ਸਰੱਬਤ ਦਾ ਭਲਾ ਟਰੱਸਟ ਨੇ ਅਜਨਾਲਾ ਦੇ ਹੜ੍ਹ ਪੀੜਤਾਂ ਨੂੰ 20 ਟਨ ਪਸ਼ੂ-ਚਾਰਾ ਵੰਡਿਆ
- ਐਨ.ਆਰ.ਆਈ. ਭਰਾ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ : ਡਾ.ਉਬਰਾਏ
ਅਜਨਾਲਾ/ਅੰਮ੍ਰਿਤਸਰ,31 ਅਗਸਤ 2025 - ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ.ਸਿੰਘ ਓਬਰਾਏ ਵੱਲੋਂ ਭੇਜਿਆ ਗਿਆ 20 ਟਨ ਪਸ਼ੂ-ਚਾਰਾ ਅੱਜ ਅਜਨਾਲਾ ਖੇਤਰ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ ਵੰਡਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ. ਓਬਰਾਏ ਨੇ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਹੀ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਇਸ ਲਈ ਸਾਡਾ ਸਾਰਿਆਂ ਦਾ ਖਾਸ ਕਰਕੇ ਐਨਆਰਆਈ ਭਰਾਵਾਂ ਦਾ ਵੱਡਾ ਫਰਜ਼ ਬਣਦਾ ਹੈ ਕਿ ਅਸੀਂ ਹੜ੍ਹ ਤੋਂ ਪ੍ਰਭਾਵਿਤ ਆਪਣੇ ਲੋਕਾਂ ਦੀ ਮਦਦ ਲਈ ਅੱਗੇ ਆਈਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸਮੁੱਚੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਆਪਣੀਆਂ ਸੇਵਾ ਕਾਰਜ ਨਿਰੰਤਰ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਹੀ ਅੱਜ ਉਨ੍ਹਾਂ ਦੀ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਚਮਿਆਰੀ ਦੀ ਮੌਜੂਦਗੀ ਵਿਚ ਰਮਦਾਸ, ਚਮਿਆਰੀ, ਜੱਸੜ, ਗੱਗੋਮਾਹਲ, ਮੰਦਰਾਂਵਾਲੀ, ਧੰਗਈ, ਸਿੰਘੋਕੇ, ਨਵਾਂ ਪਿੰਡ, ਹਰੜ ਕਲਾਂ, ਹਰੜ ਖੁਰਦ ਤੇ ਅਜਨਾਲਾ ਆਦਿ ਸਮੇਤ ਹੋਰਨਾਂ ਪਿੰਡਾਂ ਦੇ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਵਰ੍ਹਦੇ ਮੀਂਹ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਬਿਹਤਰ ਹੋਣ ਤੱਕ ਉਹ ਪ੍ਰਸ਼ਾਸਨ ਤੇ ਲੋਕਾਂ ਨੂੰ ਹਰ ਪੱਖ ਤੋਂ ਸਹਿਯੋਗ ਦੇਣਗੇ।
ਇਸ ਦੌਰਾਨ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਪਸ਼ੂਆਂ ਚਾਰਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਵੱਲੋਂ ਡਾ. ਉਬਰਾਏ ਦਾ ਇਸ ਔਖੀ ਘੜੀ ਵੇਲੇ ਉਨ੍ਹਾਂ ਦੀ ਮਦਦ ਕਰਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ, ਸਲਾਹਕਾਰ ਸੁਖਦੀਪ ਸਿੱਧੂ, ਨਵਜੀਤ ਸਿੰਘ ਘਈ, ਜਗਦੇਵ ਸਿੰਘ ਤੋਂ ਇਲਾਵਾ ਕਸਬਾ ਚਮਿਆਰੀ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਵੜੈਚ, ਗੁਰਵਿੰਦਰ ਸਿੰਘ ਕਾਹਲੋਂ, ਪ੍ਰਭਦੀਪ ਸਿੰਘ ਸੋਹਲ, ਸਾਬਕਾ ਸਰਪੰਚ ਸੁਖਰਾਜ ਸਿੰਘ ਹਰੜ ਕਲਾਂ, ਸਰਪੰਚ ਹਰਜਿੰਦਰ ਸਿੰਘ ਸਿੰਘੋਕੇ, ਮੈਂਬਰ ਪੰਚਾਇਤ ਜਸਪਾਲ ਸਿੰਘ ਸਿੰਘੋਕੇ, ਹਰਪ੍ਰੀਤ ਸਿੰਘ ਹਰੜ ਖੁਰਦ ਆਦਿ ਮੌਜੂਦ ਸਨ।