ਛੁੱਟੀਆਂ ਮਨਾਉਣ ਗਏ ਸੀ ਵਕੀਲ, ਪਿੱਛੋਂ ਚੋਰਾਂ ਨੇ ਕਰ'ਤਾ ਵੱਡਾ ਕਾਰਾ
ਬੇਖੌਫ ਚੋਰਾਂ ਨੇ ਨਹੀਂ ਬਖਸ਼ਿਆ ਸੁਲਤਾਨਪੁਰ ਲੋਧੀ ਦਾ ਨਿਆਂਇਕ ਕੰਪਲੈਕਸ
ਵੱਖ-ਵੱਖ ਵਕੀਲਾਂ ਦੇ ਕਰੀਬ 10 ਚੈਂਬਰਾਂ ਚ ਲਗੇ AC'ਆਂ ਦਾ ਸਾਮਾਨ ਚੋਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਜੂਨ 2025- ਸੁਲਤਾਨਪੁਰ ਲੋਧੀ ਇਲਾਕੇ ਚ ਸਰਗਰਮ ਹੋਏ ਚੋਰ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਹਨ। ਜਿਸ ਦੇ ਚਲਦਿਆਂ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਦੇ ਹੱਥ ਇਹਨਾਂ ਚੋਰਾਂ ਦੇ ਤੱਕ ਪਹੁੰਚਣ ਵਿੱਚ ਨਾ ਕਾਮਯਾਬ ਸਾਬਤ ਹੋ ਰਹੇ ਹਨ। ਚੋਰ ਪਹਿਲਾਂ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪਰ ਹੁਣ ਇਹਨਾਂ ਬੇਖੌਫ ਚੋਰਾਂ ਨੇ ਛੁੱਟੀਆਂ ਮਨਾਉਣ ਗਏ ਵਕੀਲਾਂ ਨੂੰ ਵੀ ਨਹੀਂ ਬਖਸ਼ਿਆ।
ਜ਼ਿਕਰਯੋਗ ਹੈ ਕਿ 15 ਜੂਨ ਤੋਂ ਨਿਆਂਇਕ ਕੰਪਲੈਕਸ ਵਿਖੇ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਸਨ। ਅਜੇ ਵਕੀਲ ਸਾਹਿਬਾਨ ਛੁੱਟੀਆਂ ਮਨਾਉਣ ਲਈ ਕਿਧਰੇ ਰਵਾਨਾ ਹੋਣ ਦੀਆਂ ਵਿਉਂਤਾਂ ਹੀ ਬਣਾ ਰਹੇ ਸਨ ਕਿ ਪਹਿਲੇ ਦਿਨ ਹੀ ਇਸ ਗੱਲ ਦਾ ਫਾਇਦਾ ਚੁੱਕਦਿਆਂ ਹੋਇਆਂ ਬੇਖੌਫ ਚੋਰਾਂ ਵੱਲੋਂ ਨਿਆਂਇਕ ਕੰਪਲੈਕਸ ਨੂੰ ਨਿਸ਼ਾਨਾ ਬਣਾਉਂਦਿਆਂ ਇੱਥੇ ਵੱਖ-ਵੱਖ ਵਕੀਲਾਂ ਦੇ ਚੈਂਬਰਾਂ ਵਿੱਚ ਲੱਗੇ ਏਅਰ ਕੰਡੀਸ਼ਨਰਾਂ ਦਾ ਸਮਾਨ ਚੋਰੀ ਕਰ ਲਿਆ ਗਿਆ।
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਸੰਧਾ ਦੇ ਅਨੁਸਾਰ ਇਹਨਾਂ ਚੋਰਾਂ ਵੱਲੋਂ ਕਰੀਬ 10 ਏਸੀਆਂ ਦੀਆਂ ਕਾਪਰ ਪਾਈਪਾਂ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ ਹੈ। ਜਿਸ ਦਾ ਨੋਟਿਸ ਲੈਂਦਿਆਂ ਹੋਇਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਸੰਧਾ ਵੱਲੋਂ ਲਿਖਤ ਸ਼ਿਕਾਇਤ ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਸੁਲਤਾਨਪੁਰ ਲੋਧੀ ਇੰਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਜਲਦ ਹੀ ਚੋਰ ਸਲਾਖਾਂ ਦੇ ਪਿੱਛੇ ਹੋਣਗੇ। ਜਾਂਚ ਆਰੰਭ ਦਿੱਤੀ ਗਈ ਹੈ।