Babushahi Special- ਪੁਲਿਸ ਨੂੰ ਸ਼ੱਕ: ਕਤਲ ਤੋਂ ਪਹਿਲਾਂ ਭਾਬੀ ਕਮਲ ਕੌਰ ਨਾਲ ਹੋਇਆ ਬਲਾਤਕਾਰ- ਜਾਂਚ ਲਈ ਭੇਜੇ ਸੈਂਪਲ
ਅਸ਼ੋਕ ਵਰਮਾ
ਬਠਿੰਡਾ, 15 ਜੂਨ 2025 : ਕੀ ਇਟਰਨੈਟ ਮੀਡੀਆ ਤੇ ਵਿਵਾਦਿਤ ਅਤੇ ਅਸ਼ਲੀਲ ਰੀਲਾਂ ਅਪਲੋਡ ਕਰਨ ਵਾਲੀ ਲੁਧਿਆਣਾ ਦੀ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਦੇ ਕਤਲ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਬਾਅਦ ’ਚ ਗਲ ਘੁੱਟਕੇ ਉਸ ਦੀ ਹੱਤਿਆ ਕਰ ਦਿੱਤੀ ਗਈ? ਪਿਛਲੇ ਦੋ ਤਿੰਨ ਦਿਨਾਂ ਦੌਰਾਨ ਸੋਸ਼ਲ ਮੀਡੀਆ ਤੇ ਕੁੱਝ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ ਜਿੰਨ੍ਹਾਂ ’ਚ ਇਹ ਦਾਅਵਾ ਕੀਤਾ ਜਾ ਰਿਹਾ ਹੈ।
ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਅਜਿਹੇ ਮਸਲਿਆਂ ਤੇ ਟਿੱਪਣੀਆਂ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਤਾਂ ਇਹ ਗੱਲ ਉੱਭਰਵੇਂ ਰੂਪ ’ਚ ਕੀਤੀ ਜਾ ਰਹੀ ਹੈ। ਜਾਂਚ ਨਾਲ ਜੁੜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਤਫਤੀਸ਼ ਦੌਰਾਨ ਫਿਲਹਾਲ ਅਜਿਹੀ ਕਿਸੇ ਵੀ ਗੱਲ ਸਾਹਮਣੇ ਨਹੀਂ ਆਈ ਹੈ ਫਿਰ ਵੀ ਮਾਮਲੇ ਦੇ ਹਰ ਪਹਿਲੂ ਨੂੰ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸ਼ੱਕ ਨੂੰ ਦੂਰ ਕਰਨ ਲਈ ਮ੍ਰਿਤਕਾ ਦੇ ਸੈਂਪਲ ਜਾਂਚ ਦੇ ਮੰਤਵ ਨਾਲ ਖਰੜ ਅਤੇ ਫਰੀਦਕੋਟ ਦੀਆਂ ਲਿਬਾਰਟਰੀਆਂ ਨੂੰ ਭੇਜੇ ਗਏ ਹਨ। ਇਸ ਦੇ ਨਾਲ ਹੀ ਪੋਸਟਮਾਰਟਮ ਰਿਪੋਰਟ ਦਾ ਇੰਤਜਾਰ ਕੀਤਾ ਜਾ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਇੰਨ੍ਹਾਂ ਦਾਅਵਿਆਂ ਦੀ ਸਚਾਈ ਸਾਹਮਣੇ ਆ ਜਾਏਗੀ। ਉਨ੍ਹਾਂ ਦੱਸਿਆ ਕਿ ਜੇਕਰ ਇਹ ਤੱਥ ਸੱਚ ਸਾਬਤ ਹੁੰਦੇ ਹਨ ਤਾਂ ਮੁਲਜਮਾਂ ਖਿਲਾਫ ਕਤਲ ਦੀਆਂ ਧਾਰਾਵਾਂ ਦੇ ਨਾਲ ਨਾਲ ਹੋਰ ਧਾਰਾ ਜੋੜ ਨਾਲ ਵਾਧਾ ਜੁਰਮ ਕੀਤਾ ਜਾਏਗਾ।
ਓਧਰ ਇਸ ਮਾਮਲੇ ’ਚ ਪੁਲਿਸ ਵੱਲੋਂ ਬਣਾਏ ਮੁਲਜਮਾਂ ਦਾ ਕਹਿਣਾ ਹੈ ਕਿ ਲੱਚਰਤਾ ਫੈਲਾਉਣ ਵਾਲਿਆਂ ਦਾ ਹਾਲ ਕਮਲ ਭਾਬੀ ਵਰਗਾ ਕੀਤਾ ਜਾਏਗਾ। ਸੋਸ਼ਲ ਮੀਡੀਆ ਤੇ ਏਦਾਂ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਤਰਾਜਯੋਗ ਵੀਡੀਓ ਆਦਿ ਪਾਉਣ ਵਾਲਿਆਂ ’ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਜਿੰਨ੍ਹਾਂ ਚੋਂ ਕਈਆਂ ਨੇ ਤਾਂ ਮੁਆਫੀ ਮੰਗ ਲਈ ਹੈ।
ਇਸ ਮਾਮਲੇ ਵਿੱਚ ਰਣਜੀਤ ਸਿੰਘ ਨਾਮੀ ਵਿਅਕਤੀ ਸਮੇਤ ਇੱਕ ਹੋਰ ਅਣਪਛਾਤੇ ਦਾ ਵੀ ਇਸ ਕਤਲ ਮਾਮਲੇ ’ਚ ਹੱਥ ਸਾਹਮਣੇ ਆਇਆ ਹੈ। ਹਾਲਾਂਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਸਮੇਤ ਇਸ ਕਤਲ ਮਾਮਲੇ ਦੀ ਤਹਿ ਤੱਕ ਜਾਣ ਲਈ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੇ ਸੱਤ ਟੀਮਾਂ ਬਣਾਈਆਂ ਹਨ ਜਿੰਨ੍ਹਾਂ ਨੇ ਇਸ ਆਪਰੇਸ਼ਨ ਨੂੰ ਨੇਪਰੇ ਚਾੜ੍ਹਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।
ਇੰਨ੍ਹਾਂ ਪੁਲਿਸ ਟੀਮਾਂ ਵਿੱਚ ਥਾਣਾ ਕੈਂਟ ਪੁਲਿਸ, ਸੀਆਈਏ ਵਨ ਤੇ ਸੀਆਈਏ 2 ਦੇ ਨਾਲ ਟੈਕਨੀਕਲ ਤੇ ਸਾਈਬਰ ਸੈਲ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਇਸ ਕਤਲ ਕੇਸ ’ਚ ਗ੍ਰਿਫਤਾਰ ਦੋਵਾਂ ਮੁਲਜਮਾਂ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਕੰਚਨ ਆਪਣਾ ਨਾਮ ਕਮਲ ਕੌਰ ਰੱਖਕੇ ਪੰਜਾਬ ਦੀ ਜੁਆਨੀ ਨੂੰ ਕੁਰਾਹੇ ਪਾ ਰਹੀ ਸੀ ਜਿਸ ਨੂੰ ਪਹਿਲਾਂ ਸਮਝਾਇਆ ਸੀ ਪਰ ਜਦੋਂ ਉਹ ਨਾਂ ਮੰਨੀ ਤਾਂ ਕਾਰ ਬਹਾਨੇ ਉਸ ਨੂੰ ਬਠਿੰਡਾ ਲਿਆਂਦਾ ਅਤੇ ਗਲ ਘੁੱਟ ਦਿੱਤਾ।
ਪੋਸਟਮਾਰਟਮ ਰਿਪੋਰਟ ਪਿੱਛੋਂ ਸਾਫ
ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਪੁਲਿਸ ਨੂੰ ਕੰਚਨ ਕੁਮਾਰੀ ਦੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ ਜਿਸ ਤੋਂ ਕਾਫੀ ਕੁੱਝ ਸਪਸ਼ਟ ਹੋ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਬਲਾਤਕਾਰ ਦੀ ਗੱਲ ਸਾਹਮਣੇ ਆਈ ਤਾਂ ਉਸ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ।
ਮੌਤ ਪਿੱਛੋਂ ਵੀ ਮਕਬੂਲੀਅਤ ਵਧੀ
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ, ਜੋ ਲੋਕਾਂ ਵਿਚ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਸੀ, ਦੇ ਕਤਲ ਤੋਂ ਬਾਅਦ ਉਸ ਦੀ ਆਨਲਾਈਨ ਮਕਬੂਲੀਅਤ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ। ਪਿਛਲੇ ਦੋ ਦਿਨਾਂ ਦੌਰਾਨ ਉਸ ਦੇ ਇੰਸਟਾਗ੍ਰਾਮ ਅਕਾਊਂਟ ਤੇ ਪ੍ਰਸ਼ੰਸਕਾਂ ਦੀ ਗਿਣਤੀ 3.83 ਲੱਖ ਤੋਂ ਵੱਧ ਕੇ 4.22 ਲੱਖ ਹੋ ਗਈ ਹੈ। ਕੰਚਨ ਕੁਮਾਰੀ ਦੇ ਵੈਰੀਫਾਈਡ ਫੇਸਬੁੱਕ ਅਕਾਊਂਟ ਤੇ ਫਾਲੋਅਰਜ਼ ਦੀ ਗਿਣਤੀ 7.89 ਲੱਖ ਹੈ ਜਦੋਂਕਿ ਯੂਟਿਊਬ ਚੈਨਲ ਤੇ ਵੀ ਉਸ ਦੇ ਸਬਸਕ੍ਰਾਈਬਰ ਵਧੇ ਹਨ। ਕੰਚਨ ਕੁਮਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ‘ਲੱਚਰ ਤੇੇ ਭੱਦੀ ਸ਼ਬਦਾਵਲੀ’ ਵਾਲਾ ਮਸਾਲਾ ਪਾਉਂਦੀ ਸੀ। ਪੁਲਿਸ ਦਾ ਵੀ ਇਹੋ ਕਹਿਣਾ ਹੈ ਕਿ ਕਾਤਲਾਂ ਨੂੰ ਰੰਜ ਸੀ ਕਿ ਕੰਚਨ ਕੁਮਾਰੀ ਸੋਸ਼ਲ ਮੀਡੀਆ ’ਤੇ ਲੱਚਰਤਾ ਪਰੋਸ ਰਹੀ ਸੀ ਜਿਸ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ।
ਇੰਜ ਹੋਈ ਕਮਲ ਭਾਬੀ ਦੀ ਹੱਤਿਆ
ਐਸਐਸਪੀ ਬਠਿੰਡਾ ਅਨੁਸਾਰ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਨੂੰ ਕਾਰ ਪ੍ਰਮੋਸ਼ਨ ਬਹਾਨੇ ਜਸਪ੍ਰੀਤ ਸਿੰਘ ਅਤੇ ਨਿਮਰਜੀਤ ਸਿੰਘ ਬਠਿੰਡਾ ਲਿਆਏ ਸਨ ਜਿੱਥੇ ਉਨ੍ਹਾਂ ਨੇ ਕੰਚਨ ਦੀ ਇਓਨ ਕਾਰ ਮੁਰੰਮਤ ਲਈ ਇੱਕ ਗੈਰਾਜ ਵਿੱਚ ਲਾ ਦਿੱਤੀ ਜੋ ਦੇਰ ਰਾਤ ਤੱਕ ਠੀਕ ਹੋਈ। ਗੱਡੀ ਠੀਕ ਹੋਣ ਤੋਂ ਬਾਅਦ ਉਹ ਕੰਚਨ ਨੂੰ ਆਪਣੇ ਨਾਲ ਲੈ ਗਏ ਅਤੇ ਸੁੰਨਸਾਨ ਥਾਂ ਤੇ ਲਿਜਾਕੇ ਉਸ ਦਾ ਉਦੋਂ ਤੱਕ ਗਲ ਘੁੱਟਿਆ ਗਿਆ ਜਦੋਂ ਤੱਕ ਉਸ ਦੀ ਮੌਤ ਨੂੰ ਹੋ ਗਈ। ਮੁਲਾਜਮਾਂ ਨੇ ਕੰਚਨ ਕੁਮਾਰੀ ਦੀ ਲਾਸ਼ ਨੂੰ ਉਸੇ ਦੀ ਕਾਰ ਵਿੱਚ ਰੱਖ ਲਿਆ ਜਿਸ ਨੂੰ ਆਦੇਸ਼ ਹਸਪਤਾਲ ਦੇ ਨਜ਼ਦੀਕ ਪਾਰਕਿੰਗ ’ਚ ਪਾਰਕ ਕਰਕੇ ਫਰਾਰ ਹੋ ਗਏ। ਬਠਿੰਡਾ ਪੁਲਿਸ ਨੇ ਤਫਤੀਸ਼ ਦੌਰਾਨ ਜਸਪ੍ਰੀਤ ਸਿੰਘ ਅਤੇ ਨਿਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।