ਮਦਨ ਲਾਲ ਬੱਗਾ ਵੱਲੋਂ ਦਾਣਾ ਮੰਡੀ 'ਚ ਵਿਕਾਸ ਕਾਰਜ਼ਾਂ ਦਾ ਉਦਘਾਟਨ
---- ਕਿਹਾ! ਇਸ ਪ੍ਰੋਜੈਕਟ ਤਹਿਤ ਕਰੀਬ 75 ਲੱਖ ਰੁਪਏ ਖਰਚ ਕੀਤੇ ਜਾਣਗੇ
---- ਵਿਧਾਇਕ ਬੱਗਾ ਵੱਲੋਂ ਵਿਧਾਨ ਸਭਾ ਸੈਸ਼ਨ 'ਚ ਦਾਣਾ ਮੰਡੀ ਦੀਆਂ ਸਮੱਸਿਆਵਾਂ ਬਾਰੇ ਚੁੱਕਿਆ ਸੀ ਮੁੱਦਾ
ਸੁਖਮਿੰਦਰ ਭੰਗੂ
ਲੁਧਿਆਣਾ, 20 ਮਈ 2025 - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 1 ਅਧੀਨ ਦਾਣਾ ਮੰਡੀ ਵਿਖੇ ਸੀਵਰੇਜ਼ ਤੇ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ, ਕੌਂਸਲਰ ਰਣਜੀਤ ਸਿੰਘ ਸਿਵੀਆ, ਕੌਂਸਲਰ ਅਮਨ ਬੱਗਾ ਖੁਰਾਣਾ, ਦਾਣਾ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ, ਸਚਿਨ ਅਰੋੜਾ, ਮਨਿੰਦਰ ਅਹੂਜਾ, ਵਿਕਾਸ ਗੋਇਲ ਤੇ ਹੋਰ ਮੌਜੂਦ ਸਨ।
ਵਿਧਾਇਕ ਮਦਨ ਲਾਲ ਬੱਗਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 75 ਲੱਖ ਰੁਪਏ ਖਰਚ ਕੀਤੇ ਜਾਣਗੇ। ਕਾਬਿਲੇਗੌਰ ਹੈ ਕਿ ਅਨਾਜ ਮੰਡੀ ਦਾ ਏਰੀਆ ਪੰਜਾਬ ਮੰਡੀ ਬੋਰਡ ਦੇ ਅਧੀਨ ਪੈਂਦਾ ਹੈ ਅਤੇ ਇਸ ਸਬੰਧੀ ਵਿਧਾਇਕ ਬੱਗਾ ਵੱਲੋਂ ਕਰੀਬ ਦੋ ਮਹੀਨੇ ਪਹਿਲਾਂ ਵਿਧਾਨ ਸਭਾ ਸੈਸ਼ਨ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਨਿਗਮ ਵੱਲੋਂ ਮੰਡੀ ਦੇ ਵਿਕਾਸ ਕਾਰਜ਼ ਨਹੀਂ ਕਰਵਾਏ ਜਾ ਰਹੇ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅਨਾਜ ਮੰਡੀ ਦੇ ਵਿਕਾਸ ਪ੍ਰੋਜੈਕਟ ਨੂੰ ਹਰੀ ਝੰਡੀ ਦਿੰਦਿਆਂ ਗ੍ਰਾਂਟ ਜਾਰੀ ਕਰਵਾਈ ਗਈ ਹੈ।
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।