ਗੁਰਨਾਮ ਸਿੰਘ ਮੈਮੋਰੀਅਲ ਟਰੱਸਟ ਬਣਾ ਕੇ ਨਿੱਜੀ ਤੌਰ ‘ਤੇ ਹਰ ਵਰ੍ਹੇ ਇੱਕ ਕਰੋੜ ਰੁਪਏ ਸਮਾਜ ਸੇਵਾ 'ਤੇ ਖਰਚੇ ਜਾਣਗੇ : ਸੈਣੀ
- ਹਲਕੇ 'ਚ ਸਿੱਖਿਆ ਤੇ ਸਿਹਤ ਨੂੰ ਦੇਵਾਂਗਾ ਅਹਿਮੀਅਤ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਮਈ 2025: ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ ਮਸ਼ਹੂਰ ਸਮਾਜਸੇਵੀ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਲਾਲੜੂ ਖੇਤਰ ਦੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਦੌਰਾਨ ਆਪਣਾ ਆਉਣ ਵਾਲੇ ਸਮੇਂ ਦਾ ਨਜ਼ਰੀਆ ਸਪੱਸ਼ਟ ਕੀਤਾ ਗਿਆ। ਭਾਜਪਾ ਵਰਕਰਾਂ ਨਾਲ ਪਲੇਠੀ ਮੁਲਾਕਾਤ ਦੌਰਾਨ ਸ੍ਰੀ ਸੈਣੀ ਨੇ ਕਿਹਾ ਕਿ ਉਹ ਆਪਣੇ ਪਿਤਾ ਗੁਰਨਾਮ ਸਿੰਘ ਸੈਣੀ ਦੇ ਨਾਮ ਉਤੇ ਇੱਕ ਮੈਮੋਰੀਅਲ ਟਰੱਸਟ ਬਣਾ ਰਹੇ ਹਨ ਤੇ ਇਸ ਰਾਹੀਂ ਹਰ ਵਰ੍ਹੇ ਉਨ੍ਹਾਂ ਵੱਲੋਂ ਨਿੱਜੀ ਤੌਰ ‘ਤੇ ਹਲਕਾ ਡੇਰਾਬੱਸੀ ਵਿੱਚ ਇੱਕ ਕਰੋੜ ਰੁਪਏ ਵੱਖਰੇ ਤੌਰ ਉਤੇ ਸਮਾਜ ਸੇਵੀ ਕਾਰਜਾਂ ਉਪਰ ਖਰਚੇ ਜਾਣਗੇ।
ਇਸ ਦੇ ਨਾਲ ਹੀ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਨਣ ਉਤੇ ਉਹ ਇਸ ਹਲਕੇ ਵਿੱਚ ਆਪਣੇ ਪਰਿਵਾਰ ਵਾਂਗ ਸਿਹਤ ਅਤੇ ਸਿੱਖਿਆ ਖੇਤਰ ਨੂੰ ਅਹਿਮੀਅਤ ਦਿਵਾਉਣਗੇ ਅਤੇ ਡੇਰਾਬੱਸੀ ਤੇ ਲਾਲੜੂ ਦੇ ਸਰਕਾਰੀ ਹਸਪਤਾਲਾਂ ਤੇ ਸਕੂਲਾਂ ਵਿਚ ਵੱਡੇ ਸੁਧਾਰ ਕਰਵਾਏ ਜਾਣਗੇ । ਪੀਣ ਵਾਲੇ ਪਾਣੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਲਕੇ ਦੀ ਇਸ ਸਮੱਸਿਆ ਬਾਰੇ ਪੂਰੀ ਤਰ੍ਹਾਂ ਜਾਣੂ ਹਨ ਤੇ ਟਿਊਬਵੈਲ ਲਗਾਉਣ ਵਾਲੇ ਖੇਤਰ ਦਾ ਤਜਰਬਾ ਹੋਣ ਕਾਰਨ ਉਹ ਹਲਕੇ ਦੇ ਹਰ ਪਿੰਡ ਵਿੱਚ ਸਾਫ ਤੇ ਸ਼ੁੱਧ ਪਾਣੀ ਪਹੁੰਚਾਉਣ ਦਾ ਯਤਨ ਕਰਨਗੇ।
ਕਿਸਾਨੀ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਫਸਲਾਂ ਉੱਤੇ ਖੁੱਦ ਘੱਟੋ ਘੱਟ ਖਰੀਦ ਕੀਮਤ (ਐਮਐਸਪੀ) ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਪੰਜਾਬ ਵਿੱਚ ਸਰਕਾਰ ਆਉਣ ਉਤੇ ਇੱਥੇ ਦੇ ਕਿਸਾਨਾਂ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੁਸ਼ਪਿੰਦਰ ਮਹਿਤਾ, ਓਮਵੀਰ ਰਾਣਾ, ਗੁਲਜਾਰ ਸਿੰਘ ਟਿਵਾਣਾ, ਸੰਨਤ ਭਾਰਦਵਾਜ, ਰਵਿੰਦਰ ਬਲਟਾਣਾ, ਹਰਪ੍ਰੀਤ ਸਿੰਘ ਟਿੰਕੂ, ਗੁਰਮੀਤ ਟਿਵਾਣਾ, ਜੈਲਦਾਰ ਅਮਰਿੰਦਰ ਰਾਣਾ , ਸਾਬਕਾ ਪੰਚ ਦੀਪਕ ਰਾਣਾ, ਓਮਵੀਰ ਨੰਬਰਦਾਰ ਭੁੱਖੜੀ ਤੇ ਕਾਲਾ ਨੰਬਰਦਾਰ ਭੁੱਖੜੀ ਆਦਿ ਵੀ ਹਾਜ਼ਰ ਸਨ।