮ ਦੇ ਏਐਸਆਈ ਜਗਰੂਪ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਦੀਪ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਗਲੀ ਨੰਬਰ ਇੱਕ ਨਿਊ ਹਰਿੰਦਰਾ ਨਗਰ ਫਰੀਦਕੋਟ ਹਾਲ ਵਾਸੀ ਪਿੰਡ ਜੱਸੋਵਾਲ ਨੇ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਟੈਕ ਡਾਟਾ ਪ੍ਰਾਈਵੇਟ ਕੰਪਨੀ ਵਿੱਚ ਬਤੌਰ ਮੈਨੇਜਰ ਦਾ ਕੰਮ ਕਰਦਾ ਹੈ।
ਬੀਤੀ 27 ਮਾਰਚ ਨੂੰ ਉਸਨੇ ਆਪਣੇ ਮੋਬਾਇਲ ਤੋਂ ਗੂਗਲ ਉੱਤੇ ਸਟੋਕ ਮਾਰਕੀਟ ਵਿੱਚ ਇਨਵੈਸਟਮੈਂਟ ਕਰਨ ਬਾਰੇ ਸਰਚ ਕੀਤਾ ਸੀ। ਜਿਸ ਤੇ ਸਰਚ ਦੌਰਾਨ ਉਸ ਨੂੰ ਕਈ ਲਿੰਕਸ ਨੂੰ ਖੋਲ ਖੋਲ ਕੇ ਚੈੱਕ ਕੀਤਾ। ਜਿਸ ਤੇ ਉਸਨੂੰ ਪਤਾ ਨਹੀਂ ਕਿਹੜੇ ਲਿੰਕ ਨੂੰ ਖੋਲਣ ਕਰਕੇ ਉਸਦੇ ਮੋਬਾਈਲ ਫੋਨ ਵਿੱਚ ਚੱਲ ਰਹੇ ਵਟਸਐਪ ਮੋਬਾਈਲ ਨੰਬਰ ਤੋਂ ਵਟਸਐਪ ਉੱਤੇ ਆਪਣੇ ਆਪ ਇੱਕ ਮੈਸੇਜ ਸੈਂਡ ਹੋ ਗਿਆ। ਜਿਸ ਤੋਂ ਬਾਅਦ ਉਕਤ ਮੋਬਾਇਲ ਚਲਾਉਣ ਵਾਲੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਨੂੰ ਵੈਲ ਸ਼ੇਅਰ ਸਟੋਕ ਵਿੱਚ ਆਪਣਾ ਪੈਸਾ ਇਨਵੈਸਟ ਕਰਨ ਲਈ ਸਲਾਹ ਦਿੱਤੀ ਗਈ ਅਤੇ ਚੰਗੇ ਲਾਭ ਦੇ ਸਬਜਬਾਗ ਦਿਖਾਏ ਗਏ ਅਤੇ ਇਹ ਸਾਈਬਰ ਠੱਗ ਖੁਦ ਨੂੰ ਵੈਂਟਰਾ ਸਕਿਉਰਟੀ ਦੇ ਸੀਆਈਏ ਭਾਰਤ ਮਾਲਾ ਦੱਸ ਕੇ ਨਵਦੀਪ ਨੂੰ ਭਰੋਸੇ ਵਿੱਚ ਲੈ ਲਿੱਤਾ ਅਤੇ ਨਵਦੀਪ ਨੇ ਉਕਤ ਠੱਗ ਵਲੋਂ ਦਿੱਤੇ ਇੱਕ ਹੋਰ ਵਟਸਐਪ ਨੰਬਰ ਤੋਂ ਦੱਸੇ ਮੁਤਾਬਕ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਉਕਤ ਵਿਅਕਤੀ ਨੂੰ ਇਨਵੈਸਟਮੈਂਟ ਦੇ ਨਾਮ ਉੱਤੇ ਅਲੱਗ ਅਲੱਗ ਦੋ ਬੈਂਕ ਖਾਤਿਆਂਵਿੱਚ ਰੁਪਏ ਪਾ ਦਿੱਤੇ ਗਏ। ਉਸ ਅਣਪਛਾਤੇ ਵਿਅਕਤੀ ਨੇ ਕੁੱਲ 32 ਲੱਖ 15 ਹਜਾਰ 445 ਰੁਪਈਏ ਆਪਣੇ ਅਲੱਗ ਅਲੱਗ ਖਾਤਿਆਂ ਵਿੱਚ ਪਵਾ ਲਿੱਤੇ ਅਤੇ ਜਦੋਂ ਨਵਦੀਪ ਨੂੰ ਇਸ ਗੋਰਖ ਧੰਦੇ ਦਾ ਪਤਾ ਲੱਗਿਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਲੁਧਿਆਣਾ ਦਿਹਾਤੀ ਪੁਲਿਸ ਕੋਲ ਕੀਤੀ। ਜਿਸ ਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਤਫਤੀਸ਼ ਕਰਨ ਮਗਰੋਂ ਅਣਪਛਾਤੇ ਸਾਈਬਰ ਠੱਗ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।